DC ਬਠਿੰਡਾ ਵੱਲੋਂ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਆਜ਼ਾਦੀ ਦਿਵਸ ਮਨਾਉਣ ਲਈ ਮੀਟਿੰਗ
ਅਸ਼ੋਕ ਵਰਮਾ
ਬਠਿੰਡਾ, 22 ਜੁਲਾਈ 2026 :ਆਜ਼ਾਦੀ ਦਿਹਾੜੇ ਦਾ ਜ਼ਿਲ੍ਹਾ ਪੱਧਰੀ ਸਮਾਗਮ ਸ਼ਾਨੋ-ਸ਼ੌਕਤ ਨਾਲ ਸਥਾਨਕ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਕਰਵਾਇਆ ਜਾਵੇਗਾ। ਇਹ ਜਾਣਕਾਰੀ ਸ਼੍ਰੀ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਬਠਿੰਡਾ ਨੇ ਆਜ਼ਾਦੀ ਦਿਹਾੜੇ ਦੀ ਤਿਆਰੀਆਂ ਸਬੰਧੀ ਬੁਲਾਈ ਗਈ ਬੈਠਕ ਨੂੰ ਸੰਬੋਧਨ ਕਰਦਿਆਂ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਦੇ ਨਾਲ-ਨਾਲ ਸਮਾਗਮ ‘ਚ ਸ਼ਾਨਦਾਰ ਪੁਲਸ ਅਤੇ ਹਥਿਆਰਬੰਦ ਬਲਾਂ ਵੱਲੋਂ ਪਰੇਡ ਪੇਸ਼ ਕੀਤੀ ਜਾਵੇਗੀ। ਨਾਲ ਹੀ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ। ਇਸ ਦੌਰਾਨ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਵੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ ।
ਉਨ੍ਹਾਂ ਹਿਦਾਇਤ ਕੀਤੀ ਕਿ ਸਮਾਗਮ ਵਾਲੇ ਦਿਨ ਅਤੇ ਰਿਹਰਸਲਾਂ ਦੌਰਾਨ ਪਰੇਡ ਅਤੇ ਸੱਭਿਆਚਾਰਕ ਸਮਾਗਮ ਚ ਭਾਗ ਲੈਣ ਵਾਲੇ ਲੋਕਾਂ ਲਈ ਪਾਣੀ ਦਾ ਵਿਸ਼ੇਸ਼ ਪ੍ਰਬੰਧ ਰੱਖਿਆ ਜਾਵੇ। ਇਸ ਤੋਂ ਇਲਾਵਾ ਪੁਲਸ ਨੂੰ ਹਿਦਾਇਤ ਕੀਤੀ ਗਈ ਕਿ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੁਰੱਖਿਆ ਅਤੇ ਟ੍ਰੈਫਿਕ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ। ਇਸ ਤੋਂ ਇਲਾਵਾ ਨਗਰ ਨਿਗਮ ਬਠਿੰਡਾ ਨੂੰ ਸ਼ਹਿਰ ਦੀ ਸਾਫ ਸਫਾਈ, ਜ਼ਿਲ੍ਹਾ ਖੇਡ ਅਫ਼ਸਰ ਨੂੰ ਸਟੇਡੀਅਮ ਦੇ ਰੱਖ-ਰਖਾਵ ਸਬੰਧੀ ਨਿਰਦੇਸ਼ ਦਿੱਤੇ ਗਏ । ਸ਼ਹਿਰ ਵਿਚ ਵੱਖ-ਵੱਖ ਥਾਵਾਂ ਉੱਤੇ ਸਵਾਗਤੀ ਗੇਟ ਲਗਾਏ ਜਾਣੇ ਹਨ ਅਤੇ ਇਨ੍ਹਾਂ ਗੇਟਾਂ ਨੂੰ ਸਜਾਉਣ ਦਾ ਕੰਮ ਵੱਖ-ਵੱਖ ਵਿਭਾਗਾਂ ਨੂੰ ਦਿੱਤਾ ਗਿਆ ਹੈ।
ਇਸ ਮੌਕੇ ਸਹਾਇਕ ਕਮਿਸ਼ਨਰ (ਜ) ਅਤੇ ਉਪ ਮੰਡਲ ਮੈਜਿਸਟਰੇਟ ਮੌੜ ਸ਼੍ਰੀ ਗੁਰਜਿੰਦਰ ਪਾਲ ਸਿੰਘ, ਉਪ ਮੰਡਲ ਮਾਜਿਸਟੇਟ ਬਠਿੰਡਾ ਸ਼੍ਰੀ ਅਮਨਦੀਪ ਸਿੰਘ ਮਾਵੀ, ਜ਼ਿਲ੍ਹਾ ਸਿਹਤ ਅਫਸਰ ਡਾ ਊਸ਼ਾ ਗੋਇਲ, ਡੀ. ਐੱਸ.ਪੀ. ਸ਼੍ਰੀ ਕਰਮਜੀਤ ਸਿੰਘ ਸੰਧਾਂਵਾਲੀਆ, ਜ਼ਿਲ੍ਹਾ ਖੇਡ ਅਫਸਰ ਸ਼੍ਰੀ ਰੁਪਿੰਦਰ ਸਿੰਘ ਬਰਾੜ ਅਤੇ ਹੋਰ ਅਫਸਰ ਅਤੇ ਕਰਮਚਾਰੀ ਆਦਿ ਹਾਜ਼ਰ ਸਨ।