ਵੱਡੀ ਖ਼ਬਰ: ED ਵੱਲੋਂ ਪੰਜਾਬ ਦੇ ਸਾਬਕਾ ਚੀਫ਼ ਸੈਕਟਰੀ ਨੂੰ ਸੰਮਨ; 31 ਅਗਸਤ ਨੂੰ ਹੋਵੇਗੀ ਪੇਸ਼ੀ
ਜਲੰਧਰ, 25 ਅਗਸਤ 2026: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸਨਟੈਕ ਸਿਟੀ ਅਤੇ ਅਲਟਸ ਸਪੇਸ ਬਿਲਡਰਜ਼ ਪ੍ਰਾਈਵੇਟ ਲਿਮਟਿਡ ਨਾਲ ਕਥਿਤ ਘਪਲੇ ਦੀ ਜਾਂਚ ਤੇਜ਼ ਕਰਦਿਆਂ ਪੰਜਾਬ ਦੇ ਸਾਬਕਾ ਚੀਫ਼ ਸੈਕਟਰੀ ਅਨੁਰਾਗ ਵਰਮਾ ਨੂੰ ਸੰਮਨ ਜਾਰੀ ਕੀਤੇ ਹਨ। ਟ੍ਰਿਬਿਊਨ ਦੀ ਖ਼ਬਰ ਮੁਤਾਬਿਕ, ਉਨ੍ਹਾਂ ਨੂੰ 31 ਅਗਸਤ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਇਸੇ ਮਾਮਲੇ ਵਿੱਚ IAS ਕੰਵਲ ਪ੍ਰੀਤ ਬਰਾੜ ਨੂੰ ਮੁੜ 27 ਅਗਸਤ ਨੂੰ ਜਲੰਧਰ ਸਥਿਤ ਈਡੀ ਦੇ ਜ਼ੋਨਲ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ।
ਕੰਵਲ ਪ੍ਰੀਤ ਬਰਾੜ ਇਸ ਤੋਂ ਪਹਿਲਾਂ 18 ਅਗਸਤ ਨੂੰ ਈਡੀ ਸਾਹਮਣੇ ਪੇਸ਼ ਹੋ ਚੁੱਕੇ ਹਨ। ਹੁਣ ਉਨ੍ਹਾਂ ਨੂੰ ਮਾਮਲੇ ਨਾਲ ਸਬੰਧਤ ਵਾਧੂ ਦਸਤਾਵੇਜ਼ ਲਿਆਉਣ ਲਈ ਕਿਹਾ ਗਿਆ ਹੈ। ਦੂਜੇ ਪਾਸੇ ਅਨੁਰਾਗ ਵਰਮਾ ਪਹਿਲੀ ਵਾਰ ਈਡੀ ਸਾਹਮਣੇ ਪੇਸ਼ ਹੋਣਗੇ। ਉਹ ਇਸ ਸਮੇਂ ਵਧੀਕ ਮੁੱਖ ਸਕੱਤਰ, ਮਾਲ ਵਿਭਾਗ ਵਜੋਂ ਤਾਇਨਾਤ ਹਨ, ਜਦਕਿ ਕਥਿਤ ਬੇਨਿਯਮੀਆਂ ਦੇ ਸਮੇਂ ਉਹ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਵਿਭਾਗ ਦੇ ਮੁਖੀ ਸਨ।
ਈਡੀ ਜਾਂਚ ਕਰ ਰਹੀ ਹੈ ਕਿ ਕਥਿਤ ਤੌਰ ’ਤੇ ਜ਼ਮੀਨ ਦੀ ਵਰਤੋਂ ਬਦਲਣ ਅਤੇ ਲੇਆਊਟ ਵਿੱਚ ਗ਼ੈਰ-ਅਧਿਕਾਰਤ ਤਬਦੀਲੀਆਂ ਕਰਨ ਸਮੇਂ ਨਿਯਮਾਂ ਦੀ ਉਲੰਘਣਾ ਹੋਈ ਜਾਂ ਨਹੀਂ ਅਤੇ ਕੀ ਇਨ੍ਹਾਂ ਤਬਦੀਲੀਆਂ ਦਾ ਲਾਭ ਨਿੱਜੀ ਬਿਲਡਰਾਂ ਨੂੰ ਪਹੁੰਚਾਇਆ ਗਿਆ।
ਜਾਂਚ ਵਿੱਚ ਮਿਊਰਵੁੱਡਜ਼ ਈਕੋਸਿਟੀ ਪ੍ਰਾਜੈਕਟ ਦੀਆਂ ਗਰੁੱਪ ਹਾਊਸਿੰਗ ਸਾਈਟਾਂ ਦੇ ਤਬਾਦਲੇ ਅਤੇ ਸਨਟੈਕ ਸਿਟੀ ਮਾਮਲੇ ਵਿੱਚ ਪੰਜਾਬ ਰੀਜਨਲ ਐਂਡ ਟਾਊਨ ਪਲੈਨਿੰਗ ਐਂਡ ਡਿਵੈਲਪਮੈਂਟ ਐਕਟ ਦੀਆਂ ਧਾਰਾਵਾਂ ਤਹਿਤ ਕੀਤੀ ਕਾਰਵਾਈ ਵੀ ਜਾਂਚ ਦੇ ਘੇਰੇ ਵਿੱਚ ਹੈ। 2022 ਵਿੱਚ ਨੀਤੀ ਵਿੱਚ ਹੋਏ ਬਦਲਾਅ ਨੂੰ ਲੈ ਕੇ ਵੀ ਜਾਂਚ ਵਿੱਚ ਸਵਾਲ ਉਠਾਏ ਜਾ ਰਹੇ ਹਨ।
- Download Babushahi App
-
-