ਸਮਾਜਿਕ ਸੰਵਾਦ ਪ੍ਰੋਗਰਾਮ ਰਾਹੀਂ ਪੇਂਡੂ ਨੌਜਵਾਨਾਂ ਨੂੰ ਹੁਨਰ ਵਿਕਾਸ, ਰੋਜ਼ਗਾਰ ਅਤੇ ਨਸ਼ਾ ਮੁਕਤੀ ਪ੍ਰਤੀ ਜਾਗਰੂਕ ਕੀਤਾ
ਬਾਬੂਸ਼ਾਹੀ ਬਿਊਰੋ
ਬਠਿੰਡਾ, 28 ਅਪ੍ਰੈਲ: ਪਿੰਡਾਂ ਦੇ ਨੌਜਵਾਨਾਂ ਨੂੰ ਰੋਜ਼ਗਾਰਮੁਖੀ ਸਿੱਖਿਆ ਦੇ ਮੌਕਿਆਂ ਨਾਲ ਜੋੜਨ ਦੇ ਉਦੇਸ਼ ਨਾਲ ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਕਮਿਊਨਿਟੀ ਇੰਟਰੈਕਸ਼ਨ ਪ੍ਰੋਗਰਾਮ ਕਰਵਾਇਆ। ਇਸ ਪ੍ਰੋਗਰਾਮ ਦਾ ਮਕਸਦ ਨੌਜਵਾਨਾਂ ਨੂੰ ਸਕਿੱਲ ਡਿਵੈਲਪਮੈਂਟ ਕੋਰਸਾਂ ਰਾਹੀਂ ਆਪਣੇ ਹੁਨਰ ਨੂੰ ਨਿਖਾਰਨ ਲਈ ਪ੍ਰੇਰਿਤ ਕਰਨਾ ਸੀ। ਇਸ ਪ੍ਰੋਗਰਾਮ ਵਿੱਚ 10 ਪਿੰਡਾਂ ਤੋਂ ਲਗਭਗ 100 ਪਤਵੰਤਿਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਸਰਪੰਚ, ਸਥਾਨਕ ਨੌਜਵਾਨ ਅਤੇ ਭਾਈਚਾਰੇ ਦੇ ਮੈਂਬਰ ਸ਼ਾਮਲ ਸਨ।
ਇਸ ਪ੍ਰੋਗਰਾਮ ਦੌਰਾਨ ਭਾਗੀਦਾਰਾਂ ਨੂੰ ਸੀਯੂ ਪੰਜਾਬ ਵੱਲੋਂ ਸ਼ੁਰੂ ਕੀਤੇ ਗਏ ਛੇ ਨਵੇਂ ਐਨਸੀਵੀਈਟੀ ਮਨਜ਼ੂਰਸ਼ੁਦਾ ਸਕਿੱਲ ਡਿਵੈਲਪਮੈਂਟ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਗਈ। ਇਨ੍ਹਾਂ ਕੋਰਸਾਂ ਵਿੱਚ ਅਸਿਸਟੈਂਟ ਪਲੰਬਰ–ਜਨਰਲ, ਹੈਲਪਰ ਇਲੈਕਟ੍ਰੀਸ਼ਨ, ਫੰਡਾਮੈਂਟਲਜ਼ ਆਫ ਕੰਪਿਊਟਰਜ਼, ਟੈਲੀ ਆਪਰੇਸ਼ਨ ਅਤੇ ਜੀਐਸਟੀ ਕੈਲਕੂਲੇਸ਼ਨ ਦੀ ਜਾਣ-ਪਛਾਣ, ਬਾਇਓਮੈਡੀਕਲ ਵੇਸਟ ਮੈਨੇਜਮੈਂਟ ਅਤੇ ਰੈਫ੍ਰਿਜਰੇਸ਼ਨ ਐਂਡ ਏਅਰ ਕੰਡੀਸ਼ਨਿੰਗ ਦੀਆਂ ਬੁਨਿਆਦੀ ਜਾਣਕਾਰੀਆਂ ਵਰਗੇ ਕੋਰਸ ਸ਼ਾਮਲ ਹਨ। ਯੂਨੀਵਰਸਿਟੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਕੋਰਸ ਖਾਸ ਤੌਰ ‘ਤੇ ਉਹਨਾਂ ਨੌਜਵਾਨਾਂ ਲਈ ਤਿਆਰ ਕੀਤੇ ਗਏ ਹਨ ਜਿਨ੍ਹਾਂ ਨੇ 8ਵੀਂ, 9ਵੀਂ, 10ਵੀਂ ਜਾਂ 12ਵੀਂ ਪਾਸ ਕੀਤੀ ਹੈ, ਜਿਨ੍ਹਾਂ ਕੋਲ ਸੰਬੰਧਤ ਤਜਰਬਾ ਹੈ ਅਤੇ ਜੋ ਆਪਣੇ ਹੁਨਰ ਅਤੇ ਰੋਜ਼ਗਾਰ ਯੋਗਤਾ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਨ। ਯੋਗਤਾ, ਕੋਰਸਾਂ ਅਤੇ ਦਾਖਲੇ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਯੂਨੀਵਰਸਿਟੀ ਦੀ ਅਧਿਕਾਰਕ ਵੈੱਬਸਾਈਟ ‘ਤੇ ਉਪਲਬਧ ਪ੍ਰਾਸਪੈਕਟਸ ਵਿੱਚ ਦੇਖੀ ਜਾ ਸਕਦੀ ਹੈ।
ਸਭਾ ਨੂੰ ਸੰਬੋਧਨ ਕਰਦਿਆਂ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਰਾਸ਼ਟਰੀ ਸਕਿੱਲ ਯੋਗਤਾ ਫਰੇਮਵਰਕ ਅਧੀਨ ਸ਼ੁਰੂ ਕੀਤੇ ਗਏ ਅਤੇ ਭਾਰਤ ਸਰਕਾਰ ਦੇ ਸਕਿੱਲ ਡਿਵੈਲਪਮੈਂਟ ਅਤੇ ਉੱਦਮਤਾ ਮੰਤਰਾਲੇ ਅਧੀਨ ਰਾਸ਼ਟਰੀ ਵੋਕੇਸ਼ਨਲ ਐਜੂਕੇਸ਼ਨ ਐਂਡ ਟ੍ਰੇਨਿੰਗ ਕੌਂਸਲ (ਐਨਸੀਵੀਈਟੀ) ਵੱਲੋਂ ਮਨਜ਼ੂਰਸ਼ੁਦਾ ਇਨ੍ਹਾਂ ਛੇ ਰੋਜ਼ਗਾਰਪਰਕ ਕੋਰਸਾਂ ਦੀ ਮਹੱਤਤਾ ਉਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਕਿੱਲ ਆਧਾਰਿਤ ਸਿੱਖਿਆ ਦੇਸ਼ ਨੂੰ ਤਰੱਕੀ ਦੇ ਰਾਹ ‘ਤੇ ਲੈ ਜਾ ਸਕਦੀ ਹੈ ਅਤੇ ਯੂਨੀਵਰਸਿਟੀਆਂ ਨੂੰ ਸਿਰਫ ਡਿਗਰੀਆਂ ਦੇਣ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ। ਜੋ ਨੌਜਵਾਨ ਉੱਚ ਸਿੱਖਿਆ ਪ੍ਰਾਪਤ ਨਹੀਂ ਕਰ ਸਕੇ, ਉਨ੍ਹਾਂ ਲਈ ਰੋਜ਼ਗਾਰਮੁਖੀ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਸ਼ੁਰੂ ਕਰਨਾ ਬਹੁਤ ਜ਼ਰੂਰੀ ਹੈ, ਤਾਂ ਜੋ ਉਹ ਆਤਮਨਿਰਭਰ ਬਣ ਸਕਣ ਅਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਣ। ਉਨ੍ਹਾਂ ਨੇ ਨੌਜਵਾਨਾਂ ਅਤੇ ਸਮਾਜ ਨੂੰ ਸਕਿੱਲ ਡਿਵੈਲਪਮੈਂਟ ਅਤੇ ਸਕਾਰਾਤਮਕ ਭਾਗੀਦਾਰੀ ਰਾਹੀਂ ਨਸ਼ਾ-ਮੁਕਤ ਸਮਾਜ ਦੇ ਨਿਰਮਾਣ ਲਈ ਮਿਲਜੁਲ ਕੇ ਕੰਮ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਪ੍ਰੋ ਵਾਈਸ-ਚਾਂਸਲਰ ਪ੍ਰੋ. ਕਿਰਣ ਹਜ਼ਾਰਿਕਾ ਨੇ ਕਿਹਾ ਕਿ ਇਹ ਕੋਰਸ ਨੌਜਵਾਨਾਂ ਨੂੰ ਬਿਜਲੀ, ਪਲੰਬਿੰਗ, ਕੰਪਿਊਟਰ, ਅਕਾਊਂਟਿੰਗ, ਸਿਹਤ ਸੇਵਾ ਅਤੇ ਤਕਨੀਕੀ ਖੇਤਰਾਂ ਵਿੱਚ ਵਿਹਾਰਕ ਹੁਨਰ ਪ੍ਰਦਾਨ ਕਰਨਗੇ, ਜਿਸ ਨਾਲ ਉਨ੍ਹਾਂ ਲਈ ਰੋਜ਼ਗਾਰ, ਉਦਯਮਤਾ ਅਤੇ ਸਵੈ-ਰੋਜ਼ਗਾਰ ਦੇ ਨਵੇਂ ਮੌਕੇ ਖੁਲ੍ਹਣਗੇ।
ਰਜਿਸਟਰਾਰ ਡਾ. ਵਿਜੈ ਸ਼ਰਮਾ ਨੇ ਦੱਸਿਆ ਕਿ ਇਹ ਕੋਰਸ ਆਤਮਨਿਰਭਰ ਭਾਰਤ ਅਤੇ ਵਿਕਸਿਤ ਭਾਰਤ ਦੇ ਰਾਸ਼ਟਰੀ ਵਿਜ਼ਨ ਅਨੁਸਾਰ ਨੌਜਵਾਨਾਂ ਵਿੱਚ ਰੋਜ਼ਗਾਰ ਯੋਗਤਾ, ਆਤਮਨਿਰਭਰਤਾ ਅਤੇ ਹੁਨਰ ਸਿਖਲਾਈ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਕੋਰਸ ਆਸਾਨ ਯੋਗਤਾ ਮਾਪਦੰਡ, ਕਿਫਾਇਤੀ ਫੀਸ ਅਤੇ ਵਿਸਥਾਰਪੂਰਵਕ ਪ੍ਰੈਕਟੀਕਲ ਟ੍ਰੇਨਿੰਗ ਦੀ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤੇ ਗਏ ਹਨ, ਤਾਂ ਜੋ ਪਿੰਡਾਂ ਅਤੇ ਅਰਧ-ਸ਼ਹਿਰੀ ਖੇਤਰਾਂ ਦੇ ਵੱਧ ਤੋਂ ਵੱਧ ਨੌਜਵਾਨ ਇਸ ਦਾ ਲਾਭ ਲੈ ਸਕਣ।
ਪ੍ਰੋਗਰਾਮ ਦੇ ਅੰਤ ਵਿੱਚ ਵਿੱਤ ਅਧਿਕਾਰੀ ਡਾ. ਰਾਜਕੁਮਾਰ ਸ਼ਰਮਾ ਨੇ ਤਰੱਕੀ ਦੇ ਮੌਕਿਆਂ ਤੋਂ ਵਾਂਝੇ ਵਰਗਾਂ ਦੇ ਵੱਧ ਤੋਂ ਵੱਧ ਨੌਜਵਾਨਾਂ ਤੱਕ ਇਨ੍ਹਾਂ ਪ੍ਰਵਰਤਨਕਾਰੀ ਮੌਕਿਆਂ ਬਾਰੇ ਜਾਗਰੂਕਤਾ ਪਹੁੰਚਾਉਣ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਦੁਹਰਾਈ ਅਤੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ। ਪ੍ਰੋ. ਸੰਜੀਵ ਠਾਕੁਰ, ਡਾ. ਸੰਜੀਵ ਮੰਡੇਰ ਅਤੇ ਯੂਨੀਵਰਸਿਟੀ ਮੈਡੀਕਲ ਅਫਸਰ ਡਾ. ਆਕਾਸ਼ ਪ੍ਰਕਾਸ਼ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ ਅਤੇ ਭਾਗੀਦਾਰਾਂ ਨੂੰ ਨਸ਼ਾ ਮੁਕਤੀ ਅਤੇ ਸਮਾਜਿਕ ਭਲਾਈ ਨੂੰ ਉਤਸ਼ਾਹਿਤ ਕਰਨ ਵਾਲੀਆਂ ਯੂਨੀਵਰਸਿਟੀ ਦੀਆਂ ਵਿਆਪਕ ਸਮੁਦਾਇਕ ਪਹਿਲਕਦਮੀਆਂ ਬਾਰੇ ਜਾਗਰੂਕ ਕੀਤਾ। ਪਿੰਡਾਂ ਦੇ ਸਰਪੰਚਾਂ ਅਤੇ ਸਥਾਨਕ ਲੋਕਾਂ ਨੇ ਪਿੰਡਾਂ ਵਿੱਚ ਨੌਜਵਾਨਾਂ ਲਈ ਆਸਾਨੀ ਨਾਲ ਉਪਲਬਧ ਕੈਰੀਅਰ ਮੌਕਿਆਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਨਸ਼ਾ ਮੁਕਤੀ ਲਈ ਯੂਨੀਵਰਸਿਟੀ ਦੀ ਸਰਗਰਮ ਸਮਾਜਿਕ ਪਹੁੰਚ ਦੀ ਪ੍ਰਸੰਸਾ ਕੀਤੀ।
Click to Follow Babushahi Facebook page →