ਕੁਦਰਤ ਨਾਲ ਕੀਤੀ ਛੇੜਛਾੜ ਦਾ ਨਤੀਜਾ ਨੇ ਪੰਜਾਬ 'ਚ ਆਏ ਹੜ੍ਹ - ਸੰਤ ਸੀਚੇਵਾਲ
ਭਾਈ ਘਨ੍ਹਈਆ ਜੀ ਦੇ ਜਨਮ ਦਿਨ ‘ਤੇ ਕੀਤੇ ਸਮਾਗਮ ਵਿੱਚ ਕੀਤੀ ਸ਼ਿਰਕਤ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 21 ਸਤੰਬਰ 2025- ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਕੁਦਰਤ ਨਾਲ ਛੇੜਛਾੜ ਦਾ ਹੀ ਨਤੀਜਾ ਹੈ ਕਿ ਪੰਜਾਬ ਸਮੇਤ ਉਤਰੀ ਭਾਰਤ ਦੇ ਸੂਬਿਆਂ ਨੂੰ ਹੜ੍ਹਾਂ ਦੇ ਰੂਪ ਵਿੱਚ ਭਿਆਨਕ ਤਬਾਹੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਰਸਾ ਵਿੱਚ ਕਰਵਾਏ ਗਏ ਭਾਈ ਘਨ੍ਹਈਆ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਵਿੱਚ ਬੋਲਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਨਾਲ ਵੱਡੇ ਪੱਧਰ ‘ਤੇ ਤਬਾਹੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਈ ਦਿਨ ਲਗਾਤਾਰ ਮੀਹ ਪੈਣੇ ਵੀ ਜਲਵਾਯੂ ਤਬਦੀਲੀ ਦਾ ਅਸਰ ਹੈ। ਆਲਮੀ ਪੱਧਰ ‘ਤੇ ਜਲਵਾਯੂ ਵਿਚ ਹੋ ਰਹੀ ਤਬਦੀਲੀ ਇਸ ਧਰਤੀ ਲਈ ਖਤਰਨਾਕ ਸਾਬਿਤ ਹੋ ਰਹੀ ਹੈ।
ਸੰਤ ਸੀਚੇਵਾਲ ਨੇ ਸਮਾਗਮ ਦੌਰਾਨ ਵੱਡੇ ਇੱਕਠ ਨੂੰ ਸੰਬੋਧਨ ਕਰਦਿਆ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਆਲਮੀ ਤਪਸ਼ ਨੂੰ ਘਟਾਏ ਬਿਨ੍ਹਾਂ ਜਲਵਾਯੂ ਦੀ ਤਬਦੀਲੀ ਕੰਟਰੋਲ ਵਿੱਚ ਨਹੀਂ ਆਵੇਗੀ। ਉਨ੍ਹਾ ਕਿਹਾ ਕਿ ਇਸ ਦਾ ਇੱਕੋ ਇੱਕ ਹੱਲ ਹੈ ਕਿ ਵੱਡੀ ਪੱਧਰ ‘ਤੇ ਰੁੱਖ ਲਾਏ ਜਾਣ ਅਤੇ ਲਾਏ ਗਏ ਰੱੁਖਾਂ ਦੀ ਸੰਭਾਲ ਕੀਤੀ ਜਾਵੇ। ਉਨ੍ਹਾਂ ਸਿਰਸੇ ਵਿੱਚ ਭਾਈ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਬੇਸਹਾਰਿਆ ਦੇ ਲਈ ਚਲਾਈ ਜਾ ਰਹੀ ਸੰਸਥਾ ਦੀ ਸ਼ਲਾਂਘਾ ਕੀਤੀ।
ਸੰਤ ਸੀਚੇਵਾਲ ਨੇ ਭਾਈ ਗੁਰਵਿੰਦਰ ਸਿੰਘ ਦਾ ਧੰਨਵਾਦ ਕਰਦਿਆ ਕਿਹਾ ਕਿ ਜਿਹਨਾਂ ਨੇ ਕੁਦਰਤ ਨੂੰ ਸਾਂਭਿਆ ਹੋਇਆ ਹੈ। ਭਾਈ ਗੁਰਵਿੰਦਰ ਸਿੰਘ ਵੱਲੋਂ ਅੱਧੇ ਏਕੜ ਵਿੱਚ ਜੰਗਲ ਲਗਾਇਆ ਹੈ ਜਿੱਥੇ ਪੰਛੀਆਂ ਨੇ ਆਪਣੇ ਰੈਣ ਬਸੇਰੇ ਬਣਾ ਲਏ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ, ਅਲੋਪ ਹੋ ਚੁੱਕੇ ਪੰਛੀ ਆਪਣੇ ਆਪ ਆ ਜਾਣਗੇ।
ਇਸ ਸਮਾਗਮ ਵਿੱਚ ਨਾਮਧਾਰੀ ਸੰਪ੍ਰਦਾ ਦੇ ਮੁਖੀ ਸਤਿਗੁਰੂ ਊਦੈ ਸਿੰਘ, ਉੜੀਸਾ ਦੇ ਸਾਬਕਾ ਰਾਜਪਾਲ ਅਤੇ ਹੋਰ ਬਹੁਤ ਸਾਰੀਆਂ ਸਖਸ਼ੀਅਤਾਂ ਨੇ ਹਾਜ਼ਰੀ ਭਰੀ ਤੇ ਸਮਾਗਮ ਨੂੰ ਸੰਬੋਧਨ ਕੀਤਾ। ਸੰਸਥਾ ਵੱਲੋਂ ਸੰਤ ਸੀਚੇਵਾਲ ਸਮੇਤ ਆਈਆਂ ਸਾਰੀਆਂ ਪ੍ਰਮੁੱਖ ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ।