ਬਰਸੀ 'ਤੇ ਵਿਸ਼ੇਸ਼: ਜਦੋਂ ਪੰਜਾਬ ਦੇ 'ਸ਼ੇਰ' ਕੌਰ ਸਿੰਘ ਨੇ ਰਿੰਗ ਵਿੱਚ ਮੁਹੰਮਦ ਅਲੀ ਦੀਆਂ ਅੱਖਾਂ 'ਚ ਅੱਖਾਂ ਪਾਈਆਂ
ਸੁਖਮਿੰਦਰ ਭੰਗੂ
ਜਦੋਂ ਵੀ ਭਾਰਤੀ ਮੁੱਕੇਬਾਜ਼ੀ ਦਾ ਇਤਿਹਾਸ ਲਿਖਿਆ ਜਾਵੇਗਾ, ਸੰਗਰੂਰ ਦੇ ਪਿੰਡ ਖਨਾਲ ਖੁਰਦ ਦੇ ਇੱਕ ਕਿਸਾਨ ਪੁੱਤਰ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਚਮਕੇਗਾ। ਇਹ ਨਾਮ ਹੈ ਕੌਰ ਸਿੰਘ। ਇੱਕ ਅਜਿਹਾ ਯੋਧਾ ਜਿਸ ਨੇ ਨਾ ਸਿਰਫ਼ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਦੇ ਦੰਦ ਖੱਟੇ ਕੀਤੇ, ਸਗੋਂ ਖੇਡ ਦੇ ਰਿੰਗ ਵਿੱਚ ਦੁਨੀਆ ਦੇ ਸਭ ਤੋਂ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਮੁਕਾਬਲਾ ਵੀ ਕੀਤਾ।
ਖੇਤਾਂ ਦੀ ਮਿੱਟੀ ਤੋਂ ਫੌਜ ਦੀ ਵਰਦੀ ਤੱਕ
ਕੌਰ ਸਿੰਘ ਦਾ ਜੀਵਨ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ ਹੈ। 1971 ਵਿੱਚ ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਵਿੱਚ ਭਰਤੀ ਹੋਣ ਵਾਲੇ ਇਸ ਨੌਜਵਾਨ ਨੇ ਉਸੇ ਸਾਲ ਭਾਰਤ-ਪਾਕਿਸਤਾਨ ਜੰਗ ਵਿੱਚ ਆਪਣੀ ਬਹਾਦਰੀ ਦਾ ਲੋਹਾ ਮਨਵਾਇਆ, ਜਿਸ ਲਈ ਉਨ੍ਹਾਂ ਨੂੰ ‘ਸੈਨਾ ਮੈਡਲ’ ਨਾਲ ਨਿਵਾਜਿਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਖਿਡਾਰੀ ਨੇ ਏਸ਼ੀਆ 'ਤੇ ਰਾਜ ਕੀਤਾ, ਉਸ ਨੇ ਮੁੱਕੇਬਾਜ਼ੀ ਦੇ ਦਸਤਾਨੇ ਪਹਿਲੀ ਵਾਰ 29 ਸਾਲ ਦੀ ਉਮਰ (1977) ਵਿੱਚ ਪਹਿਨੇ ਸਨ।
ਮੁਹੰਮਦ ਅਲੀ ਵੀ ਰਹਿ ਗਏ ਹੈਰਾਨ
27 ਜਨਵਰੀ 1980 ਦਾ ਉਹ ਦਿਨ ਭਾਰਤੀ ਖੇਡ ਇਤਿਹਾਸ ਵਿੱਚ ਹਮੇਸ਼ਾ ਲਈ ਦਰਜ ਹੋ ਗਿਆ। ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿੱਚ 50,000 ਦਰਸ਼ਕਾਂ ਦੇ ਸਾਹਮਣੇ ਕੌਰ ਸਿੰਘ ਦਾ ਮੁਕਾਬਲਾ ਦੁਨੀਆ ਦੇ ਨੰਬਰ-1 ਮੁੱਕੇਬਾਜ਼ muhammad Ali ਨਾਲ ਹੋਇਆ। ਭਾਵੇਂ ਇਹ ਇੱਕ ਪ੍ਰਦਰਸ਼ਨੀ ਮੈਚ ਸੀ, ਪਰ ਅਲੀ ਦੀ ਫੁਰਤੀ ਦਾ ਸਾਹਮਣਾ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ।
ਮੈਚ ਤੋਂ ਬਾਅਦ ਖੁਦ ਮੁਹੰਮਦ ਅਲੀ ਨੇ ਕੌਰ ਸਿੰਘ ਨੂੰ ‘ਸਖ਼ਤ ਜਾਨ ਅਤੇ ਬਹਾਦਰ’ ਮੁੱਕੇਬਾਜ਼ ਕਿਹਾ ਸੀ। ਕੌਰ ਸਿੰਘ ਅਕਸਰ ਕਹਿੰਦੇ ਸਨ, "ਮੈਂ ਬਹੁਤ ਸਾਰੇ ਮੈਡਲ ਜਿੱਤੇ, ਪਰ ਦੁਨੀਆ ਮੈਨੂੰ ਅਲੀ ਨਾਲ ਹੋਏ ਉਸ ਮੈਚ ਕਰਕੇ ਅੱਜ ਵੀ ਯਾਦ ਕਰਦੀ ਹੈ।"
ਕੌਰ ਸਿੰਘ ਨੇ ਆਪਣੀ ਮੁੱਕੇਬਾਜ਼ੀ ਦੇ ਛੋਟੇ ਜਿਹੇ ਕਰੀਅਰ ਵਿੱਚ ਉਹ ਮੁਕਾਮ ਹਾਸਲ ਕੀਤੇ ਜੋ ਕਈਆਂ ਲਈ ਸੁਪਨਾ ਹੁੰਦੇ ਹਨ। ਏਸ਼ੀਆਈ ਖੇਡਾਂ (1982) ਵਿੱਚ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਸਿਰ ਉੱਚਾ ਕੀਤਾ। ਓਲੰਪਿਕ ਸਫ਼ਰ ਵਿੱਚ 1984 ਲਾਸ ਏਂਜਲਸ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਨੈਸ਼ਨਲ ਚੈਂਪੀਅਨ ਵਿੱਚ 1979 ਤੋਂ 1983 ਤੱਕ ਲਗਾਤਾਰ ਦੇਸ਼ ਦੇ ਨੰਬਰ-1 ਹੈਵੀਵੇਟ ਮੁੱਕੇਬਾਜ਼ ਰਹੇ। ਸਨਮਾਨ ਵਜੋਂ ਭਾਰਤ ਸਰਕਾਰ ਵੱਲੋਂ ਅਰਜੁਨ ਐਵਾਰਡ (1982) ਅਤੇ ਪਦਮ ਸ਼੍ਰੀ (1983) ਨਾਲ ਨਿਵਾਜਿਆ ਗਿਆ।
ਮੈਡਲਾਂ ਦੀ ਚਮਕ ਅਤੇ ਸਿਸਟਮ ਦਾ ਹਨੇਰਾ
ਜਿਸ ਹੱਥ ਵਿੱਚ ਦੇਸ਼ ਦਾ ਮਾਣ ਸੀ, ਉਸੇ ਹੱਥ ਨੂੰ ਜ਼ਿੰਦਗੀ ਦੇ ਆਖਰੀ ਪੜਾਅ ਵਿੱਚ ਕਰਜ਼ਾ ਚੁੱਕਣਾ ਪਿਆ। ਸਾਲਾਂ ਤੱਕ ਸਰਕਾਰੀ ਇਨਾਮੀ ਰਾਸ਼ੀ ਦਾ ਇੰਤਜ਼ਾਰ ਅਤੇ ਦਿਲ ਦੀ ਬਿਮਾਰੀ ਦੇ ਇਲਾਜ ਲਈ ਲਏ ਨਿੱਜੀ ਕਰਜ਼ੇ ਨੇ ਸਿਸਟਮ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਜਦੋਂ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਨੂੰ ਇਸ ਮਹਾਨ ਖਿਡਾਰੀ ਦੀ ਹਾਲਤ ਬਾਰੇ ਪਤਾ ਲੱਗਿਆ, ਤਾਂ ਉਨ੍ਹਾਂ ਨੇ 5 ਲੱਖ ਰੁਪਏ ਦੀ ਮਦਦ ਭੇਜੀ। ਇਹ ਇੱਕ ਗੰਭੀਰ ਸਵਾਲ ਹੈ ਕਿ ਸਾਡੇ ਅਸਲ ਹੀਰੇ ਅਜਿਹੀ ਹਾਲਤ ਵਿੱਚ ਕਿਉਂ ਪਹੁੰਚ ਜਾਂਦੇ ਹਨ?
ਕੌਰ ਸਿੰਘ ਸਿਰਫ਼ ਰਿੰਗ ਦੇ ਹੀ ਨਹੀਂ, ਸਗੋਂ ਅਸੂਲਾਂ ਦੇ ਵੀ ਪੱਕੇ ਸਨ। 2020-21 ਦੇ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਨੇ ਆਪਣੇ ਐਵਾਰਡ ਵਾਪਸ ਕਰਨ ਦੀ ਗੱਲ ਕਹਿ ਕੇ ਸਾਬਤ ਕਰ ਦਿੱਤਾ ਕਿ ਉਹ ਪਹਿਲਾਂ ਇੱਕ ਕਿਸਾਨ ਹਨ।
27 ਅਪ੍ਰੈਲ 2023 ਨੂੰ ਭਾਵੇਂ ਇਹ ਸ਼ੇਰ ਸਰੀਰਕ ਤੌਰ 'ਤੇ ਸਾਨੂੰ ਅਲਵਿਦਾ ਕਹਿ ਗਿਆ, ਪਰ ਉਨ੍ਹਾਂ ਤੇ ਬਣੀ ਫ਼ਿਲਮ 'ਪਦਮ ਸ਼੍ਰੀ ਕੌਰ ਸਿੰਘ' ਦੇ ਰੂਪ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਕੌਰ ਸਿੰਘ ਦੀ ਦਾਸਤਾਨ ਸਾਨੂੰ ਸਿਖਾਉਂਦੀ ਹੈ ਕਿ ਹਿੰਮਤ ਨਾਲ ਵੱਡੇ ਤੋਂ ਵੱਡੇ ਮੁਕਾਬਲੇ ਜਿੱਤੇ ਜਾ ਸਕਦੇ ਹਨ, ਪਰ ਇਹ ਸਾਨੂੰ ਇਹ ਵੀ ਯਾਦ ਦਿਵਾਉਂਦੀ ਹੈ ਕਿ ਸਾਨੂੰ ਆਪਣੇ ਨਾਇਕਾਂ ਦੀ ਕਦਰ ਉਨ੍ਹਾਂ ਦੇ ਜਿਉਂਦੇ ਜੀਅ ਕਰਨੀ ਚਾਹੀਦੀ ਹੈ।

-
ਸੁਖਮਿੰਦਰ ਭੰਗੂ, ਲੇਖਕ
bhangoo1164@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.