ਸਿਹਤ ਵਿਭਾਗ ਬਠਿੰਡਾ ਨੇ ਸਿਵਲ ਹਸਪਤਾਲ ਦੇ ਐਨਸੀਡੀ ਵਿੰਗ ਵਿਖੇ ਮਨਾਇਆ ਆਸ਼ਾ ਦਿਵਸ ਅਸ਼ੋਕ ਵਰਮਾ / ਬਾਬੂਸ਼ਾਹੀ ਬਿਊਰੋ
ਅਸ਼ੋਕ ਵਰਮਾ
ਬਠਿੰਡਾ, 27 ਅਪ੍ਰੈਲ 2026 :ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਨ.ਸੀ.ਡੀ ਵਿੰਗ ਵਿਖੇ ਆਸ਼ਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਆਸ਼ਾ ਵਰਕਰਾਂ ਦੀ ਸਿਹਤ ਸੇਵਾਵਾਂ ਵਿੱਚ ਅਹਿਮ ਭੂਮਿਕਾ ਨੂੰ ਸਲਾਮ ਕਰਦਿਆਂ ਉਨ੍ਹਾਂ ਦੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਹਨਾਂ ਦੱਸਿਆ ਕਿ ਆਸ਼ਾ ਵਰਕਰ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਵਿੱਚ ਲੋਕਾਂ ਨੂੰ ਸਿਹਤ ਸੇਵਾਵਾਂ ਨਾਲ ਜੋੜਨ ਲਈ ਇਕ ਮਜ਼ਬੂਤ ਕੜੀ ਵਜੋਂ ਕੰਮ ਕਰ ਰਹੀਆਂ ਹਨ। ਉਹ ਮਾਤਾ ਅਤੇ ਬੱਚੇ ਦੀ ਦੇਖਭਾਲ, ਟੀਕਾਕਰਨ, ਪਰਿਵਾਰ ਭਲਾਈ, ਪੋਸ਼ਣ ਅਤੇ ਬਿਮਾਰੀਆਂ ਦੀ ਰੋਕਥਾਮ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ।
ਇਸ ਮੌਕੇ ਕੈਂਸਰ ਦੇ ਮਾਹਿਰ ਡਾਕਟਰ ਜਸ਼ਨਦੀਪ ਸਿੰਘ ਨੇ ਆਸ਼ਾ ਵਰਕਰਾਂ ਨੂੰ ਗੈਰ ਸੰਚਾਰੀ ਬਿਮਾਰੀਆਂ ਜਿਵੇਂ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਸਕ੍ਰੀਨਿੰਗ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ । ਉਨ੍ਹਾਂ ਨੂੰ ਕਮਿਊਨਿਟੀ ਪੱਧਰ ‘ਤੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਅਤੇ ਸਮੇਂ ਸਿਰ ਜਾਂਚ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ ਗਈ।
ਆਸ਼ਾ ਦਿਵਸ ਮੌਕੇ ਆਸ਼ਾ ਵਰਕਰਾਂ ਨੂੰ ਐਨ.ਸੀ.ਡੀ ਪ੍ਰੋਗਰਾਮ ਤਹਿਤ ਸਕ੍ਰੀਨਿੰਗ, ਰੈਫਰਲ ਅਤੇ ਫਾਲੋਅਪ ਸੇਵਾਵਾਂ ਬਾਰੇ ਟ੍ਰੇਨਿੰਗ ਵੀ ਦਿੱਤੀ ਗਈ। ਨਾਲ ਹੀ ਉਨ੍ਹਾਂ ਨੂੰ ਸਿਹਤ ਸਬੰਧੀ ਸਰਕਾਰੀ ਸਕੀਮਾਂ ਅਤੇ ਲੋਕ ਭਲਾਈ ਯੋਜਨਾਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ । ਪ੍ਰੋਗਰਾਮ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਆਸ਼ਾ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਸੁਝਾਵ ਵੀ ਜਾਣੇ ਗਏ । ਇਸ ਮੌਕੇ ਐਨ.ਸੀ.ਡੀ ਵਿੰਗ ਦੇ ਇੰਚਾਰਜ ਡਾ ਵੰਦਨਾ ਮਿੱਢਾ, ਡਾ ਪੁਨੀਤ ਸਲੂਜਾ, ਇੰਦੂ ਗੁਪਤਾ ਅਤੇ ਕਰਨ ਸਿੰਘ ਹਾਜਰ ਸਨ ।