ਮੇਰਾ ਕੋਨਾ/ ਨਿੰਦਰ ਘੁਗਿਆਣਵੀ
ਲੁਧਿਆਣੇ ਵਾਲੇ 'ਗਾਇਕਾਂ ਦੇ ਚੁਬਾਰੇ'
*****
ਧਰਮ ਕੰਮੇਆਣਾ ਪੰਜਾਬੀ ਦਾ ਬਹੁਪੱਖੀ ਸਾਹਿਤਕਾਰ ਹੈ। ਮੂਲ ਰੂਪ ਵਿੱਚ ਉਹ ਇਕ ਵੱਡਾ ਸ਼ਾਇਰ ਤੇ ਗੀਤਕਾਰ ਹੈ ਪਰ ਉਸਨੇ ਗੀਤਾਂ-ਕਵਿਤਾਵਾਂ ਦੇ ਨਾਲ ਨਾਲ ਨਾਵਲ ਵੀ ਸਿਰਜੇ ਹਨ। ਵਾਰਤਕ ਦੇ ਰੰਗ ਵਜੋਂ ਆਪਣੀ ਸਵੈ ਜੀਵਨੀ ਤੇ ਆਪਣੀ ਗੀਤਕਾਰੀ ਦਾ ਸਫਰ ਵੀ ਲਿਖਿਆ ਹੈ। ਬਾਲ ਸਾਹਿਤ ਬਾਰੇ ਵੀ ਕਈ ਕਿਤਾਬਾਂ ਲਿਖੀਆਂ। ਗੀਤਾਂ ਤੇ ਕਵਿਤਾਵਾਂ ਦੀਆਂ ਕਈ ਕਿਤਾਬਾਂ ਛਪੀਆਂ ਹਨ। ਇਸ ਨਾਵਲ ਸਮੇਤ ਨਾਵਲਾਂ ਦੀ ਗਿਣਤੀ 7 ਹੋ ਗਈ ਹੈ। ਇਕ ਸਫਰਨਾਮਾ ਤੇ ਇਕ ਮਿੰਨੀ ਕਹਾਣੀ ਸੰਗ੍ਰਹਿ ਵੀ ਛਪੇ। ਭਾਸ਼ਾ ਵਿਭਾਗ ਪੰਜਾਬ ਸਰਕਾਰ ਵਿੱਚ ਵੱਡਾ ਅਫਸਰ ਰਿਹਾ ਧਰਮ ਕੰਮੇਆਣਾ ਨਿਰੋਲ ਮਲਵੱਈ ਹੈ। ਉਸਦੇ ਲਿਖੇ ਤੇ ਵੱਖ ਵੱਖ ਗਾਇਕਾਂ ਤੇ ਗਾਇਕਾਵਾਂ ਵੱਲੋਂ ਗਾਏ ਗੀਤ ਤੇ ਦੋਗਾਣੇ ਏਨੇ ਮਸ਼ਹੂਰ ਹੋਏ ਕਿ ਬੱਚੇ ਬੱਚੇ ਦੀ ਜੁਬਾਨ ਉਤੇ ਚੜ ਗਏ। ਕੰਮੇਆਣਾ ਦੇ ਗੀਤ ਏਨੇ ਸੁਹਜ ਤੇ ਸਾਦਗੀ ਭਰਪੂਰ ਹਨ ਕਿ ਜਮਾਂ ਹੀ ਲੋਕ ਗੀਤਾਂ ਦੇ ਸਕੇ ਭਰਾ ਜਾਪਦੇ ਨੇ। ਇਹ ਬਹੁਤ ਮਾਣਮੱਤੀ ਗੱਲ ਹੈ।
ਪਿਛਲੇ ਦਿਨੀਂ ਧਰਮ ਜੀ ਨੇ ਆਪਣਾ ਛੋਟਾ ਨਾਵਲ ਭੇਜਿਆ, ਜੋ ਹੁਣੇ ਹੁਣੇ ਛਪਿਆ ਹੈ। ਗੀਤ ਸੰਗੀਤ ਨਾਲ ਨੇੜਲਾ ਲਗਾਵ ਹੋਣ ਕਰਕੇ ਮੇਰਾ ਨਾਵਲ ਦੇ ਨਾਂ 'ਗਾਇਕਾਂ ਦੇ ਚੁਬਾਰੇ' ਵੱਲ ਅਕਰਸ਼ਿਤ ਹੋਣਾ ਸੁਭਾਵਿਕ ਸੀ। ਨਾਵਲ ਦਾ ਟਾਈਟਲ ਵੇਂਹਦਿਆਂ ਮੈਨੂੰ ਲੁਧਿਆਣੇ ਬਸ ਅੱਡੇ ਮੂਹਰਲੇ ਗਾਇਕਾਂ ਦੇ ਚੁਬਾਰੇ ਚੇਤੇ ਆ ਗਏ, ਇਨਾਂ ਚੁਬਾਰਿਆਂ ਦੇ ਮੂਹਰਦੀ ਪੁਛਦੇ- ਪੁਛਦੇ ਤੁਰੇ ਜਾਂਦੇ ਮੈਂ ਤੇ ਮੇਰਾ ਪਿਤਾ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਡੇਰੇ ਅੱਪੜੇ ਸਾਂ 1988 ਵਿਚ, ਜਦ ਮੈਂ ਉਨਾਂ ਦਾ ਚੇਲਾ ਬਣਿਆ ਸਾਂ। ਖੈਰ! ਗੱਲ ਨਾਵਲ ਦੀ ਕਰੀਏ।
ਕੰਮੇਆਣਾ ਜੀ ਦਾ ਇਹ ਨਾਵਲ ਛੋਟੇ ਅਕਾਰ ਵਿੱਚ ਵੱਡੀ ਗੱਲ ਬਿਆਨ ਗਿਆ। ਇਸ ਨਾਵਲ ਵਿਚਲਾ ਸੱਚ ਲੇਖਕ ਨੇ ਹੱਡੀਂ ਹੰਢਾਇਆ ਹੈ। ਨਾਵਲ ਬਾਰੇ ਬੜਾ ਕੁਝ ਲਿਖਿਆ ਬੋਲਿਆ ਜਾ ਸਕਦਾ ਹੈ ਪਰ ਮੈਂ ਆਪਣੇ ਕਾਲਮ 'ਮੇਰਾ ਕੋਨਾ' ਵਿੱਚ ਸੰਖੇਪ ਰੂਪੀ ਗੱਲ ਕਰ ਰਿਹਾ ਹਾਂ। ਇਸ ਨਾਵਲ ਦੇ ਮੁਖ ਪਾਤਰ ਨੂੰ ਮੈਂ ਜੀਵਨ ਵਿਚ ਸਿਰਫ ਦੋ ਵਾਰ ਮਿਲ ਸਕਿਆ ਸਾਂ ਤੇ ਉਸ ਬਾਰੇ ਫੀਚਰ ਵੀ ਲਿਖਿਆ ਸੀ। ਉਹ ਮਾਲਵੇ ਦਾ ਬੜਾ ਨਾਮਵਰ ਗਾਇਕ ਸੀ ਤੇ ਆਪਣੇ ਅਖਾੜੇ ਵਿਚ ਹੀ ਇਕ ਪੁਲਸੀਏ ਹੱਥੋਂ ਮਾਰਿਆ ਗਿਆ ਸੀ। ਕੰਮੇਆਣਾ ਨੇ ਉਸਦਾ ਨਾਂ 'ਇਰਸ਼ਾਦ ਅਲੀ' ਰੱਖਿਆ ਹੈ ਤੇ ਆਪਣਾ ਨਾਂ 'ਧਨਵੰਤ ਸਿੰਘ' । ਨਾਮ ਤੇ ਖਿੱਤਾ ਇਲਾਕਾ ਮਿਲਦੇ ਜੁਲਦੇ ਹੋਣ ਕਾਰਨ ਪਾਠਕ ਨੂੰ ਪਾਤਰਾਂ ਦੀ ਪਛਾਣ ਆਉਣ ਵਿਚ ਦਿੱਕਤ ਨਹੀ ਆਉਂਦੀ। ਇਹ ਨਾਵਲ ਇਕ ਤਰਾਂ ਇਰਸ਼ਾਦ ਅਲੀ ਦਾ ਜੀਵਨ ਬਿਰਤਾਂਤ ਹੀ ਹੈ। ਲੇਖਕ ਖੁਦ ਲੰਬਾ ਸਮਾਂ ਉਸ ਨਾਲ ਫਰੀਦਕੋਟ ਬਰਜਿੰਦਰਾ ਕਾਲਜ ਵਿਚ ਪੜਿਆ ਤੇ ਥਾਂ ਥਾਂ ਵਿਚਰਿਆ- ਵਰਤਿਆ। ਪਰਿਵਾਰਕ ਸਾਂਝ ਵੀ ਡੂੰਘੀ ਸੀ। ਇਰਸ਼ਾਦ ਦੇ ਸੁਭਾਓ, ਸੰਗੀਤ ਪ੍ਰਤੀ ਲਗਨ ਤੇ ਸਾਧਨਾ, ਗਾਇਕ ਦੇ ਬਾਪੂ, ਭਰਾ ਭੈਣਾ ਬਾਰੇ ਵੀ ਚਾਨਣਾ ਪਾਇਆ ਹੋਇਆ ਹੈ। ਪਰਿਵਾਰਕ ਤਰਾਸਦੀ, ਪਤਨੀ ਦਾ ਕਲੇਸ਼, ਦਾਰੂ ਦਾ ਹਾਵੀ ਹੋਣਾ ਆਦਿ ਸਭ ਨਿੱਕੇ ਨਿੱਕੇ ਵੇਰਵੇ ਦਿਲਚਸਪ ਹਨ ਪਰ ਉਦਾਸ ਕਰਨ ਵਾਲੇ ਹਨ। ਕਲਾ ਦਾ ਕਿਵੇਂ ਦਮ ਘੁਟਦਾ ਹੈ। ਕਲਾ ਕਿਵੇਂ ਅੰਗੜਾਈ ਭੰਨਦੀ ਹੈ, ਸਾਹ ਰੋਕ ਕੇ ਪੜਿਆ ਜਾਂਦਾ ਹੈ। ਇਸ ਰਚਨਾ ਬਾਰੇ ਬੜਾ ਕੁਝ ਕਿਹਾ ਲਿਖਿਆ ਜਾ ਸਕਦਾ ਹੈ। ਮੈਂ ਸਮਝਦਾ ਹਾਂ ਕਿ ਧਰਮ ਕੰਮੇਆਣਾ ਦੀ ਸੱਚਾਈ ਭਰਪੂਰ ਇਹ ਸਾਹਿਤਕ ਰਚਨਾ ਆਪਣੇ ਸਵਰਗੀ ਦੋਸਤ ਨੂੰ ਸ਼ਰਧਾਂਜਲੀ ਹੈ। ਕੰਮੇਆਣਾ ਦਾ ਇਹ ਨਾਵਲ ਗੀਤ ਸੰਗੀਤ ਨਾਲ ਮੱਸ ਰੱਖਣ ਵਾਲੇ ਜਰੂਰ ਪੜਨ। ਬੜੀ ਅਹਿਮ ਜਾਣਕਾਰੀ ਹੈ। ਪਟਿਆਲਾ ਦੇ ਜੇ ਪੀ ਪਰਕਾਸ਼ਨ ਨੇ ਛਾਪਿਆ ਹੈ।
ਉਨਾਂ ਦਾ ਨੰਬਰ ਹੈ 9781414118

-
ਨਿੰਦਰ ਘੁਗਿਆਣਵੀ, writer
adafaf@ad
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.