BREAKING- ਧਾਰਮਿਕ ਸਮਾਗਮ 'ਚ ਚੱਲੀ ਗੋਲੀ, ਔਰਤ ਦੀ ਜਾਨ
ਪੁਲਿਸ ਨੇ 2 ਕੀਤੇ ਗ੍ਰਿਫ਼ਤਾਰ, ਹਥਿਆਰਾਂ ਦੇ ਪ੍ਰਦਰਸ਼ਨ 'ਤੇ ਪਾਬੰਦੀ
ਸ਼ਿਮਲਾ/ਰੋਹੜੂ 27 ਅਪ੍ਰੈਲ 2026: ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਰੋਹੜੂ ਉਪਮੰਡਲ ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ। ਕੁਲਗਾਂਵ ਵਿੱਚ ਇੱਕ ਧਾਰਮਿਕ ਅਨੁਸ਼ਠਾਨ ਦੌਰਾਨ ਕੀਤੀ ਗਈ 'ਹਰਸ਼ ਫਾਇਰਿੰਗ' (ਖ਼ੁਸ਼ੀ ਵਿੱਚ ਗੋਲੀ ਚਲਾਉਣਾ) ਨੇ ਇੱਕ ਔਰਤ ਦੀ ਜਾਨ ਲੈ ਲਈ। ਇਸ ਘਟਨਾ ਤੋਂ ਬਾਅਦ ਸੂਬੇ ਦੀ ਕਾਨੂੰਨ ਵਿਵਸਥਾ 'ਤੇ ਗੰਭੀਰ ਸਵਾਲ ਉੱਠ ਰਹੇ ਹਨ।
ਐਤਵਾਰ ਰਾਤ ਨੂੰ ਕੁਲਗਾਂਵ ਵਿੱਚ ਦੇਵਤਾ ਦੇ ਸਨਮਾਨ ਵਿੱਚ ਇੱਕ ਧਾਰਮਿਕ ਸਮਾਗਮ ਚੱਲ ਰਿਹਾ ਸੀ। ਸੈਂਕੜੇ ਲੋਕ ਰਵਾਇਤੀ ਸਾਜ਼ਾਂ ਦੀਆਂ ਧੁਨਾਂ 'ਤੇ ਨੱਚ-ਗਾ ਰਹੇ ਸਨ। ਇਸੇ ਦੌਰਾਨ ਕੁਝ ਲੋਕਾਂ ਨੇ ਹਵਾ ਵਿੱਚ ਫਾਇਰਿੰਗ ਸ਼ੁਰੂ ਕਰ ਦਿੱਤੀ। ਅਚਾਨਕ ਇੱਕ ਗੋਲੀ ਭੀੜ ਵਿੱਚ ਮੌਜੂਦ ਰੀਤਿਕਾ (ਵਾਸੀ ਬਕੋਰਾ) ਨੂੰ ਜਾ ਲੱਗੀ। ਉਸ ਨੂੰ ਤੁਰੰਤ ਸਿਵਲ ਹਸਪਤਾਲ ਰੋਹੜੂ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਨੇ ਇਸ ਮਾਮਲੇ ਵਿੱਚ ਕਤਲ ਦੀ ਐਫ.ਆਈ.ਆਰ. ਦਰਜ ਕਰਕੇ ਦੋ ਮੁਲਜ਼ਮਾਂ ਰਜਤ ਸੋਹਟਾ (ਵਾਸੀ ਰੋਹੜੂ), ਅਮਿਤ ਅੱਕਾ ਉਰਫ਼ ਰੋਹਿਤ (ਵਾਸੀ ਰੋਹੜੂ) ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ 12 ਬੋਰ ਦੀ ਬੰਦੂਕ ਨਾਲ ਗੋਲੀ ਚੱਲੀ ਹੈ, ਉਸ ਨੂੰ ਪੁਲਿਸ ਨੇ ਜ਼ਬਤ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੰਦੂਕ ਦਾ ਲਾਇਸੈਂਸ ਕਿਸੇ ਹੋਰ ਵਿਅਕਤੀ ਦੇ ਨਾਂ 'ਤੇ ਹੈ।
ਹਾਦਸੇ ਤੋਂ ਬਾਅਦ ਰੋਹੜੂ ਹਸਪਤਾਲ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਅਤੇ ਪੁਲਿਸ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਇਲਜ਼ਾਮ ਲਾਇਆ ਕਿ ਜਦੋਂ ਹਥਿਆਰ ਲਹਿਰਾਏ ਜਾ ਰਹੇ ਸਨ ਤਾਂ ਪ੍ਰਸ਼ਾਸਨ ਨੇ ਕੋਈ ਰੋਕ ਕਿਉਂ ਨਹੀਂ ਲਗਾਈ। ਸਵੇਰੇ 10 ਵਜੇ ਲਾਸ਼ ਨੂੰ ਪੋਸਟਮਾਰਟਮ ਲਈ ਸ਼ਿਮਲਾ ਭੇਜਣ ਵੇਲੇ ਇੱਕ ਰੇਤ ਨਾਲ ਭਰੀ ਗੱਡੀ ਲਿਆਉਣ 'ਤੇ ਪਰਿਵਾਰ ਹੋਰ ਭੜਕ ਗਿਆ, ਜਿਸ ਤੋਂ ਬਾਅਦ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ।
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮਹਿਲਾ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟਾਇਆ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਭਾਜਪਾ ਨੇ ਇਸ ਨੂੰ ਪ੍ਰਸ਼ਾਸਨਿਕ ਨਾਕਾਮੀ ਦੱਸਦਿਆਂ ਕਿਹਾ ਕਿ ਕਾਂਗਰਸ ਸਰਕਾਰ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ।
SDM ਰੋਹੜੂ ਧਰਮੇਸ਼ ਰਾਮੌਤਰਾ ਨੇ ਦੱਸਿਆ ਕਿ ਸਮਾਗਮ ਤੋਂ ਪਹਿਲਾਂ ਹੀ ਹਥਿਆਰਾਂ ਦੀ ਵਰਤੋਂ ਨਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਹੁਣ ਭਵਿੱਖ ਵਿੱਚ ਕਿਸੇ ਵੀ ਧਾਰਮਿਕ ਜਾਂ ਸਮਾਜਿਕ ਸਮਾਗਮ ਵਿੱਚ ਹਥਿਆਰਾਂ ਦੇ ਪ੍ਰਦਰਸ਼ਨ 'ਤੇ ਸਖ਼ਤ ਪਾਬੰਦੀ ਲਗਾ ਦਿੱਤੀ ਗਈ ਹੈ। ਉਨ੍ਹਾਂ ਪੁਲਿਸ ਨੂੰ ਹੁਕਮ ਦਿੱਤੇ ਹਨ ਕਿ ਜੇਕਰ ਕੋਈ ਹਥਿਆਰ ਦਿਖਾਉਂਦਾ ਹੈ ਤਾਂ ਉਸ ਦਾ ਲਾਇਸੈਂਸ ਤੁਰੰਤ ਰੱਦ ਕੀਤਾ ਜਾਵੇ।
Click to Follow Babushahi Facebook page →