ਐਚਐਮਈਐਲ ਦੀ ਸਕਾਲਰਿਸ਼ਪ ਸਦਕਾ ਡਾਕਟਰ ਬਣਨ ਜਾ ਰਿਹਾ ਹਰਮਨਦੀਪ ਸਿੰਘ ਸਨਮਾਨਿਤ
ਅਸ਼ੋਕ ਵਰਮਾ
ਬਠਿੰਡਾ, 3 ਅਕਤੂਬਰ 2025 : ਸਰਕਾਰੀ ਸਕੂਲਾਂ ਦੇ ਮੇਧਾਵੀ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰਕੇ ਉਨ੍ਹਾਂ ਨੂੰ ਇੰਜੀਨੀਅਰਿੰਗ ਤੇ ਮੈਡੀਕਲ ਕਾਲਜਾਂ ਤੱਕ ਲਿਜਾਣ ਲਈ ਸ਼ੁਰੂ ਕੀਤੀ ਐਚਐਮਈਐਲ ਦੀ ਸਕਾਲਰਸ਼ਿਪ ਯੋਜਨਾ ਦੇ ਚੰਗੇ ਨਤੀਜੇ ਸਾਹਮਣੇ ਆਉਣ ਲੱਗੇ ਹਨ। ਤਲਵੰਡੀ ਸਾਹਿਬ ਦੇ ਪਿੰਡ ਮਿਰਜ਼ੇਆਣਾ ਦੇ ਵਿਦਿਆਰਥੀ ਹਰਮਨਦੀਪ ਸਿੰਘ ਨੇ ਨੀਟ ਪਾਸ ਕਰਕੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ’ਚ ਐਮਬੀਬੀਐਸ ਵਿੱਚ ਦਾਖਲਾ ਲਿਆ ਹੈ, ਜਿਸ ਨਾਲ ਹੁਣ ਉਸਦਾ ਡਾਕਟਰ ਬਣਨ ਦਾ ਸੁਪਨਾ ਪੂਰਾ ਹੋਵੇਗਾ। ਸ਼ੁੱਕਰਵਾਰ ਨੂੰ ਐਚਐਮਈਐਲ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਸੀ.ਓ.ਓ. ਸ਼੍ਰੀ ਐਮ.ਬੀ. ਗੋਹਿਲ ਨੇ ਹਰਮਨਦੀਪ ਸਿੰਘ ਨੂੰ ਉਸਦੀ ਉਪਲਬਧੀ ਲਈ ਟੈਬ ਤੇ ਮੈਡੀਕਲ ਸਟਡੀ ਲਈ ਜ਼ਰੂਰੀ ਸਮਾਨ ਦੇ ਕੇ ਸਨਮਾਨਿਤ ਕੀਤਾ ਹੈ।
ਹਰਮਨਦੀਪ ਸਿੰਘ ਤਲਵੰਡੀ ਬਲਾਕ ਤੋਂ ਪਿਛਲੇ 4 ਸਾਲਾਂ ਵਿੱਚ ਚੌਥਾ ਵਿਦਿਆਰਥੀ ਹੈ ਜਿਸਨੇ ਸਰਕਾਰੀ ਸਕੂਲਾਂ ਵਿੱਚ ਮਿਲ ਰਹੀ ਐਚਐਮਈਐਲ ਸਕਾਲਰਸ਼ਿਪ ਦੀ ਮਦਦ ਨਾਲ ਆਪਣੀ ਪੜ੍ਹਾਈ ਨਾਂ ਸਿਰਫ਼ ਜਾਰੀ ਰੱਖੀ, ਸਗੋਂ ਮੈਡੀਕਲ ਕਾਲਜ ਤੱਕ ਦਾ ਸਫ਼ਰ ਤੈਅ ਕੀਤਾ। ਇਸ ਮੌਕੇ ਹਰਮਨਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿੰਡ ਮਿਰਜ਼ੇਆਣਾ ਦਾ ਦੂਜਾ ਵਿਦਿਆਰਥੀ ਹੋਵੇਗਾ ਜੋ ਡਾਕਟਰ ਬਣਨ ਦਾ ਸੁਪਨਾ ਪੂਰਾ ਕਰਨ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਬਚਪਨ ਤੋਂ ਹੀ ਉਸਦੀ ਇੱਛਾ ਡਾਕਟਰ ਬਣਨ ਦੀ ਸੀ ਜੋ ਰਿਫਾਇਨਰੀ ਸਦਕਾ ਪੂਰੀ ਹੋਣ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸਧਾਰਨ ਕਿਸਾਨ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਉਸ ਨੇ ਦਸਵੀਂ ਤੱਕ ਦੀ ਪੜ੍ਹਾਈ ਪ੍ਰਾਈਵੇਟ ਸਕੂਲ ਵਿੱਚ ਕੀਤੀ ਸੀ।
ਉਸ ਤੋਂ ਬਾਅਦ ਡਾਕਟਰ ਬਣਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਉਸਨੇ ਆਪਣੇ ਪਿੰਡ ਤੋਂ 18 ਕਿਲੋਮੀਟਰ ਦੂਰ ਤਲਵੰਡੀ ਸਾਹਿਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਮੈਡੀਕਲ ਵਿਸ਼ੇ ਵਿੱਚ ਦਾਖਲਾ ਲਿਆ। ਕਿਉਂਕਿ ਪਿੰਡ ਮਿਰਜ਼ਿਆਣਾ ਤੋਂ ਸਕੂਲ ਤੱਕ ਸਿੱਧੀ ਬਸ ਸੇਵਾ ਨਹੀਂ ਸੀ, ਇਸ ਲਈ ਉਹ ਹਰ ਰੋਜ਼ 18 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਕੂਲ ਜਾਂਦਾ ਸੀ। ਅਧਿਆਪਕਾਂ ਦੀ ਅਗਵਾਈ ਅਤੇ ਐਚਐਮਈਐਲ ਸਕਾਲਰਸ਼ਿਪ ਯੋਜਨਾ ਨਾਲ ਪ੍ਰੇਰਿਤ ਹੋਕੇ ਉਸਨੇ ਬਾਰ੍ਹਵੀਂ ਵਿੱਚ ਦੂਜਾ ਸਥਾਨ ਹਾਸਲ ਕੀਤਾ। ਇਸ ’ਤੇ ਐਚਐਮਈਐਲ ਨੇ ਉਸਨੂੰ 65 ਹਜ਼ਾਰ ਰੁਪਏ ਸਕਾਲਰਸ਼ਿਪ ਅਤੇ ਲੈਪਟਾਪ ਦਿੱਤਾ। ਸਕਾਲਰਸ਼ਿਪ ਤੇ ਲੈਪਟਾਪ ਨਾਲ ਉਸਨੇ ਆਨਲਾਈਨ ਤਿਆਰੀ ਕੀਤੀ ਅਤੇ ਨੀਟ ਪਾਸ ਕਰਕੇ ਪਟਿਆਲਾ ਮੈਡੀਕਲ ਕਾਲਜ ’ਚ ਐਮਬੀਬੀਐਸ ਵਿੱਚ ਦਾਖਲਾ ਲਿਆ।
ਉਸ ਦੀ ਅਧਿਆਪਕਾ ਹਰਜੋਤ ਕੌਰ ਨੇ ਦੱਸਿਆ ਕਿ ਐਚਐਮਈਐਲ ਸਕਾਲਰਸ਼ਿਪ ਯੋਜਨਾ ਨਾਲ ਵਿਦਿਆਰਥੀਆਂ ਵਿੱਚ ਪੜ੍ਹਾਈ ਦਾ ਮੁਕਾਬਲਾ ਵਧਿਆ ਹੈ ਅਤੇ ਕਈ ਬੱਚੇ ਹੁਣ ਪੇਸ਼ੇਵਰ ਪੜ੍ਹਾਈ ਵੱਲ ਪ੍ਰੇਰਿਤ ਹੋ ਰਹੇ ਹਨ। ਪ੍ਰਬੰਧਕਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਐਚਐਮਈਐਲ ਨੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਸਰਕਾਰੀ ਸਕੂਲੀ ਬੱਚਿਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਲਈ 2018 ਵਿੱਚ ‘ਨਗਰ ਸਕਾਲਰਸ਼ਿਪ ਯੋਜਨਾ’ ਸ਼ੁਰੂ ਕੀਤੀ ਸੀ ਤਾਂ ਜੋ ਬੱਚੇ ਮੁਕਾਬਲੇ ਵਾਲੀਆਂ ਪਰੀਖਿਆਵਾਂ ਪਾਰ ਕਰਕੇ ਮੈਡੀਕਲ ਤੇ ਇੰਜੀਨੀਅਰਿੰਗ ਕਾਲਜਾਂ ਤੱਕ ਪਹੁੰਚ ਸਕਣ। ਪਿਛਲੇ 6 ਸਾਲਾਂ ਵਿੱਚ 1612 ਵਿਦਿਆਰਥੀਆਂ ਨੂੰ ਨਕਦ ਸਕਾਲਰਸ਼ਿਪ ਦਿੱਤੀ ਗਈ ਹੈ।
ਇੰਨ੍ਹਾਂ ਵਿੱਚੋਂ 1200 ਤੋਂ ਵੱਧ ਸਿਰਫ਼ ਵਿਦਿਆਰਥਣਾਂ ਨੇ ਸਕਾਲਰਸ਼ਿਪ ਲਈ ਹੈ, ਜੋ ਧੀਆਂ ਦੀ ਪੜ੍ਹਾਈ ਵੱਲ ਵਧਦੇ ਕਦਮ ਦਾ ਸਬੂਤ ਹੈ। ਇਸ ਯੋਜਨਾ ਤਹਿਤ ਦਸਵੀਂ ਅਤੇ ਬਾਰ੍ਹਵੀਂ ਵਿੱਚ ਪਹਿਲੇ 3 ਸਥਾਨ ਹਾਸਲ ਕਰਨ ਵਾਲਿਆਂ ਨੂੰ ਲੈਪਟਾਪ ਤੇ ਟੈਬ ਦੇ ਕੇ ਹੌਸਲਾ ਅਫਜ਼ਾਈ ਕੀਤੀ ਜਾਂਦੀ ਹੈ। ਬਾਰ੍ਹਵੀਂ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਨੂੰ 75 ਹਜ਼ਾਰ ਰੁਪਏ ਅਤੇ ਦਸਵੀਂ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਨੂੰ 60 ਹਜ਼ਾਰ ਰੁਪਏ ਤੱਕ ਸਕਾਲਰਸ਼ਿਪ ਮਿਲਦੀ ਹੈ, ਜੋ ਉਨ੍ਹਾਂ ਦੀ ਉੱਚ ਸਿੱਖਿਆ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਮਦਦਗਾਰ ਸਾਬਤ ਹੋ ਰਹੀ ਹੈ। ਇਸ ਸਾਲ 2025 ਵਿੱਚ 226 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਜਾਵੇਗੀ, ਜਦਕਿ ਪਿਛਲੇ ਸਾਲ 2024 ਵਿੱਚ 217 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਗਈ ਸੀ।