ਵਾਤਾਵਰਣ ਸੰਭਾਲ ਦੇ 50 ਸਾਲ: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਮਨਾਈ ਗੋਲਡਨ ਜੁਬਲੀ
ਜਲੰਧਰ, 4 ਜੁਲਾਈ 2025: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵਾਤਾਵਰਣ ਸੁਰੱਖਿਆ ਅਤੇ ਟਿਕਾਊ ਵਿਕਾਸ ਪ੍ਰਤੀ ਅਟੁੱਟ ਵਚਨਬੱਧਤਾ ਦੇ 50 ਸਾਲ ਪੂਰੇ ਕਰਨ ਦੀ ਖੁਸ਼ੀ ਵਿੱਚ ਆਪਣੀ 50ਵੀਂ ਵਰ੍ਹੇਗੰਢ ਮਨਾਈ ਗਈ। ਇਸ ਮੌਕੇ ਪੀ.ਪੀ.ਸੀ.ਬੀ. ਵੱਲੋਂ ਚਮੜਾ ਪ੍ਰੋਸੈਸਿੰਗ ਅਤੇ ਪਲਾਈਵੁੱਡ ਉਦਯੋਗਾਂ ਨਾਲ ਵਿਸ਼ੇਸ਼ ਸੈਸ਼ਨ ਵੀ ਕਰਵਾਇਆ ਗਿਆ।
ਸਮਾਗਮ ਦੌਰਾਨ ਚਮੜਾ ਅਤੇ ਪਲਾਈਵੁੱਡ ਉਦਯੋਗਾਂ ਦੇ ਪ੍ਰਮੁੱਖ ਮਾਹਿਰਾਂ ਅਤੇ ਅਕਾਦਮਿਕ ਪੇਸ਼ੇਵਰਾਂ ਨੇ ਹਿੱਸਾ ਲਿਆ ਤਾਂ ਜੋ ਟਿਕਾਊ ਅਭਿਆਸਾਂ ਤੇ ਨਵੀਨਤਾ ਅਤੇ ਆਪਸੀ ਵਿਕਾਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਜਾ ਸਕਣ। ਇਸ ਸੈਸ਼ਨ ਦਾ ਉਦੇਸ਼ ਸਹਿਯੋਗ ਨੂੰ ਮਜ਼ਬੂਤ ਕਰਨਾ ਅਤੇ ਵਾਤਾਵਰਣ ਸੰਭਾਲ ਪ੍ਰਤੀ ਜ਼ਿੰਮੇਵਾਰੀ ਉਦਯੋਗਿਕ ਪ੍ਰਗਤੀ ਦਾ ਰਾਹ ਪੱਧਰਾ ਕਰਨਾ ਸੀ।
ਜ਼ਿਕਰਯੋਗ ਹੈ ਕਿ ਵਾਟਰ (ਪ੍ਰੀਵੈਨਸ਼ਨ ਐਂਡ ਕੰਟਰੋਲ ਆਫ਼ ਪ੍ਰਦੂਸ਼ਣ) ਐਕਟ, 1974 ਵਿੱਚ ਪਾਸ ਕੀਤਾ ਗਿਆ ਸੀ, ਜਿਸਨੇ ਪੰਜਾਬ ਸਰਕਾਰ ਨੂੰ ਬੋਰਡ ਦੇ ਗਠਨ ਦਾ ਨਿਰਦੇਸ਼ ਦਿੱਤਾ, ਜਿਸ ਦੇ ਫਲਸਰੂਪ ਬੋਰਡ ਦੀ ਸਥਾਪਨਾ 1975 ਵਿੱਚ ਹੋਈ।
ਮੁੱਖ ਵਾਤਾਵਰਣ ਇੰਜੀਨੀਅਰ ਡਾ. ਕਰੁਨੇਸ਼ ਗਰਗ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਬੋਰਡ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ, ਜਿਸ ਵਿੱਚ ਆਨਲਾਈਨ ਸਹਿਮਤੀ ਪ੍ਰਬੰਧਨ ਅਤੇ ਨਿਗਰਾਨੀ ਪ੍ਰਣਾਲੀ ਦਾ ਵਿਕਾਸ ਸ਼ਾਮਲ ਹੈ ਅਤੇ ਪੰਜਾਬ ਅਜਿਹਾ ਕਰਨ ਵਾਲਾ ਦੇਸ਼ ਦਾ ਪਹਿਲਾ ਰਾਜ ਹੈ। ਉਨ੍ਹਾਂ ਪਿਛਲੇ 50 ਸਾਲਾਂ ਦੇ ਬੋਰਡ ਦੇ ਵਿਕਾਸ 'ਤੇ ਵੀ ਜ਼ੋਰ ਦਿੱਤਾ।
ਸੈਂਟਰਲ ਲੈਦਰ ਰਿਸਰਚ ਇੰਸਟੀਚਿਊਟ ਦੇ ਮੁੱਖ ਵਿਗਿਆਨੀ ਸੁਧਾਕਰ ਪੀ. ਨੇ ਚਮੜਾ ਪ੍ਰੋਸੈਸਿੰਗ ਵਿੱਚ ਸਾਫ਼-ਸੁਥਰੀਆਂ ਤਕਨੀਕਾਂ ਅਤੇ ਕੂੜਾ ਪ੍ਰਬੰਧਨ ਬਾਰੇ ਜਾਗਰੂਕ ਕੀਤਾ। ਪ੍ਰੋਫੈਸਰ, ਐਨ.ਆਈ.ਟੀ. ਜਲੰਧਰ, ਡਾ. ਰੋਹਿਤ ਮਹਿਰਾ ਨੇ ਚਮੜਾ ਉਦਯੋਗ ਅਤੇ ਵਾਤਾਵਰਣ ਪ੍ਰਭਾਵਾਂ ’ਤੇ ਭਾਸ਼ਣ ਦਿੱਤਾ। ਸੀ.ਈ.ਓ., ਲੈਦਰ ਕੰਪਲੈਕਸ ਜਲੰਧਰ, ਹੀਰਾ ਲਾਲ ਨੇ ਲੈਦਰ ਕੰਪਲੈਕਸ ਜਲੰਧਰ ਦੇ ਇਤਿਹਾਸ ਅਤੇ ਚੁਣੌਤੀਆਂ ਬਾਰੇ ਦੱਸਿਆ। ਪ੍ਰਿੰਸੀਪਲ ਸਾਇੰਟੀਫਿਕ ਅਫ਼ਸਰ, ਰਣਜੀਤ ਸਿੰਘ ਨੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡਟੈਕਨਾਲੋਜੀ ਚੰਡੀਗੜ੍ਹ, ਨੇ ਪਲਾਈਵੁੱਡ ਉਦਯੋਗਾਂ ਲਈ ਪ੍ਰਦੂਸ਼ਣ ਨਿਯੰਤਰਣ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਚੇਅਰਮੈਨ, ਆਲ ਇੰਡੀਆ ਪਲਾਈਵੁੱਡ ਮੈਨੂਫੈਕਚਰਿੰਗ ਐਸੋਸੀਏਸ਼ਨ ਨਰੇਸ਼ ਤਿਵਾਰੀ ਨੇ ਸਮੇਂ-ਸਮੇਂ ’ਤੇ ਪਲਾਈਵੁੱਡ ਉਦਯੋਗਾਂ ਵਿੱਚ ਹਵਾ ਪ੍ਰਦੂਸ਼ਣ ਨਿਯੰਤਰਣ ਯੰਤਰ ਲਗਾਉਣ ਵਿੱਚ ਦਿੱਤੇ ਸਹਿਯੋਬ ਬਾਰੇ ਚਾਨਣਾ ਪਾਇਆ।
ਇੰਜੀਨੀਅਰ ਵਿਜੈ ਕੁਮਾਰ, ਸੀਨੀਅਰ ਵਾਤਾਵਰਣ ਇੰਜੀਨੀਅਰ ਜਲੰਧਰ, ਦੀਪਕ ਚਾਵਲਾ, ਪਰਵੀਨ ਕੁਮਾਰ, ਸੰਜੇ ਕੁਮਾਰ, ਲੈਦਰ ਕੰਪਲੈਕਸ ਜਲੰਧਰ ਦੀ ਵਰਕਿੰਗ ਕਮੇਟੀ ਦੇ ਸਾਰੇ ਮੈਂਬਰ, ਸਮਾਗਮ ਵਿੱਚ ਸ਼ਾਮਲ ਹੋਏ।