Babushahi Special ਸਿਆਸਤ ਦੀ ਹਿੱਕ ’ਚ ਵੱਜਣ ਲੱਗੀ ‘ਉਸਮਾਂ ਕਾਂਡ’ ਨਾਲ ਚਰਚਾ ’ਚ ਆਈ ਹਰਬਿੰਦਰ ਕੌਰ ਉਸਮਾਂ
ਅਸ਼ੋਕ ਵਰਮਾ
ਬਠਿੰਡਾ, 20 ਸਤੰਬਰ 2025: ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ ਕਈ ਪੁਲਿਸ ਮੁਲਾਜਮਾਂ ਨੂੰ ਸਜ਼ਾ ਦਿਵਾਉਣ ’ਚ ਸਫਲ ਰਹਿਣ ਵਾਲੀ ਹਰਬਿੰਦਰ ਕੌਰ ਉਸਮਾਂ ਨੇ ਸਿਆਸੀ ਪਿੜ ’ਚ ਉਤਰਨ ਦੀ ਅਗੇਤਿਆਂ ਹੀ ਤਿਆਰੀ ਵਿੱਢ ਦਿੱਤੀ ਹੈ। ਭਾਵੇਂ ਹਾਲੇ ਇਸ ਸਭ ਕਾਸੇ ਨੂੰ ਫਿਲਹਾਲ ਕਾਫੀ ਵਕਤ ਹੈ ਪਰ ਹਰਬਿੰਦਰ ਕੌਰ ਉਸਮਾਂ ਦੀਆਂ ਤਰਨਤਾਰਨ ਹਲਕੇ ’ਚ ਲਗਾਤਾਰ ਸਰਗਰਮੀਆਂ ਤੋਂ ਨਵੇਂ ਚਰਚੇ ਛਿੜੇ ਹਨ। ਦਲਿਤ ਪ੍ਰੀਵਾਰ ਨਾਲ ਸਬੰਧ ਰੱਖਣ ਵਾਲੀ ਹਰਬਿੰਦਰ ਕੌਰ ਦੀ ਸਾਲ 2013 ਦੌਰਾਨ ਅੱਧੀ ਦਰਜਨ ਤੋਂ ਵੱਧ ਪੁਲਿਸ ਮੁਲਾਜਮਾਂ ਤੋਂ ਇਲਾਵਾ ਤੱਤਕਾਲੀ ਟੈਕਸੀ ਡਰਾਈਵਰ ਅਤੇ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ ਕਈ ਜਣਿਆਂ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ। ਬੇਸ਼ੱਕ ਉਦੋਂ ਸੋਸ਼ਲ ਮੀਡੀਆ ਦਾ ਜਮਾਨਾ ਨਹੀਂ ਸੀ ਪਰ ਇੱਕ ਲੜਕੀ ਨਾਲ ਜਨਤਕ ਤੌਰ ਤੇ ਵਰਤਾਇਆ ਮੰਦਭਾਗਾ ਵਰਤਾਰਾ ਕੌਮਾਂਤਰੀ ਪੱਧਰ ਤੇ ਚਰਚਾ ਦਾ ਵਿਸ਼ਾ ਬਣਿਆ ਸੀ।
ਹਾਲਾਂਕਿ ਇਸ ਘਟਨਾ ਤੋਂ ਬਾਅਦ ਲਗਾਤਾਰ ਪੁਲਿਸ ਦੀ ਜਾਂਚ ਅਤੇ ਅਦਾਲਤੀ ਪ੍ਰਕਿਰਿਆ ’ਚ ਉਲਝਣ ਦੇ ਨਾਲ ਨਾਲ ਆਪਣੇ ਪ੍ਰੀਵਾਰ ਦੀ ਸੁਰੱਖਿਆ ਨੂੰ ਲੈਕੇ ਹਰਬਿੰੰਦਰ ਕੌਰ ਉਸਮਾਂ ਕਈ ਸਾਲ ਗੁੰਮਨਾਮੀ ਦੇ ਹਨੇਰੇ ਵਿੱਚ ਰਹੀ ਸੀ ਪਰ ਵਿਧਾਇਕ ਲਾਲਪੁਰਾ ਆਦਿ ਨੂੰ ਸਜ਼ਾ ਹੋਣ ਤੋਂ ਬਾਅਦ ਇਸ ਬੀਬੀ ਚਰਚਾ ਨੇ ਪੰਜਾਬ ਦੀਆਂ ਸਫਾਂ ਵਿੱਚ ਮੁੜ ਤੋਂ ਜੋਰ ਫੜ੍ਹਿਆ ਹੈ। ਬੀਬੀ ਅਜਾਦ ਤੌਰ ਤੇ ਚੋਣ ਲੜਨ ਜਾ ਰਹੀ ਹੈ ਅਤੇ ਇਹ ਵੀ ਹਕੀਕਤ ਹੈ ਕਿ ਵਿਧਾਨ ਸਭਾ ਚੋਣਾਂ ਮੌਕੇ ਅਜ਼ਾਦ ਉਮੀਦਵਾਰਾਂ ਨੂੰ ਬਹੁਤੀ ਅਹਿਮੀਅਤ ਨਹੀਂ ਮਿਲਦੀ ਫਿਰ ਵੀ ਕਈ ਵਾਰ ਅਜ਼ਾਦਾਂ ਚੋਂ ਛੁਪੇ ਰੁਸਤਮ ਨਿਕਲ ਕੇ ਸਾਹਮਣੇ ਆੳਂਦੇ ਰਹੇ ਹਨ। ਆਪਣੇ ਨਾਲ ਹੋਈ ਵਧੀਕੀ ਦੇ ਮਾਮਲੇ ’ਚ ਜਿੱਤ ਹਾਸਲ ਕਰਨ ਤੋਂ ਬਾਅਦ ਹਰਬਿੰਦਰ ਕੌਰ ਕਾਫੀ ਹੌਂਸਲੇ ਵਿੱਚ ਨਜ਼ਰ ਆ ਰਹੀ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਬੀਬੀ ਉਸਮਾਂ ਨੂੰ ਹਮਦਰਦੀ ਦੀ ਵੋਟ ਮਿਲਣ ਦੀ ਪੂਰੀ ਪੂਰੀ ਆਸ ਹੈ।
ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਉਨ੍ਹਾਂ ਦੇ ਪਤੀ ਬਾਬਾ ਨਛੱਤਰ ਨਾਥ ਸ਼ੇਰਗਿੱਲ ਗੁਰੂ ਗਿਆਨ ਨਾਥ ਵਾਲਮੀਕ ਧਰਮ ਸਮਾਜ ਅੰਮ੍ਰਿਤਸਰ ਦੇ ਸਰਪ੍ਰਸਤ ਹਨ ਜਿਨ੍ਹਾਂ ਦਾ ਇਲਾਕੇ ਵਿੱਚ ਚੰਗਾ ਅਸਰ ਰਸੂਖ ਹੈ । ਮੰਨਿਆ ਜਾ ਰਿਹਾ ਹੈ ਕਿ ਇਹੋ ਪ੍ਰਭਾਵ ਇਸ ਸਿਆਸੀ ਜੰਗ ਦੌਰਾਨ ਸਹਾਈ ਹੋ ਸਕਦਾ ਹੈ। ਹਰਬਿੰਦਰ ਕੌਰ ਖੁਦ ਵੀ ਇਸੇ ਸੰਸਥਾ ਦੀ ਚੇਅਰਪਰਸਨ ਹੈ ਜਿਸ ਕਰਕੇ ਵੀ ਪ੍ਰੀਵਾਰ ਭਰਵੇਂ ਹੁੰਗਾਰੇ ਪ੍ਰਤੀ ਆਸਵੰਦ ਹੈ। ਪਿਛਲੇ ਕੁੱਝ ਸਮੇਂ ਤੋਂ ਬੀਬੀ ਉਸਮਾਂ ਨੇ ਹਲਕੇ ’ਚ ਲੋਕਾਂ ਨੂੰ ਮਿਲਣ ਦਾ ਸਿਲਸਲਾ ਸ਼ੁਰੂ ਕੀਤਾ ਹੋਇਆ ਹੈ। ਵੱਡੀ ਗਿਣਤੀ ਲੋਕ ਹਰ ਰੋਜ਼ ਉਨ੍ਹਾਂ ਨੂੰ ਪ੍ਰੀਵਾਰ ਦੀ ਰਿਹਾਇਸ਼ ਤੇ ਵੀ ਮਿਲਣ ਲਈ ਆਉਣ ਲੱਗੇ ਹਨ। ਅੱਜ ‘ਬਾਬੂਸ਼ਾਹੀ ’ ਨਾਲ ਗੱਲਬਾਤ ਕਰਦਿਆਂ ਬਾਬਾ ਨਛੱਤਰ ਨਾਥ ਸ਼ੇਰਗਿੱਲ ਦਾ ਵੀ ਇਹੋ ਕਹਿਣਾ ਸੀ ਕਿ ਨਵੇਂ ਹਾਲਾਤਾਂ ਦੇ ਮੱਦੇਨਜ਼ਰ ਹਰਬਿੰਦਰ ਕੌਰ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਜਿਮਨੀ ਚੋਣ ਲੜਣ ਜਾ ਰਹੀ ਹੈ।
ਹਰਬਿੰਦਰ ਕੌਰ ਨੇ ਵੀ ਜਿਮਨੀ ਚੋਣ ਲੜਨ ਲਈ ਤਿਆਰੀਆਂ ਸ਼ੁਰੂ ਕਰਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਲੋਕਾਂ ਨੂੰ ਆਪਣੀਆਂ ਵੋਟਾਂ ਰਾਹੀਂ ਆਪਣੇ ਹੱਕਾਂ ਦੀ ਗੱਲ ਕਰਨ ਅਤੇ ਲੜਾਈ ਲੜਨ ਵਾਲਾ ਉਮੀਦਵਾਰ ਚੁਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਲਕਾ ਵਾਸੀਆਂ ਵੱਲੋਂ ਭਰਪੂਰ ਪਿਆਰ ਮਿਲ ਰਿਹਾ ਹੈ। ਸਰਗਰਮ ਸਿਆਸਤ ’ਚ ਆਉਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਆਖਿਆ ਕਿ ਹਲਕੇ ਚੋਂ ਹਜ਼ਾਰਾਂ ਲੋਕ ਆਪ ਮੁਹਾਰੇ ਅੱਗੇ ਆਉਣ ਲੱਗੇ ਹਨ ਜਿਸ ਕਰਕੇ ਉਨ੍ਹਾਂ ਇਹ ਫੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਹਲਕੇ ’ਚ ਨੁੱਕੜ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਕੀਤਾ ਗਿਆ ਸੀ ਪਰ ਲਾਲਪੁਰਾ ਹਮਾਇਤੀਆਂ ਵੱਲੋਂ ਕਥਿਤ ਤੌਰ ਤੇ ਧਮਕੀਆਂ ਦੇਣ ਕਾਰਨ ਇੱਕ ਵਾਰ ਜਨਤਕ ਮੀਟਿੰਗਾਂ ਨੂੰ ਵਿਰਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਇਲਾਕਾ ਵਾਸੀ ਉਸੇ ਤਰਾਂ ਹੀ ਘਰ ਆਉਦੇ ਹਨ ਅਤੇ ਡਟਣ ਦਾ ਭਰੋਸਾ ਦਿਵਾਇਆ ਜਾ ਰਿਹਾ ਹੈ।

ਜਿਕਰ ਯੋਗ ਹੈ ਕਿ ਹਰਬਿੰਦਰ ਕੌਰ ਪਹਿਲੀ ਵਾਰ ਉਦੋਂ ਚਰਚਾ ਵਿੱਚ ਆਈ ਜਦੋਂ 3 ਮਾਰਚ, 2013 ਨੂੰ ਤਰਨਤਾਰਨ ਦੇ ਇੱਕ ਪੈਲੇਸ ਦੇ ਬਾਹਰ ਤੱਤਕਾਲੀ ਟੈਕਸੀ ਡਰਾਈਵਰ ਮਨਜਿੰਦਰ ਸਿੰਘ ਲਾਲਪੁਰਾ ਤੇ ਉਸ ਦੇ ਸਾਥੀ ਡਰਾਈਵਰਾਂ ਨੇ ਉਸ ਨਾਲ ਇਤਰਾਜਯੋਗ ਹਰਕਤਾਂ ਕੀਤੀਆਂ। ਵਿਰੋਧ ਕਰਨ ਤੇ ਲਾਲਪੁਰਾ ਆਦਿ ਨੇ ਪੁਲਿਸ ਸੱਦ ਲਈ ਅਤੇ 8 ਪੁਲਿਸ ਮੁਲਾਜਮਾਂ ਤੇ 4 ਟੈਕਸੀ ਡਰਾਈਵਰਾਂ ਨੇ ਉਸ ਦੀ ਬੁਰੀ ਤਰਾਂ ਕੁੱਟਮਾਰ ਕੀਤੀ। ਇਸ ਮੌਕੇ ਉਸ ਦੇ ਕੱਪੜੇ ਤੱਕ ਪਾੜ ਦਿੱਤੇ ਗਏ ਅਤੇ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ। ਹਰਬਿੰਦਰ ਕੌਰ ਅਨੁਸਾਰ ਉਨ੍ਹਾਂ ਤੇ ਕੇਸ ਨਾਂ ਕਰਨ ਦਾ ਦਬਾਅ ਬਣਾਇਆ ਪਰ ਜਦੋਂ ਕੁੱਟਮਾਰ ਸਬੰਧੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਤਾਂ ਪੁਲਿਸ ਨੂੰ ਮੁਕੱਦਮਾ ਦਰਜ ਕਰਨਾ ਪਿਆ। ਇਸ ਮਾਮਲੇ ਵਿੱਚ ਖਡੂਰ ਸਾਹਿਬ ਤੋਂ ਹਾਕਮ ਧਿਰ ‘ਆਮ ਆਦਮੀ ਪਾਰਟੀ’ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ 11 ਜਣਿਆਂ ਨੂੰ ਤਰਨਤਾਰਨ ਅਦਾਲਤ ਨੇ ਸਜ਼ਾ ਸੁਣਾਈ ਹੈ।
ਦ੍ਰਿੜ ਇਰਾਦੇ ਨਾਲ ਲੜਾਂਗੀ ਚੋਣ
ਹਰਬਿੰਦਰ ਕੌਰ ਦਾ ਕਹਿਣਾ ਸੀ ਕਿ ਉਹ ਆਪਣੇ ਕੇਸ ਦੀ ਤਰਾਂ ਚੋਣ ਵੀ ਪੂਰੇ ਦ੍ਰਿੜ ਇਰਾਦੇ ਨਾਲ ਲੜੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਾਮਲਾ ਇੱਕ ਤਰਾਂ ਨਾਲ ਮਿਸਾਲ ਬਣਿਆ ਹੈ ਕਿ ਕਿਸ ਤਰਾਂ ਹੌਂਸਲੇ ਨਾਲ ਕੋਈ ਵੀ ਲੜਾਈ ਜਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਿੱਤ ਦੀ ਪੂਰਨ ਆਸ ਹੈ।