ਸੰਭੂ ਥਾਣਾ ਘਿਰਾਓ ਤੋਂ ਪਹਿਲਾਂ ਕਿਸਾਨ ਆਗੂ ਨਜ਼ਰਬੰਦ
ਸਾਰਾ ਦਿਨ ਚਰਚਾਵਾਂ ਦਾ ਦੌਰ ਗਰਮ ਰਿਹਾ, ਪੁਲਿਸ ਵੱਲੋਂ ਨਜ਼ਰਬੰਦੀ ਤੋਂ ਇਨਕਾਰ
ਮਲਕੀਤ ਸਿੰਘ ਮਲਕਪੁਰ
ਲਾਲੜੂ 5 ਮਈ 2025: ਕਰੀਬ ਸਵਾ ਸਾਲ ਸੰਭੂ ਅਤੇ ਖਨੌਰੀ ਬਾਰਡਰ ਉੱਤੇ ਕਿਸਾਨੀ ਮੰਗਾਂ ਨੂੰ ਲੈ ਕੇ ਧਰਨਾ ਦੇ ਚੁੱਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸਥਾਨਕ ਆਗੂਆਂ ਨੂੰ ਇੱਕ ਵਾਰ ਫਿਰ ਪੁਲਿਸ ਨੇ ਨਜ਼ਰਬੰਦ ਕਰ ਲਿਆ ਹੈ। ਇਹ ਨਜ਼ਰਬੰਦੀ 6 ਮਈ ਨੂੰ ਪ੍ਰਸਤਾਵਿਤ ਸੰਭੂ ਥਾਣੇ ਦੇ ਘਿਰਾਓ ਨੂੰ ਵੇਖਦਿਆਂ ਕੀਤੀ ਗਈ ਹੈ। ਨਜ਼ਰਬੰਦ ਕੀਤੇ ਗਏ ਕਿਸਾਨ ਆਗੂਆਂ ਦੇ ਪਰਿਵਾਰਿਕ ਮੈਂਬਰ ਜਸਪ੍ਰੀਤ ਸਿੰਘ ,ਸਵਰਨ ਸਿੰਘ ਮਾਵੀ ਤੇ ਨੇੜਲੇ ਸਹਿਯੋਗੀ ਪ੍ਰੇਮ ਰਾਣਾ ਵੱਲੋਂ ਦੱਸਿਆ ਗਿਆ ਕਿ 5 ਮਈ ਨੂੰ ਤੜਕੇ ਮੂੰਹ ਹਨੇਰੇ ਸਿੱਧੂਪੁਰ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਜਸਵਿੰਦਰ ਸਿੰਘ ਟਿਵਾਣਾ, ਜਸਵੰਤ ਸਿੰਘ ਆਲਮਗੀਰ, ਹਰਵਿੰਦਰ ਸਿੰਘ ਟੋਨੀ ਜਲਾਲਪੁਰ,ਗੁਰਚਰਨ ਸਿੰਘ ਜੌਲਾ ਤੇ ਤਰਲੋਚਨ ਸਿੰਘ ਕੁਰਲੀ ਨੂੰ ਘਰੋਂ ਚੁੱਕ ਲਿਆ ਗਿਆ ਸੀ। ਪਰਿਵਾਰਕ ਮੈਂਬਰਾਂ ਤੇ ਸਹਿਯੋਗੀਆਂ ਮੁਤਾਬਕ ਇਨ੍ਹਾਂ ਆਗੂਆਂ ਦੇ ਮੋਬਾਇਲ ਵੀ ਪੁਲਿਸ ਨੇ ਬੰਦ ਕਰਵਾ ਕੇ ਆਪਣੇ ਕੋਲ ਰੱਖ ਲਏ ਹਨ। ਜਦਕਿ ਹੋਰਨਾਂ ਆਗੂਆਂ ਨੂੰ ਖੇਤਰ ਦੇ ਵੱਖ-ਵੱਖ ਥਾਣਿਆਂ ਹੰਡੇਸਰਾ ਅਤੇ ਮੁਬਾਰਿਕਪੁਰ ਆਦਿ ਵਿੱਚ ਰੱਖਣ ਦੀਆਂ ਖਬਰਾਂ ਹਨ। ਦੂਜੇ ਪਾਸੇ ਪੁਲਿਸ ਨੇ ਇਸ ਮਾਮਲੇ ਵਿੱਚ ਕਿਸੇ ਵੀ ਆਗੂ ਦੀ ਨਜ਼ਰਬੰਦੀ ਨਾ ਕਰਨ ਦੀ ਗੱਲ ਆਖੀ ਹੈ। ਜ਼ਿਕਰਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਹੇਠ ਕਿਸਾਨਾਂ ਨੇ 12 ਫਰਵਰੀ 2024 ਤੋਂ ਸੰਭੂ ਅਤੇ ਖਨੌਰੀ ਬਾਰਡਰ ਰਾਹੀਂ ਦਿੱਲੀ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਜਿਨ੍ਹਾਂ ਨੂੰ ਹਰਿਆਣਾ ਸਰਕਾਰ ਨੇ ਰਾਹ ਵਿੱਚ ਹੀ ਰੋਕ ਲਿਆ ਸੀ। ਇਸ ਉਪਰੰਤ ਸਵਾ ਸਾਲ ਬਾਅਦ ਪੰਜਾਬ ਸਰਕਾਰ ਨੇ ਉਕਤ ਧਰਨੇ ਨੂੰ ਜਬਰੀ ਚੁਕਵਾ ਦਿੱਤਾ ਸੀ। ਕਿਸਾਨ ਆਗੂਆਂ ਦਾ ਦੋਸ਼ ਹੈ ਕਿ ਨਾ ਸਿਰਫ ਪੰਜਾਬ ਸਰਕਾਰ ਨੇ ਇਹ ਧਰਨਾ ਚੁਕਵਾਇਆ ਸਗੋਂ ਕਿਸਾਨਾਂ ਦਾ ਜ਼ਰੂਰੀ ਲੱਖਾਂ ਰੁਪਏ ਦਾ ਸਮਾਨ ਵੀ ਪੁਲਿਸ ਅਤੇ ਪ੍ਰਸਾਸ਼ਨ ਦੀ ਸਹਿ ਨਾਲ ਖੁਰਦ-ਬੁਰਦ ਕਰ ਦਿੱਤਾ ਗਿਆ। ਇਸ ਦੇ ਰੋਸ ਵਜੋਂ ਹੀ ਦੋਹਾਂ ਜਥੇਬੰਦੀਆਂ ਵੱਲੋਂ 6 ਮਈ ਨੂੰ ਸੰਭੂ ਥਾਣੇ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਜਿਸ ਨੂੰ ਨਾਕਾਮ ਕਰਨ ਲਈ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਪਰਿਵਾਰਿਕ ਮੈਂਬਰਾਂ ਅਤੇ ਨੇੜਲੇ ਸਹਿਯੋਗੀਆਂ ਅਨੁਸਾਰ ਫੜੇ ਗਏ ਜ਼ਿਆਦਾਤਰ ਕਿਸਾਨ ਆਗੂ ਲੈਹਲੀ ਚੌਂਕੀ ਵਿੱਚ ਦੱਸੇ ਗਏ ਹਨ । ਦੂਜੇ ਪਾਸੇ ਜਦੋਂ ਇਸ ਸਬੰਧੀ ਲੈਹਲੀ ਚੌਕੀ ਦੇ ਇੰਚਾਰਜ ਅਜੈ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਸੇ ਵੀ ਆਗੂ ਦੇ ਲੈਹਲੀ ਚੌਂਕੀ ਵਿੱਚ ਹੋਣ ਤੋਂ ਸਪੱਸ਼ਟ ਇਨਕਾਰ ਕਰਦਿਆਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਾਲੜੂ ਥਾਣਾ ਮੁੱਖੀ ਹੀ ਦੇ ਸਕਦੇ ਹਨ। ਉਪਰੰਤ ਜਦੋਂ ਥਾਣਾ ਮੁੱਖੀ ਲਾਲੜੂ ਅਕਾਸ਼ਦੀਪ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਜ਼ਰੂਰੀ ਰੁਝੇਵਿਆਂ ਵਿੱਚ ਹੋਣ ਕਾਰਨ ਬਾਅਦ ਵਿੱਚ ਗੱਲ ਕਰਨ ਲਈ ਆਖਿਆ ,ਪਰ ਖ਼ਬਰ ਲਿਖੇ ਜਾਣ ਤੱਕ ਵਾਰ-ਵਾਰ ਸੰਪਰਕ ਕਰਨ ਉਤੇ ਵੀ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ।