ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦੇ 29ਵਾਂ ਯਾਦਗਾਰੀ ਸਮਾਗਮ ਦੇ ਸਬੰਧ ਵਿੱਚ ਵਿਚਾਰ ਵਟਾਂਦਰਾ
ਅਸ਼ੋਕ ਵਰਮਾ
ਬਰਨਾਲਾ, 26 ਜੁਲਾਈ 2026 : ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦਾ 29ਵਾਂ ਯਾਦਗਾਰੀ ਸਮਾਗਮ 12 ਅਗਸਤ ਮੰਡੀ ਮਹਿਲਕਲਾਂ ਵਿਖੇ ਇਨਕਲਾਬੀ ਜੋਸ਼ ਨਾਲ ਮਨਾਉਣ ਦੀਆਂ ਤਿਆਰੀਆਂ ਲਈ ਸਿਆਸੀ ਚੇਤੰਨ ਕਾਰਕੁੰਨਾਂ ਵੱਲੋਂ ਗੰਭੀਰ ਵਿਚਾਰ ਚਰਚਾ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਇਸ ਵਿਚਾਰ ਚਰਚਾ ਨੂੰ ਸ਼ੁਰੂ ਕਰਦਿਆਂ ਡਾ ਰਜਿੰਦਰ ਪਾਲ ਨੇ ਕਿਹਾ ਕਿ ਲੱਖਾਂ ਲੋਕਾਂ ਦੀ ਸਰਗਰਮ ਸ਼ਮੂਲੀਅਤ ਕਾਰਨ 'ਜ਼ਬਰ ਜ਼ੁਲਮ ਖਿਲਾਫ਼ ਲੋਕ ਟਾਕਰੇ ਦਾ ਐਲਾਨਨਾਮਾ ਮਹਿਲਕਲਾਂ ਲੋਕ ਘੋਲ' 29ਵੇਂ ਸਾਲ ਵਿੱਚ ਦਾਖ਼ਲ ਹੋ ਗਿਆ ਹੈ। ਇਹ ਲੋਕ ਘੋਲ ਅਨੇਕਾਂ ਮੋੜਾਂ ਘੋੜਾਂ ਨੂੰ ਸਰ ਕਰਦਾ ਹੋਇਆ ਵਿਗਿਆਨਕ ਵਿਚਾਰਧਾਰਾ ਅਤੇ ਦਰੁਸਤ ਅਗਵਾਈ ਸਦਕਾ ਨਵੀਆਂ ਪੁਲਾਂਘਾਂ ਪੁੱਟ ਰਿਹਾ ਹੈ। ਇਹ ਮਹਿਲਕਲਾਂ ਲੋਕ ਘੋਲ ਦਾ ਹਕੀਕੀ ਵਿਗਿਆਨ ਹੈ। ਇਸ ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਮਨਜੀਤ ਧਨੇਰ, ਗੁਰਮੀਤ ਸੁਖਪੁਰਾ, ਜਗਰਾਜ ਹਰਦਾਸਪੁਰਾ, ਅਮਰਜੀਤ ਕੌਰ, ਨਰਾਇਣ ਦੱਤ ਨੇ ਕਿਹਾ ਕਿ ਸਾਡੇ ਮੁਲਕ ਵਿੱਚ 11-13 ਸਾਲ ਦੀਆਂ ਬੱਚੀਆਂ ਨੂੰ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਬਣਾਕੇ ਕਤਲ ਕੀਤਾ ਜਾ ਰਿਹਾ ਹੈ ਤਾਂ ਇਸੇ ਸਮੇਂ ਕੌਮਾਂਤਰੀ ਪੱਧਰ 'ਤੇ ਅਮਰੀਕੀ-ਇਜ਼ਰਾਈਲੀ ਧਾੜਵੀਆਂ ਵੱਲੋਂ ਇਰਾਨ ਖਿਲਾਫ਼ ਵਿੱਢੀ ਨਿਹੱਕੀ ਜ਼ੰਗ ਵਿੱਚ ਮੀਨਾਬ ਸਕੂਲ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਹ ਤਸਵੀਰ ਦਾ ਇੱਕ ਪਾਸਾ ਹੈ। ਦੂਜੇ ਪਾਸੇ ਬੱਬਰ ਅਕਾਲੀ ਲਹਿਰ ਦੀ ਅਮੀਰ ਵਿਰਾਸਤ ਸਾਡੇ ਲਈ ਰਾਹ ਦਰਸਾਵਾ ਹੈ। ਇਸ ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਕੁਲਵੀਰ ਸਿੰਘ ਔਲਖ, ਡਾ ਅਮਰਜੀਤ ਸਿੰਘ ਕਾਲਸਾਂ, ਸਤਿੰਦਰਪਾਲ ਸਿੰਘ ਜੱਸੜ ਨੇ ਕਿਹਾ ਕਿ ਅਮਰੀਕੀ-ਇਜ਼ਰਾਈਲੀ ਹਮਲੇ ਦੌਰਾਨ ਮੀਨਾਬ (ਇਰਾਨ) ਵਿੱਚ ਮਾਰੀਆਂ ਗਈਆਂ ਬੱਚੀਆਂ ਅਤੇ ਅਧਿਆਪਕਾਵਾਂ ਨੂੰ ਸਮਰਪਿਤ ਕਰਦਿਆਂ, ਬੱਬਰ ਅਕਾਲੀ ਲਹਿਰ ਦਾ ਸ਼ਤਾਬਦੀ ਵਰ੍ਹਾ ਹੋਣ ਕਰਕੇ ਇਸ ਦੇ ਜੁਝਾਰੂ ਵਿਰਸੇ ਨੂੰ ਬੁਲੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਇਸ ਮੌਕੇ ਆਗੂਆਂ ਪਰਮਜੀਤ ਕੌਰ ਸ਼ਹਿਣਾ, ਗੁਰਦੇਵ ਸਿੰਘ ਮਾਂਗੇਵਾਲ, ਗੁਰਮੇਲ ਸਿੰਘ ਠੁੱਲੀਵਾਲ, ਪ੍ਰੇਮ ਪਾਲ ਕੌਰ,ਨਾਨਕ ਸਿੰਘ ਅਮਲਾ ਸਿੰਘ ਵਾਲਾ, ਪਰਮਜੀਤ ਕੌਰ ਜੋਧਪੁਰ, ਯਾਦਵਿੰਦਰ ਠੀਕਰੀਵਾਲ, ਪਿਸ਼ੌਰਾ ਸਿੰਘ ਹਮੀਦੀ, ਗੁਰਜੰਟ ਸਿੰਘ ਹਮੀਦੀ, ਅਜਮੇਰ ਸਿੰਘ ਕਾਲਸਾਂ ਨੇ ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲਕਲਾਂ ਦੀ ਆਗੂਨੁਮਾ ਵਧਵੀਂ ਮੀਟਿੰਗ 27 ਜੁਲਾਈ ਨੂੰ ਬਾਅਦ ਦੁਪਹਿਰ 2.30 ਵਜੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲਕਲਾਂ ਵਿਖੇ ਰੱਖੀ ਗਈ ਮੀਟਿੰਗ ਵਿੱਚ ਸਮੂਹ ਪਿੰਡ ਇਕਾਈਆਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ। ਸਟੇਜ ਸਕੱਤਰ ਦੇ ਫਰਜ਼ ਸੁਖਵਿੰਦਰ ਠੀਕਰੀਵਾਲਾ ਨੇ ਬਾਖ਼ੂਬੀ ਨਿਭਾਏ।