ਪੰਜ ਗੀਤਕਾਰ ਮੈਨੂੰ ਬੇਹੱਦ ਚੰਗੇ ਲੱਗਦੇ ਨੇ। ਧਨੀ ਰਾਮ ਚਾਤ੍ਰਿਕ, ਨੰਦ ਸਾਲ ਨੂਰਪੁਰੀ, ਗੁਰਦੇਵ ਸਿੰਘ ਮਾਨ, ਕਰਤਾਰ ਸਿੰਘ ਬਲੱਗਣ ਤੇ ਸ਼ਿਵ ਕੁਮਾਰ। ਪਰ ਅੱਜ ਸਿਰਫ਼ ਗੁਰਦੇਵ ਸਿੰਘ ਮਾਨ ਹੀ ਕਿਉਂ ਚੇਤੇ ਆਇਆ।
ਗੁਰਦੇਵ ਸਿੰਘ ਮਾਨ (4 ਦਸੰਬਰ 1918 – 14 ਜੂਨ 2004 ) ਪੰਜਾਬੀ ਦੇ ਸ਼ਰੋਮਣੀ ਸਾਹਿਤਕਾਰ ਸਨ। ਉਹਨਾਂ ਦਾ ਜਨਮ 22 ਸਤੰਬਰ 1918 ਨੂੰ ਮਾਤਾ ਬਸੰਤ ਕੌਰ ਤੇ ਪਿਤਾ ਕਰਤਾਰ ਸਿੰਘ ਦੇ ਘਰ ਚੱਕ ਨੰਬਰ 286 ਜ਼ਿਲ੍ਹਾ ਲਾਇਲਪੁਰ ਵਿਚ ਹੋਇਆ । ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ; ਕਵਿਤਾ ਅਤੇ ਗੀਤ: ਜੱਟੀ ਦੇਸ ਪੰਜਾਬ ਦੀ, ਮਾਨ-ਸਰੋਵਰ, ਸੂਲ ਸੁਰਾਹੀ, ਮਹਿਫਲ ਮਿੱਤਰਾਂ ਦੀ, ਲੰਮੀ ਕਵਿਤਾ ਹੀਰ ਰਾਂਝਾ, ਪੀਂਘਾਂ, ਨਵੇਂ ਗੀਤ, ਉਸਾਰੂ ਗੀਤ; ਬਾਲ ਸਾਹਿਤ: ਪੰਜਾਬ ਦੇ ਮੇਲੇ, ਤਿਉਹਾਰਾਂ ਦੇ ਗੀਤ; ਮਹਾਂ-ਕਾਵਿ: ਤੇਗ਼ ਬਹਾਦਰ ਬੋਲਿਆ, ਚੜ੍ਹਿਆ ਸੋਧਣ ਧਰਤ ਲੋਕਾਈ, ਹੀਰ; ਗੀਤ ਸੰਗ੍ਰਹਿ: ਮਾਣ ਜਵਾਨੀ ਦਾ, ਫੁੱਲ ਕੱਢਦਾ ਫੁਲਕਾਰੀ, ਜੱਟ ਵਰਗਾ ਯਾਰ, ਸਤਸੰਗ ਦੋ ਘੜੀਆਂ, ਮੈਂ ਅੰਗਰੇਜ਼ੀ ਬੋਤਲ, ਮਾਂ ਦੀਏ ਰਾਮ ਰੱਖੀਏ; ਵਾਰਤਕ ਸੰਗ੍ਰਹਿ: ਕੁੰਡਾ ਖੋਲ੍ਹ ਬਸੰਤਰੀਏ, ਰੇਡੀਓ ਰਗੜਸਤਾਨ; ਵਿਅੰਗ: ਹਾਸ-ਵਿਅੰਗ ਦਰਬਾਰ; ਸ਼ਬਦ-ਚਿੱਤਰ: ਚਿਹਨ ਚਿੱਤਰ; ਵਾਰਤਕ: ਦਾਤਾ ਤੇਰੇ ਰੰਗ, ਸੋ ਪ੍ਰਭ ਨੈਣੀਂ ਡਿੱਠਾ; ਨਾਵਲ: ਅਮਾਨਤ; ਨਾਟਕ:ਕੱਠ ਲੋਹੇ ਦੀ ਲੱਠ, ਰਾਹ ਤੇ ਰੋੜੇ।
ਗੁਰਦੇਵ ਸਿੰਘ ਮਾਨ ਜੀ ਦਾ ਪਿੰਡ ਭੂਮਸੀ ਸੀ ਦੇਸ਼ ਵੰਡ ਮਗਰੋਂ। ਪਹਿਲਾਂ ਡੇਹਲੋਂ ਨੇੜੇ ਨੰਗਲਾਂ ਸੀ ਜਿਥੋਂ ਇਹ ਪਰਿਵਾਰ ਬਾਰ ਵਿੱਚ ਲਾਇਲਪੁਰ ਚੱਲੇ ਗਏ।
ਕੈਨੇਡਾ ਦੱਸਦੇ ਮੇਰ ਚੜ੍ਹਦੀ ਉਮਰ ਦੇ ਬੇਲੀ ਸੁਰਜੀਤ ਮਾਧੋਪੁਰੀ ਨੇ ਚੇਤਾ ਕਰਵਾਇਆ।ਪੰਜ ਜੂਨ ਨੂੰ ਉਹ ਸਾਰੇ ਮਿੱਤਰ ਰਲ ਸਰੀ(ਕੈਨੇਡਾ)ਵਿੱਚ ਸ਼ਾਹੀ ਬੈਂਕਿਊਟ ਹਾਸ ਦ ਮਾਨ ਸਾਹਿਬ ਨੂੰ ਚੇਤੇ ਕਰ ਰਹੇ ਹਨ। ਉਨ੍ਹਾਂ ਦੀ ਯਾਦ ਵਿੱਚ ਪੰਜਾਬੀ ਕਵੀ ਅਜਮੇਰ ਰੋਡੇ ਨੂੰ ਸਨਮਾਨਿਤ ਕਰ ਰਹੇ ਨੇ।
ਮੈਨੂੰ ਯਾਦ ਆਇਆ
ਸਾਡੇ ਪਿੰਡ 1965-75 ਵੇਲੇ ਬਸੰਤਕੋਟ(ਗੁਰਦਾਸਪੁਰ)ਜਦ ਕਿਸੇ ਘਰ ਵਿਆਹ ਹੁੰਦਾ ਤਾਂ ਸਵੇਰ ਸਾਰ ਇੱਕ ਗੋਕਾਰਡ ਪੂਰੇ ਪਿੰਡ ਨੂੰ ਜਗਾਉਂਦਾ।
ਸਾਈਂ ਦੀਵਾਨਾ ਕਾਉਂਦਾ ਸੀ ਗੁਰਦੇਵ ਸਿੰਘ ਮਾਨ ਦੇ ਬੋਲ ਬੇਦਾਵੇ ਦੇ
ਸਾਥੋਂ ਦਾਤਿਆ ਭੁੱਖ ਨਹੀ ਜਰੀ ਜਾਂਦੀ
ਅਸੀਂ ਰੱਜ ਗਏ ਹਾਂ ਭੁੱਖੇ ਰਹਿ ਰਹਿ ਕੇ।
ਸਾਨੂੰ ਚੁੱਪ ਚੁਪੀਤਿਆ ਜਾਣ ਦੇ ਤੂੰ,
ਅਸੀਂ ਰੱਜ ਗਏ ਹਾਂ ਤੈਨੂੰ ਕਹਿ ਕਹਿ ਕੇ।
ਰੀਕਾਰਡ ਦੇ ਦੂਸਰੇ ਪਾਸੇ ਝਬਾਲ (ਤਰਨ ਤਾਰਨ)ਦੀ ਜਾਈ ਤੇ ਪੱਟੀ ਵਿਆਹੀ ਮਾਈ ਭਾਗੋ ਮਾਝੇ ਵਿੱਚ ਪਰਤੇ ਬੇਦਾਵੀਏ ਸਿੰਘਾਂ ਨੂੰ ਮਿਹਣੇ ਮਾਰ ਕੇ ਮੁੜ ਜੰਗ ਚ ਭੇਜਦੀ ਹੈ।
ਮੇਰੇ ਲਈ ਇਤਿਹਾਸ ਦਾ ਇਹ ਪਹਿਲਾ ਵਰਕਾ ਸੀ, ਜੇ ਮੈਂ
ਪੌਣਾਂ 'ਚੇਂ ਪੜ੍ਹਿਆ। ਇਹ ਗੁਰਦੇਵ ਲਿੰਘ ਮਾਨ ਦਾ ਲਿਖਿਆ ਤੇ ਰੀਕਾਰਡ ਹੋਇਆ ਪਹਿਲਾ ਗੀਤ ਦੱਸਿਆ ਜਾਂਦਾ ਹੈ। ਮਗਰੋਂ ਉਨ੍ਹਾਂ ਦੇ ਲਿਖੇ ਕਿੰਨੇ ਹੋਰ ਗੀਤ ਸੁਣੇ।
ਊੜਾ ਐੜਾ ਈੜੀ ਸੱਸਾ ਹਾਹਾ ਊੜਾ ਐੜਾ ਵੇ।
ਮੈਨੂੰ ਜਾਣ ਦੇ ਸਕੂਲੇ ਇੱਕ ਵਾਰ ਹਾੜਾ ਵੇ।
ਇਹ ਨਰਿੰਦਰ ਬੀਬਾ ਜੀ ਦਾ ਪਹਿਲਾ ਰੀਕਾਰਡ ਗੀਤ ਸੀ ਜੋ ਉਨ੍ਹਾਂ ਨੇ ਪ੍ਰਸਿੱਧ ਲੋਕ ਗਾਇਕ ਹਰਚਰਨ ਗਰੇਵਾਲ ਨਾਲ ਗਾਇਆ।
ਚਰਖ਼ੀ ਰੰਗੀਲੀ ਦਾਜ ਦੀ
ਮੇਰੇ ਵੀਰ ਨੇ ਵਲਾਇਤੋਂ ਆਂਦੀ।
ਨੀ ਸੋਨੇ ਦਾ ਪਰਾਇਆ ਤੱਕਲਾ, ਇਹਦੇ ਮੁੰਨਿਆ ਤੇ ਮੜ੍ਹੀ ਹੋਈ ਚਾਂਦੀ।
ਸ਼ਾਵਾ ਗੱਡੀ ਆਈ ਆ
ਬਈ ਬੱਲੇ ਗੱਡੀ ਆਈ ਆ।
ਗੱਡੀ ਲੰਘ ਗਈ ਤਲਵੰਡੀ।
ਸਾਰਾ ਸ਼ਹਿਰ ਦੇ ਦਾਣਾ ਮੰਡੀ।
ਆ ਗਈ ਪਿੰਡ ਮੇਰੇ ਦੀ ਡੰਡੀ।
ਗੱਡੀ ਆਈ ਆ।
ਰਾਹੀਂ ਸੀ ਉਡੀਕਾਂ ਤੇਰੀਆਂ
ਸੁੱਤੇ ਪਲ ਨਾ ਹਿਜਰ ਦੇ ਮਾਰੇ।
ਦੁੱਖਾਂ ਦੀ ਕਹਾਣੀ ਸੁਣਦੇ,
ਰਹੇ ਉਘਦੇ ਅੰਬਰ ਦੇ ਤਾਰੇ।
ਮੋਟਰ ਮਿੱਤਰਾਂ ਦੀ,
ਚੱਲ ਬਰਨਾਲੇ ਚੱਲੀਏ।
ਨੀ ਭਾੜਾ ਨਹੀਂ ਲੱਗਣਾ,
ਤੂੰ ਬੈਠਣ ਦੀ ਕਰ ਬੱਲੀਏ।
ਹਰਚਰਨ ਗਰੇਵਾਲ ਤੇ ਸੁਰਿੰਦਰ ਕੌਰ ਦੇ ਗਾਏ ਇਸ ਗੀਰ - ਵਿੱਚ ਸੰਪੂਰਨ ਸੁਜਿੰਦ ਮਾਲਵਾ ਹੈ।
ਸੁਰਿੰਦਰ ਕੌਰ ਮੁਫ਼ਤਖ਼ੋਰੀ ਤੋਂ ਵਰਜਦੀ ਕਹਿੰਦੀ ਹੈ
ਡਰਾਈਵਰ ਬਾਰੇ
ਟੀਰਾ ਟੀਰਾ ਮੈਨੂੰ ਝਾਕਦਾ
ਜਿਵੇਂ ਹੈਦਰ ਸ਼ੇਖ ਤੇ ਲੇਲਾ।
ਮੇਰੇ ਵੱਲ ਝਾਕੇ ਚੰਦਰਾ
ਕੱਢ ਪਾ ਪਾ ਪੱਕੇ ਦਾ ਡੇਲਾ।
ਮੁਫ਼ਤੀ ਨਾ ਪੁੱਜੀਂ ਮਾਨ ਵੇ.
ਮੈਂ ਨਹੀਂ ਇਹਦੀ ਮੇਟਰ ਵਿੱਚ ਬਹਿਣਾ।
ਚੰਦਰੇ ਡਰਾਈਵਰ ਨੂੰ ਮੈਂ ਜੀਜਾ ਨਹੀਂ ਕਹਿਣਾ।
ਬੜੇ ਹੋਰ ਗੀਤ ਵੀ ਰੇਸ਼ਮੀ ਥਾਨ ਵਾਂਗ ਯਾਦਾਂ ਵਿੱਚੋਂ ਉੱਧੜ ਉੱਧੜ ਪੈ ਰਹੇ ਹਨ
ਮਿੱਤਰਾਂ ਦੀ ਲੂਣ ਦੀ ਡਲੀ,
ਨੀ ਤੂੰ ਮਿਸ਼ਰੀ ਬਰੋਬਰ ਜਾਣੀ। ਸੱਜਣਾਂ ਦੀ ਗੜਵੀ ਦਾ,
ਮਿੱਠਾ ਬਰਬਤ ਵਰਗਾ ਪਾਣੀ। ਜੌਬਨਾ ਬਾਜ਼ਾਰ ਫਿਰਦਾ,
ਲੱਖੀਂ ਮਿਲੇ ਨਾ ਪਿਆਰ ਦਾ ਭੋਰਾ। ਇਸ਼ਕੇ ਦੇ ਨੂਰ ਤੋਂ ਬਿਨਾ
ਹੁੰਦਾ ਮਿੱਟੀ ਨਾਲ ਮਾੜਾ ਰੰਗ ਗੋਰਾ। ਮੇਰੇ ਨਾਲ ਵੱਟ ਰੱਖਦੀ
ਤੇਰੀ ਗਲੀ ਦੇ ਗੱਭਰੂਆਂ ਦੀ ਢਾਣੀ। ਨੀ ਮਿੱਤਰਾ ਦੀ ਲੂਣ ਦੀ ਡਲੀ। ਕਰਮਜੀਤ ਧੂਰੀ ਨੇ ਬਹੁਤ ਖੂਬਸੂਰਤ ਗਾਇਆ ਸੀ ਇਸ ਗੀਤ ਨੂੰ
ਬੜੇ ਥੋੜੇ ਲੋਕ ਜਾਣਦੇ ਨੇ ਕਿ ਲਾਇਲਪੁਰ ਤੋਂ 1947 'ਚ ਉਜੜ ਕੇ ਆਏ ਇਸ ਪਰਿਵਾਰ ਨੂੰ ਤਿੰਨ ਸਾਲ ਪਿੰਡ ਸਰਾਭਾ ਲੁਧਿਆਣਾ ਵਿੱਚ ਕੱਚੀ ਅਲਾਟਮੈਂਟ ਤੇ ਰਹਿਣ ਦਾ ਮੌਕਾ ਮਿਲਿਆ। ਅੱਧਾ ਟੱਬਰ ਜੱਦੀ ਪਿੰਡ ਨੰਗਲ ਨੇੜੇ ਡੇਹਲੋਂ ਲੁਧਿਆਣਾ) 'ਚ ਵੱਸਿਆ। ਇਹ ਗੱਲ ਮੈਨੂੰ ਇੰਗਲੈਂਡ ਵੱਸਦੇ ਉਨ੍ਹਾਂ ਦੇ ਭਤੀਜੇ ਸ. ਅਜੀਤ ਸਿੰਘ ਮਾਨ ਨੇ ਕਈ ਸਾਲ ਪਹਿਲਾਂ ਦੱਸੀ ਸੀ।
ਸਰਾਭਾ ਪਿੰਡ 'ਚ ਹੀ ਉਨ੍ਹਾਂ ਪਹਿਲੀ ਵਾਰ ਆਜਾਦ ਭਾਰਤ ਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਪਹਿਲੀ ਬਰਸੀ ਨੌਜਵਾਨ ਸਪੋਰਟਸ ਕਲੱਬ ਬਣਾ ਕੇ ਮਨਾਈ ਸੀ। ਪੰਜਾਬੀ ਕਵੀ ਜਰਨੈਲ ਸਿੰਘ ਅਰਸ਼ੀ(ਰਛੀਨ) ਇਨ੍ਹਾਂ ਦਾ ਸਾਥੀ ਸੀ। ਇਹ ਗੱਲ ਕਲਕੱਤਾ ਵਾਸੀ ਸਵਰਗੀ ਪੰਜਾਬੀ ਕਵੀ ਹਰਦੇਵ ਸਿੰਘ ਗਰੇਵਾਲ(ਫੱਲੇਵਾਲ ਵਾਲੇ) ਨੇ ਦੱਸੀ ਸੀ ਜਦੋਂ ਉਹ ਹਾਲੇ ਹਾਈ ਸਕੂਲ ਗੁੱਜਰਵਾਲ ਵਿੱਚ ਪੜ੍ਹਦਾ ਸੀ।
ਇਹ ਇਤਿਹਾਸਕ ਤੱਥ ਅੱਖੋਂ ਓਹਲੇ ਕਰਨ ਵਾਲਾ ਨਹੀਂ ਹੈ।
ਫਿਰ ਇਹ ਪਰਿਵਾਰ ਪੱਕੇ ਪੈਰੀ ਮਲੇਰਕਟਲਾ ਨੇੜੇ ਪਿੰਡ ਭੂਮਸੀ 'ਚ ਵੱਸ ਗਿਆ। ਪੈਪਸੂ ਦੇ
ਲੋਕ ਸੰਪਰਕ ਮਹਿਕਮੇ ਚ ਭਰਤੀ ਹੋ ਕੇ ਡਰਾਮਾ ਪਾਰਟੀ ਚ ਮੁਹੰਮਦ ਸਦੀਕ, ਕਰਨੈਲ ਗਿੱਲ ਡੇ ਦੀਦਾਰ ਸੰਧੂ ਵਰਗੇ ਨੌਜਵਾਨ ਭਰਤੀ ਕਰਕੇ ਪੇਂਡੂ ਵਿਕਾਸ ਦੇ ਗੀਤ ਨਾਟਕਾਂ ਦੀ ਹਨ੍ਹੇਰੀ ਲਿਆ ਦਿੱਤੀ।
ਸਟੇਜੀ ਕਵਿਤਾ ਦੇ ਸਿਰਕੱਢ ਕਵੀਆਂ ‘ਚ ਗੁਰਦੇਵ ਸਿੰਘ ਮਾਨ ਦਾ ਸਿਰਮੌਰ ਨਾਮ ਸੀ। ਉਹ ਨੰਦ ਲਾਲ ਨੂਰਪੁਰੀ, ਕਰਤਾਰ
ਸਿੰਘ ਬਲੱਗਣ, ਗੁਰਦਿੱਤ ਸਿੰਘ ਕੁੰਦਨ, ਵਰਿਆਮ ਸਿੰਘ ਮਸਤ ਬਰਕਤ ਰਾਮ ਯੁਮਨ, ਗਿਆਨੀ ਰਾਮ ਨਾਰਾਇਣ ਸਿੰਘ ਦਰਦੀ ਜੀ ਦੇ ਅੰਗ ਸੰਗ ਉਹ ਪੂਰਾ ਦੇਸ਼ ਘੁੰਮਿਆ।
ਉਸ ਨੂੰ ਵਾਰਾਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਸੀ। ਅਕਾਲੀ ਫੂਲਾ ਸਿੰਘ ਦੀ ਵਾਰ ਉਹ ਦੇਸ਼ ਵੰਡ ਤੋਂ ਪਹਿਲਾਂ ਲਿਖ ਚੁੱਕਾ ਸੀ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਤਾਬਦੀ ਵੇਲੇ ਉਨ੍ਹਾਂ “ਗੁਰੂ ਤੇਗ ਬਹਾਦਰ ਬੋਲਿਆ”
ਮਹਾਂ ਕਾਵਿ 1984 'ਚ ਉਸ ਨੇ ਦਰਬਾਰ ਸਾਹਿਬ ਤੇ ਹਮਲੇ ਬਾਰੇ “ਅਕਾਲ ਤਖਤ ਸਾਹਿਬ ਦੀ ਵਾਰ” ਲਿਖੀ।
ਮੈਂ ਉਨ੍ਹਾਂ ਦੇ ਕੈਨੇਡਾ ਪ੍ਰਵਾਸ ਕਰਨ ਤੋਂ ਪਹਿਲਾਂ ਫਾਸਲੇ ਤੋਂ ਬਹੁਤ ਵਾਰ ਮਿਲਿਆ ਪਰ ਪਹਿਲੀ ਮੁਲਾਕਾਤ 1995 'ਚ ਹੋਈ।
ਗੁਰੂ ਨਾਨਕ ਸਰਕਾਰੀ ਕਾਲਿਜ ਕਾਲਾ ਅਫਗਾਨਾ (ਗੁਰਦਾਸਪੁਰ: ਵਿਖੇ ਸਿਲਵਰ ਜੁਬਲੀ ਸਮਾਰਕ ਮੌਕੇ ਸ: ਲਖਮੀਰ ਸਿੰਘ ਰੰਧਾਰਾ (ਉਦੋਂ ਦੇ ਸਿੱਖਿਆ ਮੰਤਰੀ, ਪੰਜਾਬ) ਨੇ ਵਿਸ਼ੇਸ਼ ਰੂਪ 'ਚ ਗੁਰਦੇਵ ਸਿੰਘ ਮਾਨ ਸਾਹਿਬ ਦਾ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨ ਕੀਤਾ ਸੀ। ਜਨ ਸਾਹਿੱਤ ਦਾ ਗੁਰਦੇਵ ਸਿੰਘ ਮਾਨ ਅੰਕ ਭਾਸ਼ਾ ਵਿਭਾਗ ਪੰਜਾਬ ਨੇ ਉਨ੍ਹਾਂ ਦੇ ਦੇਹਾਂਤ ਉਪਰੰਤ ਪ੍ਰਕਾਸ਼ਿਤ ਕੀਤਾ।
ਮੈਨੂੰ ਯਾਦ ਹੈ, ਜਦ ਗੁਰੂ ਨਾਨਕ ਕਾਲਿਜ ਕਾਲਾ ਅਫ਼ਗਾਨਾ (ਗੁਰਦਾਸਪੁਰ)ਦੇ ਕਾਰਜਕਾਰੀ ਪ੍ਰਿੰਸੀਪਲ ਮੇਰੇ ਵੱਡੇ ਵੀਰ ਪ੍ਰੋ. ਸੁਖਵੰਤ ਸਿੰਘ ਗਿੱਲ ਸ. ਗੁਰਦੇਵ ਸਿੰਘ ਮਾਨ ਨੂੰ ਸਨਮਾਨਿਤ ਕਰਵਾ ਰਹੇ ਸਨ ਤਾਂ ਮੈਂ ਲਾਊਡ ਸਪੀਕਰ ਤੇ ਉਨ੍ਹਾਂ ਦਾ ਲਿਖਿਆ ਤੇ ਨਰਿੰਦਰ ਕੀਮਾ ਦਾ ਗਾਇਆ ਗੀਤ
“ਸ਼ਾਵਾ ਗੱਡੀ ਆਈ ਆ”ਚਲਵਾ ਦਿੱਤਾ।
ਮਾਨ ਸਾਹਿਬ ਦੀ ਨਜ਼ਰ ਉਦੋਂ ਜਾ ਚੁਕੀ ਸੀ। ਇਹ ਬੋਲ ਸੁਣ ਕੇ ਉਹ ਬਹੁਤ ਪ੍ਰਸੰਨ ਹੋਏ।
2003 ਚ ਸੱਰੀ( ਕੈਨੇਡਾ)ਵਿਖੇ ਡਾ. ਦਰਸ਼ਨ ਗਿੱਲ ਤੇ ਮੰਗਾ ਸਿੰਘ ਬਾਸੀ ਵਰਗੇ ਸੱਜਣਾਂ ਵੱਲੋਂ ਕਰਵਾਈ ਵਿਸ਼ਵ ਪੰਜਾਬੀ ਕਾਨਫਰੰਸ ਵੇਲੇ ਮਾਨ ਸਾਹਿਬ ਨਾਲ ਖੁੱਲ੍ਹ ਕੇ ਮੁਲਾਕਾਤਾਂ ਹੋਈਆ। ਉਨ੍ਹਾਂ ਨਾਲ ਬੈਠੇ ਮਿੱਤਰ ਪ੍ਰੋ: ਬਲਬੀਰ ਸਿੰਘ ਪੂਨੀ ਨੇ ਦੱਸਿਆ ਕਿ ਮਾਨ ਸਾਹਿਬ ਨੇ ਜ਼ਬਾਨੀ ਬੋਲ ਕੇ ਨਾਲੋ ਨਾਲ ਹੀਰ ਰਾਂਝਾ ਦਾ ਕਿੱਸਾ ਮੇਰੇ ਪੁੱਤਰ ਅਮਰਪ੍ਰੀਤ ਸਿੰਘ ਨੂੰ ਲਿਖਵਾਇਆ ਹੈ।
ਅਮਰਪ੍ਰੀਤ ਨੇਮ ਨਾਲ ਹਰ ਹਫ਼ਤੇ ਉਨ੍ਹਾਂ ਕੋਲ ਐਬਟਸਫੋਰਡ ਜਾਂਦਾ ਸੀ। ਪਿਛਲੇ ਹਫ਼ਤੇ ਲਿਖਵਾਏ ਬੰਦ ਸੁਧਵਾ ਲੈਂਦਾ ਤੇ ਨਵੇਂ ਟਾਈਪ ਕਰ ਦਿੰਦਾ।
ਇਹ ਕਿੱਸਾ ਹੀਰ ਰਾਭਾ ਵਾਰਿਸਸ਼ਾਹ ਫਾਊਂਡੇਸ਼ਨ ਨੇ ਪ੍ਰਕਾਸ਼ਿਤ ਕੀਤਾ।
2003 ਵਿੱਚ ਉੱਤਰੀ ਅਮਰੀਕਾ ਦੇ ਪੰਜਾਬੀ ਲੇਖਕਾਂ ਦੀ ਲੇਖਕ ਸਭਾ ਦੇ ਉਹ ਪ੍ਰਧਾਨ ਸਨ ਤੇ ਮੋਹਨ ਗਿੱਲ ਜਨਰਲ ਸਕੱਤਰ। ਇਕ ਵਿਸ਼ੇਸ਼ ਸਮਾਗਮ 'ਚ ਸ. ਗੁਰਦੇਵ ਸਿੰਘ ਮਾਨ ਜੀ ਨੇ ਮੈਨੂੰ ਡਾ. ਪ੍ਰਭਸ਼ਰਨ ਕੌਰ ਤੇ ਡਾ. ਮਦਨ ਲਾਲ ਹਸੀਜਾ ਸਮੇਤ ਮੈਨੂੰ ਵੀ ਸਨਮਾਨਿਤ ਕੀਤਾ।
ਮਾਨ ਸਾਹਿਬ ਨੇ ਮੈਨੂੰ ਸਨਮਾਨਿਤ ਕਰਦਿਆਂ ਪਾਰਕਰ ਦਾ ਇੱਕ ਪੈੱਨ ਵੀ ਮੇਰੀ ਜੇਬ 'ਚ ਪਾਇਆ। ਇਸ ਤੋਂ ਅਗਲੇ ਸਾਲ ਉਹ ਅਨੰਤ ਯਾਤਰਾ
ਤੇ ਚਲੇ ਗਏ।
ਅਹੁ ਗਏ ਸੱਜਣ ਅਹੁ ਗਏ
ਲੰਘ ਗਏ ਦਰਿਆ।
ਅਸਾਂ ਰੱਜ ਨਾ ਗੱਲਾਂ ਕੀਤੀਆਂ,
ਸਾਡੇ ਮਨੋਂ ਨਾ ਲੱਥੜਾ ਚਾਅ।

-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.