ਟੀਕਾਕਰਣ ਮੁਹਿੰਮ ਸੰਕਰਾਤਮਕ ਬਿਮਾਰੀਆਂ ਤੋਂ ਬਚਾਉਣ ਲਈ ਮਹੱਤਵਪੂਰਨ : ਡਾ ਤਪਿੰਦਰਜੋਤ
ਅਸ਼ੋਕ ਵਰਮਾ/ /ਬਾਬੂਸ਼ਾਹੀ ਬਿਊਰੋ
ਬਠਿੰਡਾ , 27 ਅਪ੍ਰੈਲ 2026 :ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ 24 ਤੋਂ 30 ਅਪ੍ਰੈਲ ਤੱਕ ਸਪੈਸ਼ਲ ਟੀਕਾਕਰਣ ਹਫਤਾ ਮਨਾਇਆ ਜਾ ਰਿਹਾ ਹੈ । ਇਸ ਮੁਹਿੰਮ ਦਾ ਮੁੱਖ ਉਦੇਸ਼ 0 ਤੋਂ 5 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਨੂੰ ਰੁਟੀਨ ਟੀਕਾਕਰਣ ਅਧੀਨ ਲੋੜੀਂਦੇ ਟੀਕੇ ਲਗਾ ਕੇ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਨਾ ਹੈ ।
ਸਿਵਲ ਸਰਜਨ ਡਾ ਤਪਿੰਦਰਜੋਤ ਨੇ ਦੱਸਿਆ ਕਿ ਇਸ ਹਫਤੇ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਛੁੱਟੇ ਹੋਏ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦੀ ਪਛਾਣ ਕਰਕੇ ਟੀਕਾਕਰਣ ਕੀਤਾ ਜਾ ਰਿਹਾ ਹੈ। ਇਹ ਮੁਹਿੰਮ ਬੱਚਿਆਂ ਨੂੰ ਪੋਲਿਓ, ਖਸਰਾ, ਰੁਬੇਲਾ, ਕਾਲੀ ਖੰਘ ਅਤੇ ਹੋਰ ਸੰਕਰਾਮਕ ਬਿਮਾਰੀਆਂ ਤੋਂ ਬਚਾਉਣ ਲਈ ਮਹੱਤਵਪੂਰਨ ਹੈ।
ਜਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਟੀਕਾਕਰਣ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ ਅਤੇ ਹਰ ਬੱਚੇ ਲਈ ਸਮੇਂ ਸਿਰ ਸਾਰੇ ਟੀਕੇ ਲਗਵਾਉਣਾ ਬਹੁਤ ਜਰੂਰੀ ਹੈ। ਸਿਹਤ ਵਿਭਾਗ ਵੱਲੋਂ ਆਸ਼ਾ ਵਰਕਰਾਂ, ਏ.ਐੱਨ.ਐੱਮ ਅਤੇ ਮਲਟੀਪਰਪਜ਼ ਹੈਲਥ ਵਰਕਰਾਂ ਰਾਹੀਂ ਘਰ-ਘਰ ਸੰਪਰਕ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਟੀਕਾਕਰਣ ਕਾਰਡ ਚੈੱਕ ਕਰਕੇ ਜੇ ਕੋਈ ਟੀਕਾ ਰਹਿ ਗਿਆ ਹੋਵੇ ਤਾਂ ਨਜ਼ਦੀਕੀ ਸਿਹਤ ਕੇਂਦਰ ਜਾਂ ਟੀਕਾਕਰਣ ਸੈਸ਼ਨ ਸਾਈਟ ਤੇ ਜਾ ਕੇ ਲਗਵਾਉਣ। ਉਨ੍ਹਾਂ ਕਿਹਾ ਕਿ ਟੀਕਾਕਰਣ ਰਾਹੀਂ ਹੀ ਬੱਚਿਆਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਹੋ ਸਕਦੀ ਹੈ। ਸਿਹਤ ਵਿਭਾਗ ਨੇ ਸਮੂਹ ਲੋਕਾਂ ਨੂੰ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਅਤੇ ਸਪੈਸ਼ਲ ਟੀਕਾਕਰਣ ਹਫਤੇ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ।