Punjab cabinet reshuffle : ਮੰਤਰੀਆਂ ਨੂੰ ਵੰਡੇ ਵਿਭਾਗਾਂ ਦਾ ਆਫੀਸ਼ਲ ਨੋਟੀਫਿਕੇਸ਼ਨ ਜਾਰੀ! ਪੜ੍ਹੋ ਵੇਰਵਾ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 4 ਜੁਲਾਈ 2025- ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਨਵੇਂ ਚੁਣੇ ਗਏ ਵਿਧਾਇਕ ਸੰਜੀਵ ਅਰੋੜਾ ਨੂੰ ਪੰਜਾਬ ਵਜ਼ਾਰਤ ਵਿਚ ਨਵੇਂ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ ਜਦੋਂਕਿ ਕੁਲਦੀਪ ਸਿੰਘ ਧਾਲੀਵਾਲ ਦੀ ਪੰਜਾਬ ਕੈਬਨਿਟ ਵਿਚੋਂ ਛੁੱਟੀ ਕਰ ਦਿੱਤੀ ਗਈ ਹੈ। ਅਰੋੜਾ ਨੂੰ ਇੰਡਸਟਰੀ ਤੇ ਐੱਨਆਰਆਈ ਮਾਮਲੇ ਵਿਭਾਗ ਦਿੱਤੇ ਗਏ ਹਨ।
ਐੱਨਆਰਆਈ ਵਿਭਾਗ ਪਹਿਲਾਂ ਕੁਲਦੀਪ ਧਾਲੀਵਾਲ ਕੋਲ ਸੀ। ਇਸੇ ਤਰ੍ਹਾਂ ਉਦਯੋਗ ਵਿਭਾਗ ਪਹਿਲਾਂ ਤਰੁਣਪ੍ਰੀਤ ਸਿੰਘ ਸੌਂਦ ਕੋਲ ਸੀ, ਜਿਨ੍ਹਾਂ ਕੋਲ ਪੇਂਡੂ ਵਿਕਾਸ, ਕਿਰਤ ਅਤੇ ਸੈਰ-ਸਪਾਟਾ ਵਿਭਾਗਾਂ ਦਾ ਚਾਰਜ ਜਾਰੀ ਰਹੇਗਾ। ਤਰੁਣਪ੍ਰੀਤ ਸਿੰਘ ਸੌਂਦ ਕੋਲ ਹੁਣ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਲੇਬਰ, ਪਰਾਹੁਣਚਾਰੀ, ਉਦਯੋਗ ਅਤੇ ਵਣਜ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਰਹਿਣਗੇ। ਧਾਲੀਵਾਲ ਦੇ ਅਸਤੀਫੇ ਨਾਲ ਭਗਵੰਤ ਮਾਨ ਕੈਬਨਿਟ ਵਿੱਚ ਮੰਤਰੀਆਂ ਦੀ ਕੁੱਲ ਗਿਣਤੀ 16 ਰਹਿ ਗਈ ਹੈ। ਕੈਬਨਿਟ ਵਿੱਚ ਅਜੇ ਵੀ ਦੋ ਅਹੁਦੇ ਖਾਲੀ ਹਨ।
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜ਼ਿਮਨੀ ਚੋਣਾਂ ਵਿੱਚ ਪ੍ਰਚਾਰ ਦੌਰਾਨ ਅਰੋੜਾ ਨੂੰ ਮੰਤਰੀ ਬਨਾਉਣ ਦਾ ਐਲਾਨ ਕੀਤਾ ਸੀ ਜਦੋਂ ਕਿ ਪਿਛਲੇ ਹਫ਼ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪੁਸ਼ਟੀ ਕੀਤੀ ਸੀ ਕਿ ਉਹ ਅਰੋੜਾ ਨੂੰ ਆਪਣੀ ਕੈਬਨਿਟ ਵਿੱਚ ਲਿਆ ਰਹੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਮੰਤਰੀ ਮੰਡਲ ਵਿੱਚ ਸੱਤਵੀਂ ਵਾਰ ਵਿਸਥਾਰ ਕੀਤਾ ਗਿਆ ਹੈ।