ਸ਼੍ਰੋਮਣੀ ਪੰਜਾਬੀ ਗ਼ਜ਼ਲਕਾਰ ਪ੍ਰਿੰ. ਤਖ਼ਤ ਸਿੰਘ ਦੀ ਸਾਹਿਤਕ ਦੇਣ ਸਬੰਧੀ ਭਾਰਤੀ ਸਾਹਿਤ ਅਕਾਡਮੀ ਦਿੱਲੀ ਵੱਲੋਂ ਜਗਰਾਉਂ 'ਚ ਵਿਚਾਰ ਗੋਸ਼ਟੀ
ਪ੍ਹੋਃ ਗੁਰਭਜਨ ਸਿੰਘ ਗਿੱਲ ਨੇ ਕੀਤੀ ਪ੍ਰਧਾਨਗੀ
ਜਗਰਾਓਂ (ਲੁਧਿਆਣਾ) , 21 ਸਤੰਬਰ 2025- ਭਾਰਤੀ ਸਾਹਿਤ ਅਕੈਡਮੀ ਦਿੱਲੀ ਵੱਲੋਂ ਸਾਹਿਤ ਸਭਾ ਜਗਰਾਉਂ ਦੇ ਸਹਿਯੋਗ ਨਾਲ ਪੁਲਿਸ ਵੈਲਫੇਅਰ ਐਸੋਸੀਏਸ਼ਨ ਹਾਲ ਜਗਰਾਉਂ ਵਿਖੇ ਉਸਤਾਦ ਗ਼ਜ਼ਲਗੋ ਪ੍ਰਿੰਸੀਪਲ ਤਖਤ ਸਿੰਘ ਦੇ ਜੀਵਨ ਅਤੇ ਸਾਹਿੱਤਕ ਦੇਣ ਬਾਰੇ ਸੈਮੀਨਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਪ੍ਰਸਿੱਧ ਸ਼ਾਇਰ ਪ੍ਹੋੑ ਗੁਰਭਜਨ ਸਿੰਘ ਗਿੱਲ ਚੇਅਰਮੈਨ, ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਨੇ ਕੀਤੀ।
ਸਮਾਗਮ ਦੀ ਸ਼ੁਰੂਆਤ ਪ੍ਰਸਿੱਧ ਗ਼ਜ਼ਲਕਾਰ ਤ੍ਰੈਲੋਚਨ ਲੋਚੀ ਵੱਲੋਂ ਪ੍ਰਿੰਸੀਪਲ ਤਖ਼ਤ ਸਿੰਘ ਜੀ ਦੀ ਗ਼ਜ਼ਲ ਦੇ ਗਾਇਨ ਨਾਲ਼ ਹੋਈ । ਇਸ ਮੌਕੇ ਪੇਪਰ ਪੜ੍ਹਦਿਆਂ ਪ੍ਰਸਿੱਧ ਆਲੋਚਕ ਡਾੑ ਸ਼ਮਸ਼ੇਰ ਮੋਹੀ ਨੇ ਕਿਹਾ ਕਿ ਪ੍ਰਿੰਸੀਪਲ ਤਖ਼ਤ ਸਿੰਘ ਪੰਜਾਬੀ ਗ਼ਜ਼ਲ ਨੂੰ ਪੰਜਾਬੀ ਦਾ ਮੌਲਿਕ ਰੰਗ ਪ੍ਰਦਾਨ ਕਰਕੇ ਇਤਿਹਾਸਕ ਕਾਰਜ ਕਰਦਾ ਹੈ। ਉਸ ਨੇ ਪੰਜਾਬੀ ਗ਼ਜ਼ਲ ਦੇ ਵਿਕਾਸ ਲਈ ਮਿਸਾਲੀ ਕਾਰਜ ਕੀਤਾ। ਉਸਦੀ ਗ਼ਜ਼ਲ ਕਲਾ ਅਤੇ ਵਸਤੂ ਪੱਖ ਦੋਵੇਂ ਪੱਖਾਂ ਤੋਂ ਸਫਲ ਹੈ।
ਨੌਜਵਾਨ ਆਲੋਚਕ ਡਾ ਦੀਪਕ ਧਲੇਵਾਂ ਨੇ ਕਿਹਾ ਕਿ ਪ੍ਰਿੰਸੀਪਲ ਤਖ਼ਤ ਸਿੰਘ ਨੇ ਪੰਜਾਬੀ ਗ਼ਜ਼ਲ ਦੇ ਵਿਕਾਸ ਅਤੇ ਉਸਦੇ ਭਵਿੱਖ ਲਈ ਗੌਲਣਯੋਗ ਕਾਰਜ ਕੀਤਾ। ਪਰੰਪਰਕ ਗ਼ਜ਼ਲ ਦੀ ਥਾਂ ਪੰਜਾਬੀ ਗ਼ਜ਼ਲ ਨੂੰ ਮੌਲਿਕ ਮੁਹਾਵਰਾ ਦਿੱਤਾ। ਬਹੁਪੱਖੀ ਲੇਖਕ ਅਤੇ ਅਕੈਡਮੀ ਦੇ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਅਕੈਡਮੀ ਦੀਆਂ ਇਸ ਸਾਲ ਦੇ ਅੰਤ ਤੱਕ ਹੋਣ ਵਾਲੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੰਦਿਆਂ ਬੀਤੇ ਸਮੇਂ ਵਿਚ ਹੋਏ ਸਮਾਗਮਾਂ ਦੀ ਜਾਣਕਾਰੀ ਦਿੱਤੀ । ਸਾਹਿਤ ਸਭਾ ਜਗਰਾਓਂ ਦੇ ਪ੍ਰਧਾਨ ਤੇ ਪੰਜਾਬੀ ਕਵੀ ਅਵਤਾਰ ਸਿੰਘ ਨੇ ਕਿਹਾ ਕਿ ਪ੍ਰਿੰਸੀਪਲ ਤਖ਼ਤ ਸਿੰਘ ਦੀ ਗ਼ਜ਼ਲ ਮਨੁੱਖ ਦੀ ਅਰਧਚੇਤਨ ਰਾਹੀਂ ਦਸਦੀ ਹੈ ਕਿ ਬਹੁਪੱਖੀ ਜਗਿਆਸਾਵਾਂ ਰਾਹੀਂ ਮਨੁੱਖ ਸੰਤਾਪ ਭੋਗ ਰਿਹਾ ਹੈ । ਕਈ ਸਾਰਥਿਕ ਕਰਨਾ ਚਾਹੁੰਦਾ ਵੀ ਪੰਧ ਤੋਂ ਥਿੜਕ ਜਾਂਦਾ ਹੈ ।
ਪ੍ਰਧਾਨਗੀ ਭਾਸ਼ਨ ਦਿੰਦਿਆਂ ਪ੍ਹੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪ੍ਰਿੰਸੀਪਲ ਤਖ਼ਤ ਸਿੰਘ ਤ੍ਰੈਕਾਲ- ਦਰਸ਼ੀ ਪੰਜਾਬੀ ਗ਼ਜ਼ਲਕਾਰ ਸੀ। ਜਿਸਦੀਆਂ ਜੜ੍ਹਾਂ ਫਾਰਸੀ , ਉਰਦੂ ਗ਼ਜ਼ਲ ਰਵਾਇਤ ਵਿਚ ਹਨ । ਉਹ ਵਰਤਮਾਨ ਨੂੰ ਬਦਲ ਰਹੇ ਸਮਾਜਕ ਤੇ ਰਾਜਨੀਤਕ ਵਰਤਾਰੇ ਦੇ ਪ੍ਰਿਜ਼ਮ ਰਾਹੀਂ ਵੇਖਦਾ ਹੈ ਅਤੇ ਉਸਦੀ ਭਵਿੱਖ ਮੁਖੀ ਨੀਝ ਚੰਗਾ ਸਾਫ਼ ਸੁਥਰਾ ਸੁੱਚਾ ਪੰਜਾਬੀ ਮਨ ਉਸਾਰਨ ਦਾ ਸੀ, ਜੋ ਇਸ ਧਰਤੀ ਦੀ ਮਾਣ ਮਰਿਆਦਾ ਅਤੇ ਸਦੀਆਂ ਪੁਰਾਣੀ ਵਿਰਾਸਤ ਨੂੰ ਆਤਮਸਾਤ ਕਰਕੇ ਅੱਗੇ ਵਧਿਆ ਜਾ ਸਕੇ। ਉਨ੍ਹਾਂ ਪ੍ਹਿੰਃ ਤਖ਼ਤ ਸਿੰਘ ਨਾਲ 1972 ਤੋਂ ਆਖ਼ਰੀ ਸਵਾਸਾਂ ਤੀਕ ਗ਼ੂਜ਼ਾਰੇ ਪਲਾਂ ਨੂੰ ਯਾਦ ਕਰਦਿਆਂ ਪ੍ਹਿੰਃ ਤਖ਼ਤ ਸਿੰਘ ਦੇ ਨਾਮਵਰ ਸ਼ਾਗਿਰਦਾਂ ਕੇਸਰ ਸਿੰਘ ਨੀਰ, ਮਹਿੰਦਰਦੀਪ ਗਰੇਵਾਲ, ਕੁਲਵਿੰਦਰ, ਸੁਰਿੰਦਰ ਸੀਰਤ, ਅਸਲਮ ਹਬੀਬ, ਖਾਲਿਦ ਕਿਫਾਇਤ, ਰਾਜਿੰਦਰ ਪਰਦੇਸੀ, ਪ੍ਰੀਤ ਮਹਿੰਦਰ ਤਿਵਾੜੀ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ 1977 ਤੋਂ 1983 ਤੀਕ ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਉਂ ਦੀ ਸੇਵਾ ਦੌਰਾਨ ਮੈਂ ਪ੍ਰਿੰੑ ਤਖ਼ਤ ਸਿੰਘ ਜੀ ਦੇ ਸਹਿਯੋਗ ਅਤੇ ਕਾਲਿਜ ਪ੍ਹਿੰਸੀਪਲ ਪ੍ਰੇਮ ਸਿੰਘ ਬਜਾਜ ਦੀ ਸਰਪ੍ਰਸਤੀ ਸਦਕਾ ਕਾਲਿਜ ਵਿੱਚ ਵੱਡੇ ਵੱਡੇ ਕਵੀ ਦਰਬਾਰ ਤੇ ਸਾਹਿੱਤਕ ਸਮਾਗਮ ਕਰਵਾ ਸਕਿਆ।
ਮੰਚ ਸੰਚਾਲਨ ਗ਼ਜ਼ਲਕਾਰ ਰਾਜਦੀਪ ਸਿੰਘ ਤੂਰ ਨੇ ਕਰਦਿਆਂ ਜਗਰਾਉਂ ਦੀ ਸਾਹਿੱਤਕ ਦੇਣ ਦਾ ਵੀ ਨਾਲੋ ਨਾਲ ਜ਼ਿਕਰ ਕੀਤਾ। । ਧੰਨਵਾਦ ਦੇ ਸ਼ਬਦ ਬੋਲਦਿਆਂ ਮੰਜਾਬੀ ਕਵੀ ਪ੍ਰਭਜੋਤ ਸਿੰਘ ਸੋਹੀ ਨੇ ਸ. ਬੂਟਾ ਸਿੰਘ ਚੌਹਾਨ ਰਾਹੀਂ ਭਾਰਤੀ ਸਾਹਿੱਤ ਅਕਾਡਮੀ ਦਿੱਲੀ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਪ੍ਰਿੰਸੀਪਲ ਤਖ਼ਤ ਸਿੰਘ ਜੀ ਬਾਰੇ ਕੌਮੀ ਪੱਧਰ ਦਾ ਸਮਾਗਮ ਰਚਾਇਆ ਹੈ।
ਇਸ ਮੌਕੇ ਗ਼ਜ਼ਲ ਗਾਇਕ ਲਛਮਣ ਦਾਸ ਮੁਸਾਫ਼ਿਰ ਬਰਨਾਲਾ,ਨਾਵਲਕਾਰ ਹਰਬੰਸ ਸਿੰਘ ਅਖਾੜਾ, ਕਵੀ ਹਰਕੋਮਲ ਸਿੰਘ ਬਰਿਆਰ, ਪੰਜਾਬੀ ਕਹਾਣੀਕਾਰ ਅਜੀਤ ਪਿਆਸਾ, ਪ੍ਰੋ. ਕਰਮ ਸਿੰਘ ਸੰਧੂ, ਮੇਜਰ ਸਿੰਘ ਛੀਨਾ, ਅਰਸ਼ਦੀਪ ਪਾਲ ਸਿੰਘ, ਨਾਮਵਰ ਹਿੰਦੀ ਕਵੀ ਜੋਗਿੰਦਰ ਆਜ਼ਾਦ , ਪ੍ਰਸਿੱਧ ਵਿਦਵਾਨ ਐਚ ਐਸ ਡਿੰਪਲ, ਕੁਲਦੀਪ ਲੋਹਟ, ਕਹਾਣੀਕਾਰ ਸਤਵਿੰਦਰ ਕੌਰ ਕੁੱਸਾ, ਪ੍ਰਿੰ . ਦਲਜੀਤ ਕੌਰ ਹਠੂਰ, ਗੁਰਦੀਪ ਸਿੰਘ ਹਠੂਰ ਬੈਂਕਰ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਤੇ ਪੰਜਾਬੀ ਕਵੀ ਸ. ਸਹਿਜਪ੍ਰੀਤ ਸਿੰਘ ਮਾਂਗਟ, ਦਰਸ਼ਨ ਸਿੰਘ ਬੋਪਾਰਾਏ , ਕੈਪਟਨ ਪੂਰਨ ਸਿੰਘ ਗਗੜਾ, ਜਗਦੀਸ਼ ਪਾਲ ਮਹਿਤਾ, ਪੰਜਾਬੀ ਕਵੀ ਸਰਬ ਸ਼੍ਰੀ ਰਾਕੇਸ਼ ਤੇਜਪਾਲ ਜਾਨੀ , ਮੀਤ ਅਨਮੋਲ ਤੇ ਕਰਮਜੀਤ ਗਰੇਵਾਲ ਲਲਤੋਂ ਤੋਂ ਇਲਾਵਾ ਮੈਡਮ ਅਮਰਜੀਤ ਕੌਰ ਵੀ ਹਾਜ਼ਰ ਸਨ ।