ਖੇਤ ਮਜ਼ਦੂਰਾਂ ਵੱਲੋਂ 5 ਅਗਸਤ ਦੀ ਜਲੰਧਰ ਰੈਲੀ ਵਿੱਚ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨ ਦਾ ਐਲਾਨ
ਮੋਦੀ ਹਕੂਮਤ ਵੱਲੋਂ ਦਿੱਲੀ ਵਿਖੇ ਕੀਤੇ ਅੰਨ੍ਹੇ ਜ਼ਬਰ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ
ਅਸ਼ੋਕ ਵਰਮਾ
ਬਠਿੰਡਾ, 22 ਜੁਲਾਈ 2026 : ਅੱਜ ਇੱਥੇ ਟੀਚਰਜ਼ ਹੋਮ ਬਠਿੰਡਾ ਵਿਖੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਜਿਲਾ ਪੱਧਰੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਮਾਸਟਰ ਸੇਵਕ ਸਿੰਘ ਨੇ ਕੀਤੀ l ਅੱਜ ਦੀ ਮੀਟਿੰਗ ਵਿੱਚ ਪਹੁੰਚੇ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਹਾਜ਼ਰ ਸਾਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਅਣਗੌਲਿਆਂ ਕਰਨ ਵਿਰੁੱਧ ਤਿੱਖਾ ਰੋਸ ਪ੍ਰਗਟ ਕਰਨ ਅਤੇ ਰਹਿੰਦੀਆਂ ਗਰੰਟੀਆਂ ਨੂੰ ਪੂਰਾ ਕਰਾਉਣ ਲਈ ਜਲੰਧਰ ਵਿਖੇ 5 ਅਗਸਤ ਨੂੰ ਰੈਲੀ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ l ਉਹਨਾਂ ਕਿਹਾ ਕਿ ਮਜ਼ਦੂਰ ਹੱਕੀ ਮੰਗਾਂ ਨੂੰ ਲਾਗੂ ਕਰਾਉਣ ਲਈ ਆਪਣੇ ਤਿੱਖੇ ਰੋਹ ਦਾ ਪ੍ਰਗਟਾਵਾ ਕਰਨਗੇ l
ਉਹਨਾਂ ਕਿਹਾ ਜੀ ਰਾਮ ਜੀ ਕਾਨੂੰਨ ਨੂੰ ਰੱਦ ਕਰਵਾਕੇ ਮਨਰੇਗਾ ਕਾਨੂੰਨ ਨੂੰ ਲਾਗੂ ਕਰਵਾਉਣ, ਔਰਤਾਂ ਦੇ ਖਾਤਿਆਂ ਵਿੱਚ ਸਾਢੇ ਚਾਰ ਸਾਲਾਂ ਦੇ ਬਕਾਏ ਪਵਾਉਣ, ਮਜ਼ਦੂਰਾਂ ਸਿਰ ਖੜੇ ਮਾਇਕਰੋ ਫਾਇਨਾਸ ਕੰਪਨੀਆਂ ਦੇ ਕਰਜ਼ਿਆਂ ਸਮੇਤ ਕੁੱਲ ਕਰਜੇ ਖਤਮ ਕਰਾਉਣ ਤੇ ਮਜ਼ਦੂਰਾਂ ਨੂੰ ਸਸਤੀਆਂ ਦਰਾਂ ਤੇ ਸਰਕਾਰੀ ਬੈਂਕਾਂ ਤੋਂ ਕਰਜੇ ਦਿਵਾਉਣ, ਪੰਚਾਇਤੀ ਜਮੀਨਾਂ ਵਿੱਚੋਂ ਮਜ਼ਦੂਰਾਂ ਦਾ ਬਣਦਾ ਤੀਜਾ ਹਿੱਸਾ ਉਨਾਂ ਨੂੰ ਠੇਕੇ ਤੇ ਦਿਵਾਉਣ, ਮਜ਼ਦੂਰਾਂ ਨੂੰ 10 ਮਰਲੇ ਦੇ ਪਲਾਟ ਦਿਵਾਉਣ ਅਤੇ ਮਕਾਨ ਬਣਾਉਣ ਲਈ ਪੰਜ ਲੱਖ ਰੁਪਏ ਦੀ ਗਰਾਂਟ ਦਿਵਾਉਣ ਅਤੇ ਵਿਧਵਾ ਬੁਢਾਪਾ ਪੈਨਸ਼ਨ 5000 ਰੁਪਏ ਕਰਵਾਉਣ ਆਦਿ ਮੰਗਾਂ ਲਈ ਇਹ ਰੈਲੀ ਕੀਤੀ ਜਾ ਰਹੀ ਹੈ ।
ਸੂਬਾ ਪ੍ਰਧਾਨ ਨੇ ਭਗਵੰਤ ਮਾਨ ਦੀ ਸਰਕਾਰ ਤੇ ਦੋਸ਼ ਲਾਉਂਦਿਆ ਕਿਹਾ ਕਿ ਮਜ਼ਦੂਰਾਂ ਨੇ ਆਪਣੀਆਂ ਫੌਰੀ ਤੇ ਬੁਨਿਆਦੀ ਮੰਗਾਂ ਖਾਤਰ ਲਗਾਤਾਰ ਸੰਘਰਸ਼ ਕੀਤਾ ਜਿਸ ਸਦਕਾ ਉਹਨਾਂ ਨੂੰ ਪੰਜ ਵਾਰ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਦੀਆਂ ਚਿੱਠੀਆਂ ਵੀ ਜਾਰੀ ਕੀਤੀਆਂ ਗਈਆਂ l ਪਰ ਮੀਟਿੰਗ ਵਿੱਚ ਇੱਕ ਵਾਰ ਵੀ ਮੁੱਖ ਮੰਤਰੀ ਹਾਜ਼ਰ ਨਹੀਂ ਹੋਏ l ਅਜਿਹਾ ਵਿਹਾਹ ਮਜ਼ਦੂਰ ਵਿਰੋਧੀ ਹੋਣ ਦਾ ਸਬੂਤ ਦਿੰਦਾ ਹੈ l ਉਹਨਾਂ ਕਿਹਾ ਕਿ ਹੁਣ ਜਦੋਂ ਵੋਟਾਂ ਸਿਰ ਤੇ ਆ ਗਈਆਂ ਤਾਂ ਭਗਵੰਤ ਮਾਨ ਦੀ ਸਰਕਾਰ ਵੋਟਾਂ ਵਟੋਰਨ ਖਾਤਰ ਔਰਤਾਂ ਦੇ ਖਾਤਿਆਂ ਵਿੱਚ 1000 ਤੇ 1500 ਰੁਪਏ ਪਾਏ ਜਾ ਰਹੇ ਹਨ l ਮਜਦੂਰ ਆਗੂ ਮਨਦੀਪ ਸਿੰਘ ਸਿਬੀਆਂ ਤੇ ਤੀਰਥ ਸਿੰਘ ਕੋਠਾਗੁਰੂ ਨੇ ਕਿਹਾ ਕਿ ਰੈਲੀ ਵਿੱਚ ਵਿਧਵਾ ਬੁਢਾਪਾ ਪੈਨਸ਼ਨ 5000 ਕਰਨ ਤੇ ਉਮਰ ਦੀ ਹੱਦ ਔਰਤਾਂ ਦੀ 55 ਸਾਲ ਅਤੇ ਮਰਦਾਂ ਦੀ 58 ਸਾਲ ਕਰਨ, ਮਜ਼ਦੂਰਾਂ ਸਿਰ ਚੜੇ ਸਾਰੇ ਕਰਜੇ ਮਾਫ ਕਰਨ, ਸੰਘਰਸ਼ਾਂ ਦੌਰਾਨ ਪਏ ਝੂਠੇ ਕੇਸ ਵਾਪਸ ਲੈਣ ਅਤੇ ਜਨਤਕ ਵੰਡ ਪ੍ਰਣਾਲੀ ਰਾਹੀਂ ਲੋੜਵੰਦ ਮਜ਼ਦੂਰਾਂ ਨੂੰ ਰਸੋਈ ਦੀਆਂ ਕੁੱਲ ਲੋੜੀਦੀਆਂ ਵਸਤਾਂ ਸਸਤੀਆਂ ਦੇਣ ਦੀ ਮੰਗ ਵੀ ਉਠਾਈ ਜਾਵਗੀ l
ਉਹਨਾਂ ਨੂੰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਵੱਲ ਹਾਲੇ ਵੀ ਧਿਆਨ ਨਾ ਦਿੱਤਾ ਤਾਂ 5 ਅਗਸਤ ਦੀ ਰੈਲੀ ਦੀ ਰੈਲੀ ਕਰਨ ਉਪਰੰਤ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ l ਉਹਨਾਂ ਸਰਕਾਰ ਤੇ ਦੋਗਲੇਪਣ ਦੀ ਨੀਤੀ ਤੇ ਚੱਲਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਇੱਕ ਪਾਸੇ ਤਾਂ ਇਸ ਪਾਰਟੀ ਦਾ ਕਨਵੀਨਰ ਅਰਵਿੰਦ ਕੇਜਰੀਵਾਲ ਦਿੱਲੀ ਵਿੱਚ ਵਿਦਿਆਰਥੀਆਂ ਤੇ ਕੀਤੇ ਭਾਰਤੀ ਜਨਤਾ ਪਾਰਟੀ ਦੇ ਜਬਰ ਦੀ ਨਿਖੇਧੀ ਕਰਦਾ ਹੈ ਪਰ ਦੂਸਰੇ ਪਾਸੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਹੱਕ ਮੰਗਦੇ ਮਜ਼ਦੂਰਾਂ ਕਿਸਾਨਾਂ ਅਧਿਆਪਕਾਂ ਮਨਰੇਗਾ ਕਾਮਿਆਂ ਉੱਤੇ ਸ਼ਰੇਆਮ ਲਾਠੀਚਾਰਜ ਕਰਕੇ ਹੱਕੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ l ਮੀਟਿੰਗ ਵਿੱਚ ਮੋਦੀ ਸਰਕਾਰ ਵੱਲੋਂ ਵਿਦਿਆਰਥੀਆਂ ਤੇ ਨੌਜਵਾਨਾਂ ਉੱਤੇ ਦਿੱਲੀ ਵਿਖੇ ਕੀਤੇ ਲਾਠੀਚਾਰਜ ਕਰਨ ਦੀ ਜੋਰਦਾਰ ਸ਼ਬਦਾਂ ਚ ਨਿਖੇਧੀ ਕਰਦਿਆਂ ਮੋਦੀ ਸਰਕਾਰ ਨੂੰ ਨੌਜਵਾਨਾਂ ਦੀਆਂ ਮੰਗਾਂ ਮੰਨਣ ਦੀ ਚੇਤਾਵਨੀ ਦਿੱਤੀ ਗਈ । ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਮਾਇਸਰਖਾਨਾ ਗੁਲਾਬ ਸਿੰਘ ਮਾਇਸਰਖਾਨਾ ਪੱਪਾ ਸਿੰਘ ਚੱਠੇਵਾਲਾ ਨਛੱਤਰ ਸਿੰਘ ਚੱਠੇਵਾਲਾ ਜਸਕਰਨ ਸਿੰਘ ਭੀਸੀਆਣਾ ਆਦਿ ਆਗੂ ਵੀ ਸ਼ਾਮਿਲ ਸਨ।