Govt Teacher ਨੇ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ
ਪੁਲਿਸ ਨੇ 8 ਅਧਿਆਪਕਾਂ ਵਿਰੁੱਧ ਦਰਜ ਕੀਤੀ ਐਫਆਈਆਰ
ਚੰਡੀਗੜ੍ਹ, 4 ਮਈ 2025- ਹਰਿਆਣਾ ਦੇ ਨੂਹ ਜ਼ਿਲ੍ਹੇ ਤੋਂ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਸਰਕਾਰੀ ਸੈਕੰਡਰੀ ਸਕੂਲ ਦੇ ਅਧਿਆਪਕ ਨੇ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰ ਲਈ। ਮੀਡੀਆ ਰਿਪੋਰਟਾਂ ਮੁਤਾਬਿਕ, ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਨੂੰ ਵਾਪਰੀ। ਮੌਕੇ 'ਤੇ ਅੱਠ ਪੰਨਿਆਂ ਦਾ ਇੱਕ ਸੁਸਾਈਡ ਨੋਟ ਮਿਲਿਆ ਹੈ ਜਿਸ ਵਿੱਚ ਅਧਿਆਪਕ ਨੇ ਆਪਣੇ ਸਾਥੀਆਂ 'ਤੇ ਗੰਭੀਰ ਦੋਸ਼ ਲਗਾਏ ਹਨ।
ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਪੁਲਿਸ ਨੇ ਸੁਸਾਈਡ ਨੋਟ ਵਿੱਚ ਸ਼ਾਮਲ ਅੱਠ ਅਧਿਆਪਕਾਂ ਵਿਰੁੱਧ ਸਦਰ ਟੌਰੂ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਹੈ। ਪੁਲਿਸ ਦੇ ਅਨੁਸਾਰ, ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੇ ਪਿੰਡ ਮਜ਼ਰਾ ਦਾ ਰਹਿਣ ਵਾਲਾ ਜੈਪਾਲ (48) ਖੋਰੀ ਖੁਰਦ ਪਿੰਡ ਦੇ ਸਰਕਾਰੀ ਸਕੂਲ ਵਿੱਚ ਜੂਨੀਅਰ ਬੇਸਿਕ ਟੀਚਰ (ਜੇਬੀਟੀ) ਵਜੋਂ ਕੰਮ ਕਰਦਾ ਸੀ।
ਨੂਹ ਪੁਲਿਸ ਨੇ ਦੱਸਿਆ ਕਿ ਜੈਪਾਲ ਅਤੇ ਉਸਦੇ ਸਾਥੀ ਅਧਿਆਪਕਾਂ ਵਿਚਕਾਰ ਸਕੂਲ ਦੇ ਰੁੱਖਾਂ ਦੀ ਕਟਾਈ ਅਤੇ ਹੋਰ ਪ੍ਰਬੰਧਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਜੈਪਾਲ ਨੇ ਸ਼ਨੀਵਾਰ ਦੁਪਹਿਰ ਨੂੰ ਸਕੂਲ ਵਿੱਚ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ। ਉਸਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।