ਖੇਤ ਮਜ਼ਦੂਰ ਯੂਨੀਅਨ ਵੱਲੋਂ ਐਨ ਕੇ ਜੀਤ ਦੇ ਸ਼ਰਧਾਂਜਲੀ ਸਮਾਗਮ 'ਚ ਭਰਵੀਂ ਸ਼ਮੂਲੀਅਤ ਦਾ ਐਲਾਨ
29 ਅਪ੍ਰੈਲ ਨੂੰ ਲਾਰਡ ਰਾਮਾਂ ਹਾਲ ਬਠਿੰਡਾ ਵਿਖੇ ਹੋਵੇਗਾ ਸ਼ਰਧਾਂਜਲੀ ਸਮਾਗਮ
ਅਸ਼ੋਕ ਵਰਮਾ
ਬਠਿੰਡਾ,28 ਅਪ੍ਰੈਲ 2026 : ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਤੇ ਔਰਤਾਂ ਸਮੇਤ ਸਮੂਹ ਕਿਰਤੀ ਕਮਾਊਂ ਲੋਕਾਂ ਦੇ ਹਿੱਤਾਂ ਲਈ ਪੰਜਾਹ ਵਰ੍ਹੇ ਜੂਝਣ ਵਾਲੇ ਉੱਘੇ ਬੁੱਧੀਜੀਵੀ ਅਤੇ ਇਨਕਲਾਬੀ ਜਮਹੂਰੀ ਲਹਿਰ ਦੇ ਜੁਝਾਰ ਆਗੂ ਐਡਵੋਕੇਟ ਐਨ ਕੇ ਜੀਤ ਦੇ ਵਿਛੋੜੇ ਉਪਰੰਤ 29 ਅਪ੍ਰੈਲ ਨੂੰ ਲਾਰਡ ਰਾਮਾਂ ਹਾਲ ਬਠਿੰਡਾ ਵਿਖੇ ਕੀਤੇ ਜਾ ਰਹੇ ਸ਼ਰਧਾਂਜਲੀ ਸਮਾਗਮ 'ਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਪ੍ਰੈਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਦੱਸਿਆ ਕਿ ਇਸ ਸਮਾਗਮ 'ਚ ਖੇਤ ਮਜ਼ਦੂਰ ਔਰਤਾਂ ਵੀ ਵੱਡੀ ਗਿਣਤੀ 'ਚ ਸ਼ਾਮਲ ਹੋਣਗੀਆਂ। ਖੇਤ ਮਜ਼ਦੂਰ ਆਗੂਆਂ ਨੇ ਆਖਿਆ ਕਿ ਸੰਨ 1993 'ਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਲਾਹੜ ਵਿੰਝੂ ਵਿਖੇ ਲੜੇ ਗਏ ਜ਼ਮੀਨੀ ਸੰਘਰਸ਼ ਦੌਰਾਨ ਐਨ ਕੇ ਜੀਤ ਨੇ ਬੇਸ਼ਕੀਮਤੀ ਭੂੂਮਿਕਾ ਅਤੇ ਇਸ ਘੋਲ ਨੂੰ ਸਾਬੋਤਾਜ ਕਰਨ ਪੁਲਿਸ ਤੇ ਜਗੀਰੂ ਚੌਧਰੀਆਂ ਵੱਲੋਂ ਮਜ਼ਦੂਰਾਂ 'ਤੇ ਢਾਹੇ ਅੰਨ੍ਹੇ ਜਬਰ ਖਿਲਾਫ ਡਟਵੀਂ ਅਵਾਜ਼ ਬੁਲੰਦ ਕੀਤੀ । ਉਨ੍ਹਾਂ ਆਖਿਆ ਕਿ ਐਨ ਕੇ ਜੀਤ ਵੱਲੋਂ ਆਪਣੀ ਲਿਆਕਤ ਅਤੇ ਵਕਾਲਤ ਨੂੰ ਵੀ ਖੇਤ ਮਜ਼ਦੂਰਾਂ ਸਮੇਤ ਕਿਰਤੀ ਲੋਕਾਂ ਦੇ ਬੁਨਿਆਦੀ ਜਮਹੂਰੀ ਤੇ ਕਾਨੂੰਨੀ ਹੱਕਾਂ ਦੀ ਰਾਖੀ ਲਈ ਸਮਰਪਿਤ ਕੀਤਾ ਗਿਆ।
ਇਸੇ ਕੜੀ ਤਹਿਤ ਸਾਲ 2014 'ਚ ਮੁਕਤਸਰ ਜ਼ਿਲ੍ਹੇ ਦੇ ਪਿੰਡ ਗੰਧੜ ਵਿਖੇ ਮਜ਼ਦੂਰ ਪਰਿਵਾਰ ਦੀ ਨਲਾਲਗ ਬੱਚੀ ਨੂੰ ਅਗਵਾ ਕਰਕੇ ਸਮੂਹਿਕ ਬਲਾਤਕਾਰ ਕਰਨ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ 'ਚ ਐਨ ਕੇ ਜੀਤ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ । ਉਹਨਾਂ ਆਖਿਆ ਕਿ ਐਨ ਕੇ ਜੀਤ ਦਾ ਵਿਛੋੜਾ ਪਰਿਵਾਰ ਤੇ ਹੋਰਨਾਂ ਵਰਗਾਂ ਤੋਂ ਇਲਾਵਾ ਸਮਾਜ ਦੇ ਸਭ ਤੋਂ ਵੱਧ ਦੱਬੇ ਕੁਚਲੇ ਦਲਿਤ ਵਰਗ ਲਈ ਬਹੁਤ ਵੱਡਾ ਘਾਟਾ ਹੈ। ਉਹਨਾਂ ਆਖਿਆ ਕਿ ਲੋਕ ਹਿਤਾਂ ਨੂੰ ਪ੍ਰਣਾਏ ਇਸ ਲੋਕ ਆਗੂ ਦੇ ਸ਼ਰਧਾਂਜਲੀ ਸਮਾਗਮ 'ਚ ਪੰਜਾਬ ਭਰ 'ਚੋਂ ਖੇਤ ਮਜ਼ਦੂਰ, ਕਿਸਾਨ, ਮੁਲਾਜ਼ਮ, ਔਰਤਾਂ ਸਮੇਤ ਇਨਕਲਾਬੀ ਜਮਹੂਰੀ ਲਹਿਰ ਦੀਆਂ ਵੱਖ ਵੱਖ ਟੁਕੜੀਆਂ ਅਤੇ ਜਮਹੂਰੀ ਜਥੇਬੰਦੀਆਂ ਦੇ ਆਗੂ ਵਰਕਰ ਹਜ਼ਾਰਾਂ ਦੀ ਗਿਣਤੀ 'ਚ ਪਹੁੰਚ ਕੇ ਆਪਣੀ ਅਕੀਦਤ ਪੇਸ਼ ਕਰਨਗੇ।