ਮੁੱਖ ਮੰਤਰੀ ਤੀਰਥ ਯਾਤਰਾ ਬੱਸ ਤੇ ਹਮਲਾ
ਕੁਲਵਿੰਦਰ ਸਿੰਘ/ ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ 22ਜੁਲਾਈ
ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ਼ਰਧਾਲੂਆਂ ਨੂੰ ਲੈ ਕੇ ਵਾਘਾ ਬਾਰਡਰ ਤੋਂ ਅੰਮ੍ਰਿਤਸਰ ਪਰਤ ਰਹੀ ਬੱਸ ਦੇ ਡਰਾਈਵਰ 'ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ 21 ਜੁਲਾਈ 2026 ਨੂੰ ਜਦੋਂ ਬੱਸ ਡਿਫੈਂਸ ਡ੍ਰੇਨ ਨੇੜੇ ਪਹੁੰਚੀ ਤਾਂ ਇੱਕ ਸਵਿਫਟ ਡਿਜ਼ਾਇਰ ਕਾਰ ਵਿੱਚ ਸਵਾਰ ਗੁਰਪਿੰਦਰ ਸਿੰਘ ਲਾਲੀ ਅਤੇ ਬਲਜੀਤ ਸਿੰਘ ਸੀਸਾ ਨੇ ਬੱਸ ਦੇ ਅੱਗੇ ਕਾਰ ਲਗਾ ਕੇ ਉਸ ਨੂੰ ਰੋਕ ਲਿਆ।ਡੀਐਸਪੀ ਅਟਾਰੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਦੋਵਾਂ ਵਿਅਕਤੀਆਂ ਦੀ ਬੱਸ ਡਰਾਈਵਰ ਗੁਰਪ੍ਰੀਤ ਸਿੰਘ ਨਾਲ ਬਹਿਸ ਹੋ ਗਈ। ਦੋਸ਼ ਹੈ ਕਿ ਗੁਰਪਿੰਦਰ ਸਿੰਘ ਲਾਲੀ ਨੇ ਆਪਣੀ ਕਾਰ ਵਿੱਚੋਂ ਕਹੀ ਕੱਢ ਕੇ ਡਰਾਈਵਰ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਨ੍ਹਾਂ ਤੋਂ ਇਲਾਵਾ ਬੱਸ ਵਿੱਚ ਸਵਾਰ ਤੀਰਥ ਯਾਤਰੀਆਂ ਨਾਲ ਵੀ ਧੱਕਾ-ਮੁੱਕੀ ਅਤੇ ਖਿੱਚੋਤਾਣ ਕੀਤੀ ਗਈ, ਜਿਸ ਨਾਲ ਮੌਕੇ 'ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮੁਕੱਦਮਾ ਨੰਬਰ 319/26 ਮਿਤੀ 21 ਜੁਲਾਈ 2026 ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਵਾਰਦਾਤ ਵਿੱਚ ਵਰਤੀ ਗਈ ਸਵਿਫਟ ਡਿਜ਼ਾਇਰ ਕਾਰ ਵੀ ਕਬਜ਼ੇ ਵਿੱਚ ਲੈ ਲਈ ਹੈ।
ਡੀਐਸਪੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਘਟਨਾ ਵੇਲੇ ਦੋਵੇਂ ਮੁਲਜ਼ਮਾਂ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਦੀ ਪੁਸ਼ਟੀ ਲਈ ਉਨ੍ਹਾਂ ਦਾ ਮੈਡੀਕਲ ਕਰਵਾਇਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿੰਡ ਦੇ ਸਰਪੰਚ ਅਤੇ ਕਾਂਗਰਸ ਨਾਲ ਸਬੰਧਤ ਕੁਝ ਵਿਅਕਤੀਆਂ ਵੱਲੋਂ ਮੁਲਜ਼ਮਾਂ ਦੀ ਮਦਦ ਕਰਨ ਦੇ ਆਰੋਪ ਸਾਹਮਣੇ ਆਏ ਹਨ। ਪੁਲਿਸ ਇਸ ਪੱਖ ਦੀ ਵੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਕਿ ਇਸ ਦੇ ਪਿੱਛੇ ਕੋਈ ਰਾਜਨੀਤਿਕ ਜਾਂ ਹੋਰ ਕਾਰਨ ਤਾਂ ਨਹੀਂ।
- Download Babushahi App
-
-