ਨਵੇਂ ਰਾਸ਼ਨ ਕਾਰਡ ਬਨਾਉਣ ਅਤੇ ਮੌਜੂਦਾ ਰਾਸ਼ਨ ਕਾਰਡਾਂ ਵਿੱਚ ਮੈਂਬਰ ਸ਼ਾਮਲ ਕਰਨ ਲਈ ਮਿਤੀ 22.07.2026 ਤੋਂ 11.08.2026 ਤਕ ਦਿੱਤੀਆਂ ਜਾ ਸਕਦੀਆਂ ਨੇ ਅਰਜ਼ੀਆਂ
ਦਲਜੀਤ ਕੌਰ
ਸੰਗਰੂਰ, 22 ਜੁਲਾਈ, 2026: ਜ਼ਿਲ੍ਹਾ ਕੰਟਰੋਲਰ, ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ, ਗੁਰਪ੍ਰੀਤ ਸਿੰਘ ਕੰਗ ਨੇ ਦੱਸਿਆ ਕਿ ਮੁੱਖ ਮੰਤਰੀ, ਸ੍ਰ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਐਲਾਨ ਅਤੇ ਰਾਜ ਸਰਕਾਰ ਵਲੋਂ ਲਏ ਫੈਸਲੇ ਅਨੁਸਾਰ ਨੈਸ਼ਨਲ ਫੂਡ ਸਿਕਿਊਰਿਟੀ ਐਕਟ, 2013/ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਨਵੇਂ ਰਾਸ਼ਨ ਕਾਰਡ ਬਨਾਉਣ ਅਤੇ ਮੌਜੂਦਾ ਰਾਸ਼ਨ ਕਾਰਡਾਂ ਵਿੱਚ ਮੈਂਬਰ ਸ਼ਾਮਲ ਕਰਨ ਲਈ ਆਨਲਾਇਨ ਅਰਜ਼ੀਆਂ ਪ੍ਰਾਪਤ ਕੀਤੀਆਂ ਜਾਣੀਆਂ ਹਨ।
ਇਸ ਪਹਿਲਕਦਮੀ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਯੋਗ ਪਰਿਵਾਰਾਂ/ਲਾਭਪਾਤਰੀਆਂ ਨੂੰ ਇੱਕ ਪਾਰਦਰਸ਼ੀ, ਨਿਰਪੱਖ ਅਤੇ ਤਕਨਾਲੋਜੀ-ਅਧਾਰਿਤ ਪ੍ਰਕਿਰਿਆ ਰਾਹੀਂ ਸ਼ਾਮਲ ਕੀਤਾ ਜਾਵੇ। ਨਵੇਂ ਰਾਸ਼ਨ ਕਾਰਡ ਬਣਾਉਣ ਜਾਂ ਮੌਜੂਦਾ ਰਾਸ਼ਨ ਕਾਰਡਾਂ ਵਿੱਚ ਮੈਂਬਰ ਸ਼ਾਮਲ ਕਰਨ ਲਈ ਫਾਰਮ - ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿੱਚ ਵਿਭਾਗੀ ਵੈਬਸਾਇਟ - http://foodsuppb.gov.in ਤੋਂ ਡਾਉਨਲੋਡ ਕੀਤੇ ਜਾ ਸਕਦੇ ਹਨ।
ਬਿਨੈਕਾਰ ਫਾਰਮ ਭਰਨ ਤੋਂ ਪਹਿਲਾਂ ਫਾਰਮ ਦੇ ਨਾਲ ਦਿੱਤੀਆਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹਨ ਅਤੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਹੀ ਮੁਕੰਮਲ ਅਰਜ਼ੀ ਜਮ੍ਹਾਂ ਕਰਵਾਉਣ। ਬਿਨੈਕਾਰ ਆਪਣੀਆਂ ਅਰਜ਼ੀਆਂ ਨਜ਼ਦੀਕੀ ਸੇਵਾ ਕੇਂਦਰ / ਕਾਮਨ ਸਰਵਿਸ ਸੈਂਟਰ (CSC) ਜਾ ਕੇ ਅਨਲਾਇਨ ਜਮ੍ਹਾਂ ਕਰਵਾ ਸਕਦਾ ਹੈ।
ਸੇਵਾ ਕੇਂਦਰ/CSC ਰਾਹੀਂ ਅਰਜ਼ੀ ਸਫਲਤਾਪੂਰਵਕ ਜਮ੍ਹਾਂ ਹੋਣ 'ਤੇ ਬਿਨੈਕਾਰ ਨੂੰ 100 ਰੁਪਏ ਪ੍ਰਤੀ ਫਾਰਮ ਪ੍ਰੋਸੈਸਿੰਗ ਫੀਸ ਵੀ ਜਮ੍ਹਾਂ ਕਰਵਾਉਣੀ ਪਵੇਗੀ। ਬਿਨੈਕਾਰ ਆਪਣੀ ਅਰਜ਼ੀ ਖੁੱਦ ਵੀ ਸਿੱਧੇ ਤੌਰ 'ਤੇ https://ercms.punjab.gov.in ਪੋਰਟਲ ਰਾਹੀਂ ਆਨਲਾਈਨ ਜਮ੍ਹਾਂ ਕਰਵਾ ਸਕਦੇ ਹਨ ਅਤੇ ਫਾਰਮ ਆਨਲਾਈਨ ਜਮ੍ਹਾਂ ਕਰਵਾਉਣ ਲਈ ਬਿਨੈਕਾਰ ਨੂੰ ਕੋਈ ਵੀ ਫੀਸ ਨਹੀਂ ਦੇਣੀ ਪਵੇਗੀ।
ਇਸ ਤੋਂ ਇਲਾਵਾ ਬਿਨੈਕਾਰ ਆਪਣਾ ਫਾਰਮ ਸਮੇਤ ਦਸਤਾਵੇਜ਼ ਅਤੇ 100 ਰੁਪਏ ਪ੍ਰਤੀ ਫਾਰਮ ਫੀਸ ਸਬੰਧਤ ਜ਼ਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਦੇ ਜ਼ਿਲ੍ਹਾ ਦਫਤਰ ਵਿਖੇ ਵੀ ਜਮ੍ਹਾਂ ਕਰਵਾ ਸਕਦਾ ਹੈ।
ਫਾਰਮ ਸਫਲਤਾਪੂਰਵਕ ਆਨਲਾਇਨ ਜਮ੍ਹਾਂ ਹੋਣ 'ਤੇ ਬਿਨੈਕਾਰ ਨੂੰ ਉਸਦੇ ਮੋਬਾਇਲ ਨੰਬਰ 'ਤੇ ਫਾਰਮ ਪ੍ਰਾਪਤੀ ਦਾ ਮੈਸਜ ਸਮੇਤ ਰਸੀਦ ਨੰਬਰ ਪ੍ਰਾਪਤ ਹੋਵੇਗਾ।
ਅਰਜ਼ੀਆਂ ਮਿਤੀ 22.07.2026 ਤੋਂ 11.08.2026 ਦੌਰਾਨ ਹੀ ਪ੍ਰਾਪਤ ਕੀਤੀਆਂ ਜਾਣਗੀਆਂ ਅਤੇ ਬਿਨੈਕਾਰ ਕਿਸੇ ਵੀ ਕੰਮਕਾਜ਼ੀ ਦਿਨ ਦੌਰਾਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਆਨਲਾਈਨ ਵਿਧੀ ਰਾਹੀਂ ਸੇਵਾ ਕੇਂਦਰ/ਕਾਮਨ ਸਰਵਿਸ ਸੈਂਟਰ (CSC) 'ਤੇ ਜਾਂ ਆਫਲਾਇਨ ਵਿਧੀ ਰਾਹੀਂ ਜ਼ਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਦੇ ਜ਼ਿਲ੍ਹਾ ਦਫਤਰ ਵਿਖੇ ਜਮ੍ਹਾਂ ਕਰਵਾ ਸਕਦਾ ਹੈ।
ਵਧੇਰੇ ਜਾਣਕਾਰੀ ਲਈ ਬਿਨੈਕਾਰ ਆਪਣੇ ਜ਼ਿਲ੍ਹਾ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਦਫ਼ਤਰ ਜਾਂ ਨਜ਼ਦੀਕੀ ਸੇਵਾ ਕੇਂਦਰ/ ਕਾਮਨ ਸਰਵਿਸ ਸੈਂਟਰ (CSC) ਨਾਲ ਸੰਪਰਕ ਕਰ ਸਕਦੇ ਹਨ।