Babushahi Special ਪਤੀ ਦੇ ਦੂਜੇ ਵਿਆਹ ’ਤੇ ਜਦੋਂ ਪਹਿਲੀ ਪਤਨੀ ਨੇ ਪਾਇਆ ਪੁਆੜਾ ਤਾਂ ਭੱਜਣ ਲਈ ਕੰਧ ਟੱਪਿਆ ਲਾੜਾ
ਅਸ਼ੋਕ ਵਰਮਾ
ਬਠਿੰਡਾ, 28 ਅਪ੍ਰੈਲ 2026 : ਪੰਜਾਬ ਦੇ ਫਾਜ਼ਿਲਕਾ ਜਿਲ੍ਹੇ ਦੇ ਕਸਬਾ ਜਲਾਲਾਬਾਦ ਅਧੀਨ ਆਉਂਦੇ ਪਿੰਡ ਮੌਜੇ ਵਾਲਾ ਵਾਸੀ ਨੌਜਵਾਨ ਵੱਲੋਂ ਦੂਜਾ ਵਿਆਹ ਕਰਵਾਉਣ ਮੌਕੇ ਪੁੱਜੀ ਪਹਿਲੀ ਘਰਵਾਲੀ ਨੇ ਅਜਿਹਾ ਪੁਆੜਾ ਪਾਇਆ ਕਿ ਵਿਆਂਦੜ ਨੂੰ ਭੱਜਣ ਲਈ ਕੰਧ ਟੱਪਣੀ ਪਈ। ਇਹ ਨੌਜਵਾਨ ਗੁਪਤ ਰੂਪ ਵਿੱਚ ਦੂਜਾ ਵਿਆਹ ਕਰਵਾ ਰਿਹਾ ਸੀ ਕਿ ਉਸ ਦੀ ਪਹਿਲੀ ਘਰਵਾਲੀ ਪੁੱਜ ਗਈ ਤਾਂ ਖੁਸ਼ੀਆਂ ਵਾਲਾ ਮਹੌਲ ਅਚਾਨਕ ਹੰਗਾਮੇ ’ਚ ਬਦਲ ਗਿਆ। ਪੁਲਿਸ ਨੇ ਲੜਕੀ ਵਾਲਿਆਂ ਦੀ ਸ਼ਕਾਇਤ ਹਾਸਲ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦਾ ਗੰਭੀਰ ਪਹਿਲੂ ਇਹ ਹੈ ਕਿ ਜਦੋਂ ਤੱਕ ਨੌਜਵਾਨ ਦੀ ਪਹਿਲੀ ਪਤਨੀ ਮੌਕੇ ਤੇ ਆਈ ਤਾਂ ਉਸ ਤੋਂ ਪਹਿਲਾਂ ਲੜਕੀ ਦੇ ਫੇਰੇ ਹੋ ਚੁੱਕੇ ਸਨ। ਪ੍ਰੀਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਲੜਕੀ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਮੁਕੰਮਲ ਹੋ ਚੁੱਕੀਆਂ ਸਨ ਅਤੇ ਉਹ ਤਾਂ ਡੋਲੀ ਤੋਰਨ ਦੀ ਤਿਆਰੀ ਕਰ ਰਹੇ ਸਨ।
ਮਾਮਲਾ ਜਲਾਲਾਬਾਦ ਦੇ ਪਿੰਡ ਢੱਡੀ ਖੁਰਦ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਔਰਤ ਜਸਵੰਤ ਕੌਰ ਮੌਕੇ ’ਚ ਪਹੁੰਚ ਗਈ ਅਤੇ ਦਾਅਵਾ ਕੀਤਾ ਕਿ ਵਿਆਹ ਕਰਵਾਉਣ ਵਾਲਾ ਨੌਜਵਾਨ ਜਸਵਿੰਦਰ ਸਿੰਘ ਵਾਸੀ ਮੌਜੇ ਵਾਲਾ ਉਸ ਦਾ ਪਤੀ ਹੈ। ਇਸੇ ਦੌਰਾਨ ਜਦਂੋਂ ਹੰਗਾਮਾ ਵਧ ਗਿਆ ਤਾਂ ਗ੍ਰਿਫਤਾਰੀ ਦੇ ਡਰੋਂ ਵਿਆਂਦੜ ਮੌਕੇ ਤੋਂ ਫਰਾਰ ਹੋ ਗਿਆ। ਇਸ ਮੌਕੇ ਪੀੜਤ ਮਹਿਲਾ ਜਸਵੰਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਪਹਿਲੇ ਪਤੀ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ 2017 ’ਚ ਉਸ ਨੇ ਜਸਵਿੰਦਰ ਸਿੰਘ ਨਾਲ ਅਦਾਲਤ ’ਚ ਵਿਆਹ ਕਰਵਾਇਆ ਸੀ । ਉਸ ਨੇ ਦੱਸਿਆ ਕਿ ਜਸਵਿੰਦਰ ਸਿੰਘ ਇਸ ਦੌਰਾਨ ਉਸ ਨੂੰ ਕਦੇ ਆਪਣੇ ਘਰ ਨਹੀਂ ਲੈਕੇ ਗਿਆ ਬਲਕਿ ਬਹਾਨੇ ਹੀ ਬਣਾਉਂਦਾ ਰਿਹਾ। ਔਰਤ ਨੇ ਦੱਸਿਆ ਕਿ ਉਹ ਦੋਵੇਂ ਉਦੋਂ ਤੋਂ ਹੀ ਜਲਾਲਾਬਾਦ ਵਿਖੇ ਰਹਿ ਰਹੇ ਸਨ ਅਤੇ ਇੱਕ ਸਾਲ ਪਹਿਲਾਂ ਹੀ ਉਹ ਉਸ ਨੂੰ ਛੱਡਕੇ ਚਲਾ ਗਿਆ ਸੀ।
.jpg)
ਜਸਵੰਤ ਕੌਰ ਨੇ ਦੱਸਿਆ ਕਿ ਕਿ ਉਸ ਦਾ ਪਤੀ ਨਸ਼ੇ ਦਾ ਆਦੀ ਹੈ ਅਤੇ ਉਸ ’ਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਦੋ ਮੁਕੱਦਮੇ ਦਰਜ ਹਨ। ਔਰਤ ਦੇ ਦੱਸਣ ਮੁਤਾਬਕ ਉਸ ਨੂੰ ਤਾਂ ਆਪਣੇ ਪਤੀ ਵੱਲੋਂ ਦੂਸਰਾ ਵਿਆਹ ਕਰਵਾਉਣ ਸਬੰਧੀ ਉਦੋਂ ਪਤਾ ਲੱਗਿਆ ਜਦੋਂ ਉਸ ਨੇ ਖੁਦ ਹੀ ਤਸਵੀਰਾਂ ਭੇਜਕੇ ਉਸ ਨੂੰ ਚੁਣੌਤੀ ਦਿੱਤੀ ਸੀ। ਉਸ ਨੇ ਦੱਸਿਆ ਕਿ ਉਹ ਆਪਣੇ ਪਤੀ ਦੀ ਤਲਾਸ਼ ਕਰਦੀ ਹੋਈ ਪੁਲਿਸ ਨੂੰ ਨਾਲ ਲੈ ਕੇ ਮੌਕੇ ’ਤੇ ਪਹੁੰਚੀ ਸੀ ਜਿੱਥੇ ਬੋਲ ਬੁਲਾਰੇ ਦੌਰਾਨ ਹੰਗਾਮਾ ਵਧ ਗਿਆ। ਦੂਜੇ ਪਾਸੇ ਪਿੰਡ ਵਾਸੀਆਂ ਵੱਲੋਂ ਕੁਟਾਪਾ ਚਾੜ੍ਹਨ ਅਤੇ ਪੁਲਿਸ ਦੇ ਡਰੋਂ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਵਿਆਹ ਵਾਲਾ ਮੁੰਡਾ ਅਤੇ ਬਰਾਤੀ ਸੱਜਣ ਖਿਸਕਣ ਵਿੱਚ ਕਾਮਯਾਬ ਹੋ ਗਏ । ਲੋਕਾਂ ਨੇ ਬਰਾਤੀਆਂ ਨੂੰ ਭਾਲਣ ਦੀ ਕੋਸ਼ਿਸ਼ ਕੀਤੀ ਪਰ ਕੋਈ ਹੱਥ ਨਹੀਂ ਲੱਗ ਸਕਿਆ। ਪੀੜਤਾ ਜਸਵੰਤ ਕੌਰ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਵਿਚੋਲੇ ’ਤੇ ਧੋਖੇ ਦੇ ਦੋਸ਼
ਲੜਕੀ ਦੇ ਪ੍ਰੀਵਾਰ ਨੂੰ ਜਦੋਂ ਪਤਾ ਲੱਗਿਆ ਕਿ ਵਿਆਹ ਵਾਲਾ ਮੁੰਡਾ ਪਹਿਲਾਂ ਹੀ ਵਿਆਹਿਆ ਹੋਇਆ ਹੈ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਵਿਆਹ ਵਾਲੀ ਕੁੜੀ ਦੇ ਪਿਤਾ ਦਲੀਪ ਸਿੰਘ ਨੇ ਦੱਸਿਆ ਕਿ ਵਿਚੋਲੇ ਨੇ ਜਸਵਿੰਦਰ ਸਿੰਘ ਦੇ ਪਿਛੋਕੜ ਬਾਰੇ ਉਨ੍ਹਾਂ ਨੂੰ ਹਨੇਰੇ ’ਚ ਰੱਖਿਆ ਅਤੇ ਕਿਹਾ ਕਿ ਮੁੰਡਾ ਕੁਆਰਾ ਹੈ। ਉਨ੍ਹਾਂ ਦੱਸਿਆ ਕਿ ਵਿਚੋਲੇ ਨੇ ਤਾਂ ਮੁੰਡੇ ਦੇ ਸ਼ਰੀਫ ਹੋਣ ਦੀ ਜਿੰਮੇਵਾਰੀ ਵੀ ਆਪਣੇ ’ਤੇ ਲਈ ਸੀ । ਉਨ੍ਹਾਂ ਦੋਸ਼ ਲਾਇਆ ਕਿ ਵਿਚੋਲੇ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਅਤੇ ਉਨ੍ਹਾਂ ਦੀ ਲੜਕੀ ਦੀ ਜਿੰਦਗੀ ਬਰਬਾਦ ਕਰ ਦਿੱਤੀ ਹੈ। ਉਨ੍ਹਾਂ ਪੁਲਿਸ ਤੋਂ ਲੜਕੇ ਅਤੇ ਵਿਚੋਲੇ ਦੋਵਾਂ ਖਿਲਾਫ ਬਣਦੀ ਕਾਰਵਾਈ ਦੀ ਮੰਗ ਵੀ ਕੀਤੀ ।
ਲਾੜੇ ਦੇ ਘਰ ਭੇਜਿਆ ਸਮਾਨ
ਵਿਆਹ ਵਾਲੀ ਕੁੜੀ ਦੇ ਪਿਤਾ ਦਲੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸਬੰਧ ਗਰੀਬ ਪ੍ਰੀਵਾਰ ਨਾਲ ਹੈ ਅਤੇ ਉਨ੍ਹਾਂ ਨੇ ਕਰਜਾ ਚੁੱਕ ਕੇ ਆਪਣੀ ਧੀਅ ਦੇ ਵਿਆਹ ’ਤੇ ਕਰੀਬ 5 ਲੱਖ ਦਾ ਖਰਚਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਤਾਂ ਦਾਜ ’ਚ ਦਿੱਤਾ ਜਾਣ ਵਾਲਾ ਸੋਫਾ, ਬੈਡ ਅਤੇ ਅਲਮਾਰੀ ਆਦਿ ਲੜਕੇ ਦੇ ਘਰ ਪਹਿਲਾਂ ਹੀ ਭੇਜ ਦਿੱਤੇ ਸਨ। ਪੀੜਤ ਪਿਤਾ ਨੇ ਕਿਹਾ ਕਿ ਉਨ੍ਹਾਂ ਦੀ ਧੀਅ ਦੀ ਜਿੰਦਗੀ ਨਾਲ ਖਿਲਵਾੜ ਹੋਇਆ ਹੈ ਅਤੇ ਉਸ ਦੀ ਭਾਰੀ ਬਦਨਾਮੀ ਹੋਈ ਹੈ। ਇਸ ਮੌਕੇ ਹਾਜ਼ਰ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਸਰਾਸਰ ਧੋਖਾ ਹੈ ਅਤੇ ਉਨ੍ਹਾਂ ਦੇ ਪਿੰਡ ਦੀ ਲੜਕੀ ਦੀ ਜਿੰਦਗੀ ਤਬਾਹ ਹੋ ਗਈ ਹੈ ਜਿਸ ਦਾ ਭਵਿੱਖ ’ਚ ਵਿਆਹ ਕਰਨ ਲਈ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।
ਸਮਝੌਤੇ ਦੇ ਅਸਾਰ : ਡੀਐਸਪੀ
ਡੀਐਸਪੀ ਜਲਾਲਾਬਾਦ ਗੁਰਸੇਵਕ ਸਿੰਘ ਬਰਾੜ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਦੋਵਾਂ ਪ੍ਰੀਵਾਰਾਂ ਵਿਚਕਾਰ ਪੰਚਾਇਤੀ ਤੌਰ ’ਤੇ ਸਹਿਮਤੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਚੌਂਕੀ ਇੰਚਾਰਜ ਦੇ ਅੱਜ ਹਾਈਕੋਰਟ ਜਾਣ ਕਾਰਨ ਫਿਲਹਾਲ ਅੱਗੇ ਦੀ ਕਾਰਵਾਈ ਰੁਕੀ ਹੋਈ ਹੈ। ਉਨ੍ਹਾਂ ਦੱਸਿਆ ਕਿ ਜੇਕਰ ਫਿਰ ਵੀ ਮਸਲਾ ਹੱਲ ਨਹੀਂ ਹੁੰਦਾ ਤਾਂ ਪ੍ਰੀਵਾਰ ਜਿਸ ਤਰਾਂ ਦੇ ਬਿਆਨ ਕਲਮਬੰਦ ਕਰਵਾਏਗਾ ਉਨ੍ਹਾਂ ਦੇ ਅਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਏਗੀ।
Click to Follow Babushahi Facebook page →