ਖੇਤੀ ਵਰਤੋਂ ਲਈ ਯੂਰੀਆ ਖਾਦ ਦੀ ਉਦਯੋਗਿਕ ਵਰਤੋਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ - ਮੁੱਖ ਖੇਤੀਬਾੜੀ ਅਫ਼ਸਰ
ਝੰਡੇਚੱਕ ਸਥਿਤ ਪਲਾਈਵੁੱਡ ਉਦਯੋਗਿਕ ਇਕਾਈ ਵਿਚੋਂ 14 ਬੋਰੀਆਂ ਨਿੰਮ ਲਿਪਤ ਯੂਰੀਆ ਬਰਾਮਦ
ਰੋਹਿਤ ਗੁਪਤਾ
ਗੁਰਦਾਸਪੁਰ, 21 ਸਤੰਬਰ 2025- ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਯੂਰੀਆ ਖਾਦ ਉਪਲਬਧ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਯੂਰੀਆ ਖਾਦ ਦੀ ਪਲਾਈਬੁੱਡ ਉਦਯੋਗਿਕ ਇਕਾਈਆਂ ਵਿਚ ਹੁੰਦੀ ਵਰਤੋਂ ਨੁੰ ਰੋਕਣ ਲਈ ਪਲਾਈਵੁੱਡ ਉਦਯੋਗਿਕ ਇਕਾਈਆਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਉੱਚ ਪੱਧਰੀ ਟੀਮ ਵੱਲੋਂ ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਅਮਰੀਕ ਸਿੰਘ ਦੀ ਅਗਵਾਈ ਹੇਠ ਦੀਨਾਨਗਰ ਸਥਿਤ ਜੀ ਐਸ ਬੋਰਡ ਇੰਡਸਟਰੀਜ਼ ਝੰਡੇ ਚੱਕ ਦੀਨਾਨਗਰ, ਦੀ ਗੁਪਤ ਸੂਚਨਾ ਮਿਲਣ ਤੇ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਇਸ ਰੇਡ ਦੌਰਾਨ ਮੌਕੇ ਤੇ ਉਦਯੋਗਿਕ ਵਰਤੋਂ ਕਰਨ ਲਈ ਰੱਖੀਆਂ ਗਈਆਂ ਯੂਰੀਆ ਦੀਆਂ 14 ਬੋਰੀਆਂ ਬਰਾਮਦ ਕੀਤੀਆਂ ਗਈਆਂ ,ਬਰਾਮਦ ਕੀਤੀ ਗਈ ਯੂਰੀਆ ਨੂੰ ਜ਼ਬਤ ਕਰਕੇ ਕੇਸ ਪੁਲਿਸ ਥਾਣਾ ਦੀਨਾਨਗਰ ਨੂੰ ਅਗਲੇਰੀ ਕਰਵਾਈ ਲਈ ਸਪੁਰਦ ਕਰ ਦਿੱਤਾ ਗਿਆ ਹੈ। ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਦੀਨਾਨਗਰ ਡਾਕਟਰ ਬਲਜਿੰਦਰ ਸਿੰਘ, ਡਾਕਟਰ ਮਨਪ੍ਰੀਤ ਸਿੰਘ ਖੇਤੀਬਾੜੀ ਅਫਸਰ (ਹੈਡਕੁਆਰਟਰ) ਏਐਸਆਈ ਗੁਰਦੀਪ ਸਿੰਘ ਪੁਲਿਸ ਥਾਣਾ ਦੀਨਾ ਨਗਰ ਅਤੇ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ।
ਇਸ ਬਾਰੇ ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿੱਚ ਵਰਤੋਂ ਕੀਤੀ ਜਾਂਦੀ ਨਿੰਮ ਲਿਪਤ ਯੂਰੀਆ ਖਾਦ ਦੀ ਵਰਤੋਂ ਉਦਯੋਗਿਕ ਇਕਾਈਆਂ ਵਿਚ ਵਰਤੋਂ ਕਰਨ ਤੇ ਪਾਬੰਦੀ ਹੈ ਕਿਉਂਕਿ ਯੂਰੀਆ ਖਾਦ ਸਰਕਾਰ ਵਲੋਂ ਉਪਦਾਨ ਤੇ ਕਿਸਾਨਾਂ ਨੂੰ ਮੁਹਈਆ ਕਰਵਾਈ ਜਾਂਦੀ ਹੈ। ਉਦਯੋਗਿਕ ਵਰਤੋਂ ਲਈ ਸਿਰਫ ਇੰਡਸਟਰੀ ਗਰੇਡ ਦੀ ਯੂਰੀਆ ਵਰਤਣ ਦੀ ਇਜਾਜਤ ਹੈ ਜਿਸ ਤੇ ਸਰਕਾਰ ਵਲੋਂ ਕੋਈ ਸਬਸਿਡੀ ਨਹੀਂ ਦਿੱਤੀ ਜਾਂਦੀ। ਉਨ੍ਹਾਂ ਦੱਸਿਆ ਕਿ ਗੁਪਤ ਸਰੋਤਾਂ ਤੋਂ ਸੂਚਨਾ ਮਿਲੀ ਸੀ ਕਿ ਜੀ ਐਸ ਪਲਾਈ ਬੋਰਡ ਇੰਡਸਟਰੀਜ ਝੰਡੇਚੱਕ ਦੀਨਾਨਗਰ ਵਿੱਚ ਐਗਰੀਕਲਚਰ ਗ੍ਰੇਡ ਦੀ ਨਿੰਮ ਕੋਟੇਡ ਯੂਰੀਆ ਦੀ ਉਦਯੋਗਿਕ ਵਰਤੋਂ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਮੌਕੇ ਤੇ ਪੁਲਿਸ ਥਾਣਾ ਦੀਨਾਨਗਰ ਨੂੰ ਸੂਚਿਤ ਕਰਨ ਤੇ ਏਐਸਆਈ ਗੁਰਦੀਪ ਸਿੰਘ ਸਮੇਤ ਪੁਲਿਸ ਟੀਮ ਮੌਕੇ ਉੱਪਰ ਜੀਐਸ ਬੋਰਡ ਇੰਡਸਟਰੀ ਪਹੁੰਚ ਗਈ ਅਤੇ ਮੌਕੇ ਤੇ 13 ਬੈਗ ਨੀਮ ਕੋਟਡ ਯੂਰੀਆ ਭਰਤੀ 45 ਕਿਲੋ ਖੁੱਲੇ ਪਾਏ ਗਏ ਅਤੇ ਇੱਕ ਬੈਗ ਯੂਰੀਆ ਦਾ ਸੀਲ ਬੰਦ ਪਾਇਆ ਗਿਆ। ਉਨ੍ਹਾਂ ਦਸਿਆ ਕਿ ਫੈਕਟਰੀ ਦੀ ਲੇਬਰ ਵੱਲੋਂ ਇਹ ਖੁੱਲੇ ਬੈਗ ਬਾਇਲਰ ਵਿੱਚ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਕਿ ਖੇਤੀਬਾੜੀ ਵਿਭਾਗ ਅਤੇ ਪੰਜਾਬ ਪੁਲਿਸ ਦੀ ਟੀਮ ਵਲੋਂ ਮੁਸ਼ਤੈਦੀ ਵਰਤਦੇ ਹੋਏ ਮੌਕੇ ਤੇ ਫੜ ਲਿਆ। ਖਾਦ ਦੇ ਇਸ ਫੜੇ ਗਏ ਸਟਾਕ ਨੂੰ ਏਐਸਆਈ ਗੁਰਦੀਪ ਸਿੰਘ ਥਾਣਾ ਦੀਨਾ ਨਗਰ ਦੇ ਸਪੁਰਦ ਕਰ ਦਿੱਤਾ ਗਿਆ।
ਇਸ ਤਰ੍ਹਾਂ ਇਸ ਪ੍ਰਾਈਵੇਟ ਫੈਕਟਰੀ ਵੱਲੋਂ ਕਿਸਾਨਾਂ ਲਈ ਸਪਲਾਈ ਹੋਈ ਨੀਮ ਕੋਟਡ ਯੂਰੀਆ ਦੀ ਵਰਤੋਂ ਉਦਯੋਗਿਕ ਉਪਯੋਗ ਲਈ ਕਰਕੇ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਅਤੇ ਜਰੂਰੀ ਵਸਤਾ ਐਕਟ 1955 ਦੀਆਂ ਵੱਖ ਵੱਖ ਧਰਾਵਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਹੇਠ ਫੈਕਟਰੀ ਦੇ ਮਾਲਕ ਸੰਦੀਪ ਸਿੰਘ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੌਕੇ ਤੇ ਫੈਕਟਰੀ ਦੇ ਨੁਮਾਇੰਦੇ ਇਸ ਨੀਮ ਕੋਟਡ ਯੂਰੀਆ ਖਾਦ ਸਬੰਧੀ ਕੋਈ ਵੀ ਦਸਤਾਵੇਜ ਪੇਸ਼ ਨਹੀਂ ਕਰ ਸਕੇ। ਇਹ ਨੀਮ ਕੋਟਡ ਯੂਰੀਆ ਖਾਦ ਫੈਕਟਰੀ ਵਿੱਚ ਕਿਸ ਵੱਲੋਂ ਸਪਲਾਈ ਕੀਤੀ ਗਈ ਹੈ ਇਸ ਸਬੰਧੀ ਜਾਂਚ ਜਾਰੀ ਹੈ। ਉਨ੍ਹਾਂ ਜ਼ਿਲੇ ਦੇ ਸਮੂਹ ਖਾਦ ਵਿਕਰੇਤਾਵਾਂ ਨੂੰ ਤਾੜਨਾ ਕਰਦਿਆਂ ਹਦਾਇਤ ਕੀਤੀ ਕਿ ਖੇਤੀ ਵਰਤੋਂ ਲਈ ਉਪਦਾਣ ਵਲੋਂ ਨਿੰਮ ਲਿਪਤ ਯੂਰੀਆ ਦੀ ਵਿਕਰੀ ਉਦਯੋਗਿਕ ਇਕਾਈਆਂ ਨੂੰ ਕਿਸੇ ਵੀ ਹਾਲਤ ਵਿੱਚ ਨਾਂ ਕੀਤੀ ਜਾਵੇ ਅਤੇ ਜੇਕਰ ਕੋਈ ਖਾਦ ਵਿਕਰੇਤਾ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।