ਡੇਰਾ ਸਿਰਸਾ ਪੈਰੋਕਾਰਾਂ ਦੀ ਪਹਿਲਕਦਮੀ ਸਦਕਾ ਮੁੱਕਿਆ ਸਿਰ ’ਤੇ ਛੱਤ ਨਾਂ ਹੋਣ ਦਾ ਫਿਕਰ
ਅਸ਼ੋਕ ਵਰਮਾ
ਬਠਿੰਡਾ, 28 ਅਪ੍ਰੈਲ 2026: ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੀ ਸਾਧ ਸੰਗਤ ਨੇ ਪਿੰਡ ਜੋਗਾ ਨੰਦ ਵਿਖੇ ਇੱਕ ਜਰੂਰਤਮੰਦ ਪਰਿਵਾਰ ਦੀ ਸਹਾਇਤਾ ਵਜੋਂ ਮਕਾਨ ਬਣਾ ਕੇ ਸੌਂਪਿਆ ਹੈ। ਵੇਰਵਿਆਂ ਮੁਤਾਬਕ ਏਰੀਆ ਸ੍ਰੀ ਗੁਰੂ ਗੋਬਿੰਦ ਸਿੰਘ ਨਗਰ ਵਿੱਚ ਕਿਰਾਏ ਦੇ ਮਕਾਨ ਵਿਚ ਰਹਿਣ ਵਾਲਾ ਗੁਰਮਿੰਦਰ ਸਿੰਘ ਸਰਹਿੰਦ ਨਹਿਰ ਲਾਗੇ ਇੱਕ ਚਾਹ-ਦੁੱਧ ਦੇ ਖੋਖੇ ਰਾਹੀਂ ਆਪਣਾ ਅਤੇ ਪਰਿਵਾਰ ਦਾ ਗੁਜਾਰਾ ਮੁਸ਼ਿਕਲ ਨਾਲ ਚਲਾਉਂਦਾ ਸੀ। ਉਸ ਦੀਆਂ 2 ਭੈਣਾਂ ਵਿਆਹੀਆਂ ਹੋਈਆਂ ਹਨ ਅਤੇ ਇੱਕ ਅਣਵਿਆਹੀ ਹੈ ਜੋ ਮੰਦਬੁੱਧੀ ਹੈ। ਇਸ ਤੋਂ ਇਲਾਵਾ ਬਜੁਰਗ ਮਾਂ ਅਤੇ ਸੁਨਣ ਤੋਂ ਅਸਮਰੱਥ ਪਿਤਾ ਦਾ ਸਹਾਰਾ ਗੁਰਮਿੰਦਰ ਹੀ ਹੈ। ਇਸ ਸਥਿਤੀ ਸਬੰਧੀ ਜਾਣਕਾਰੀ ਮਿਲਣ ’ਤੇ ਬਾਗਬਾਨੀ ਸੰਮਤੀ ਦੇ ਆਗੂ ਕ੍ਰਿਸ਼ਨ ਇੰਸਾਂ ਨੇ ਬਲਾਕ ਬਠਿੰਡਾ ਦੇ ਆਗੂਆਂ ਨਾਲ ਸੰਪਰਕ ਕਰਕੇ ਪਰਿਵਾਰ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਇਸ ਸਬੰਧ ਵਿੱਚ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਡੇਰਾ ਸੱਚਾ ਸੌਦਾ ਸਿਰਸਾ ਵਿਖੇ ਹੈਲਪਾਈਨ ’ਤੇ ਸੰਪਰਕ ਵੀ ਬਣਾਇਆ। ਘਰੇਲੂ ਆਰਥਿਕ ਤੰਗੀ ਨੂੰ ਦੇਖਦਿਆਂ ਬਲਾਕ ਬਠਿੰਡਾ ਦੇ ਏਰੀਆ ਥਰਮਲ ਕਲੋਨੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਨਗਰ ਦੀ ਸਾਧ ਸੰਗਤ ਦੀ ਅਗਵਾਈ ਵਿਚ ਬਲਾਕ ਬਠਿੰਡਾ ਦੇ ਵੱਖ-ਵੱਖ ਏਰੀਆ ਦੇ ਸੇਵਾਦਾਰਾਂ ਨੇ ਉਸ ਦੇ ਮਕਾਨ ਦੀ ਉਸਾਰੀ ਕੀਤੀ । ਇਸ ਮੌਕੇ ਗੁਰਮਿੰਦਰ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਡੇਰਾ ਸਿਰਸਾ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਅਤੇ ਸੇਵਾਦਾਰਾਂ ਦਾ ਇਸ ਨੇਕ ਕਾਰਜ ਲਈ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸੇਵਾਦਾਰਾਂ ਦੀ ਅਗਵਾਈ ਕਰ ਰਹੇ ਸਟੇਟ ਕਮੇਟੀ ਮੈਂਬਰ ਕੁਲਬੀਰ ਸਿੰਘ ਇੰਸਾਂ ਅਤੇ ਰਜਿੰਦਰ ਗੋਇਲ ਇੰਸਾਂ ਨੇ ਕਿਹਾ ਕਿ ਸਾਰੇ ਹੀ ਸੇਵਾਦਾਰਾਂ ਨੇ ਬੜੇ ਹੀ ਜਜਬੇ ਨਾਲ ਸੇਵਾ ਕਾਰਜਾਂ ’ਚ ਹਿੱਸਾ ਲਿਆ।
ਇਸ ਦੌਰਾਨ ਬਲਾਕ ਬਠਿੰਡਾ ਦੇ ਏਰੀਆ ਥਰਮਲ ਕਲੋਨੀ ਦੇ ਅਧੀਨ ਪੈਂਦੇ ਪਿੰਡ ਜੋਗਾ ਨੰਦ ਵਿਚ 10 ਮਿਸਤਰੀਆਂ ਅਤੇ ਲਗਭਗ 50-55 ਦੇ ਕਰੀਬ ਸੇਵਾਦਾਰਾਂ ਨੇ ਗੁਰਮਿੰਦਰ ਸਿੰਘ ਨੂੰ 2 ਕਮਰੇ, ਰਸੋਈ, ਟੁਆਇਲੈਟ ਅਤੇ ਬਾਥਰੂਮ ਬਣਾ ਕੇ ਦਿੱਤਾ ਹੈ। ਪੰਜਾਬ ਰਾਜ ਬਿਜਲੀ ਬੋਰਡ ਦੀ ਪੈਨਸ਼ਨਰਜ਼ ਯੂਨੀਅਨ ਦੇ ਸਰਲ ਪ੍ਰਧਾਨ ਬਲਜਿੰਦਰ ਸਿੰਘ ਜੋਗਾ ਨੰਦ, ਪੈਨਸ਼ਨ ਯੂਨੀਅਨ ਸਰਕਲ ਪ੍ਰਧਾਨ, ਨੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੀ ਪਲਿਕਦਮੀ ਨੂੰ ਬੇਹੱਦ ਸ਼ਲਾਘਾਯੋਗ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਇਸ ਯੁੱਗ ’ਚ ਆਮ ਬੰਦੇ ਨੂੰ ਆਪਣਾ ਮਕਾਨ ਬਣਾਉਣਾ ਬਹੁਤ ਔਖਾ ਹੈ ਤਾਂ ਅਜਿਹੀ ਮੁਸ਼ਕਿਲ ਦੀ ਘੜੀ ’ਚ ਡੇਰੇ ਪ੍ਰੇਮੀਆਂ ਨੇ ਇਸ ਗਰੀਬ ਪਰਿਵਾਰ ਦੇ ਸਿਰ ਤੇ ਛੱਤ ਪਾਈ ਹੈ। ਉਨ੍ਹਾਂ ਡੇਰਾ ਸ਼ਰਧਾਲੂਆਂ ਅਤੇ ਡੇਰਾ ਸੱਚਾ ਸੌਦਾ ਦਾ ਇਸ ਪਹਿਲਕਦਮੀ ਲਈ ਧੰਨਵਾਦ ਵੀ ਕੀਤਾ ਹੈ।