ਕਰਤਾਰ ਪੁਰ ਸਾਹਿਬ -- ਕੋਰੀਡੋਰ ਜਾਂ,,ਮਿੱਤਰਾਂ ਦੇ ਮਿਲਣ ਦਾ ਬਹਾਨਾ,,
ਲੇਖਕ ਨੇ ਕੁੱਝ ਕਰਤਾਰ ਪੁਰ ਸਾਹਿਬ ਲਾਂਘੇ ਤੋਂ ਪਹਿਲਾਂ ਆਪਣੇ ਇੱਕ ਲੇਖ ਰਾਹੀਂ ਪਾਕਿਸਤਾਨ ਅਤੇ ਭਾਰਤੀ ਸਰਕਾਰਾਂ ਨੂੰ ਇੱਕ ਬੇਨਤੀ ਕੀਤੀ ਸੀ। ਕਿ ਸਰਕਾਰਾਂ ਆਪਣੀ ਨਫ਼ਰਤਾਂ ਦੀ ਰਾਜ ਨੀਤੀ ਕਰਦਿਆਂ ਰਹਿਣ ਕਿਉਂਕਿ ਉਹਨਾਂ ਕੋਲ ਲੋਕਾਂ ਦੇ ਕੰਨਾਂ ਵਿੱਚ ਨਫ਼ਰਤਾਂ ਦਾ ਜ਼ਹਿਰ ਘੋਲਣ ਤੋਂ ਅਲਾਵਾ ਹੋਰ ਕੁੱਝ ਨਹੀਂ। ਦੋਵਾਂ ਦੇਸਾਂ ਵਿੱਚ ਜਦੋਂ ਕੋਈ ਬਲ ਜਨਮ ਲੈਂਦਾ ਹੈ, ਤਾਂ ਉਹਨੂੰ ਇੱਕ ਦੂਜੇ ਦੇ ਵਰੋਧ ਨਫ਼ਰਤਾਂ ਤੇ ਆਪਸੀ ਦੁਸ਼ਮਣੀ ਦੀ ਗੁੜ੍ਹਤੀ ਦਿੱਤੀ ਜਾਂਦੀ ਹੈ। ਭਾਰਤੀ ਬਾਲ ਜਦੋਂ ਜੰਮ ਦਾ ਏ ਤਾਂ ਉਹਦੇ ਕੰਨ ਵਿੱਚ ਸੱਭ ਤੋਂ ਪਹਿਲੀ ਫੂਕ ਇਹੋ ਮਾਰੀ ਜਾਂਦੀ ਏ ਕਿ ਦੁਨੀਆ ਵਿੱਚ ਅਗਰ ਕੋਈ ਤੁਹਾਡਾ ਦੁਸ਼ਮਣ ਹੈ ਤਾਂ ਪਾਕਿਸਤਾਨ ਹੈ ਅਤੇ ਪਾਕਿਸਤਾਨੀ ਨਵੇਂ ਜਨਮੇ ਬਾਲ ਨੂੰ ਦੱਸਿਆ ਜਾਂਦਾ ਹੈ ਕਿ ਭਾਰਤ ਤੁਹਾਡਾ ਸੱਭ ਤੋਂ ਵੱਡਾ ਵੈਰੀ ਹੈ।

ਮੈਂ ਲਿਖਿਆ ਸੀ ਕਿ ਸਰਕਾਰਾਂ ਆਪਣੀ ਨਫ਼ਰਤਾਂ ਦੀ ਖੇਤੀ ਦੀ ਆਬ ਯਾਰੀ ਕਰ ਦੀਆਂ ਰਹਿਣ ਸਾਨੂੰ ਕੋਈ ਐਤਰਾਜ਼ ਨਹੀਂ, ਪਰ ਦੂਜੇ ਪਾਸੇ ਬਾਰਡਰ ਤੇ ਕੋਈ ਅਜਿਹੀ ਥਾਂ ਬਣਾ ਦਿਓ ਜਿੱਦਾਂ ਜੇਲ੍ਹਾਂ ਦੇ ਅੱਗੇ ਸ਼ੈੱਡ ਬਣੇ ਹੁੰਦੇ ਨੇ ਜਿੱਥੇ ਲੋਕ ਆਪਣੇ ਆਪਣੇ ਕੈਦੀਆਂ ਨਾਲ ਮੁਲਾਕਾਤ ਕਰ ਦੇ ਨੇਂ। ਦੋਵਾਂ ਦੇਸਾਂ ਦੀ ਜਨਤਾ ਇੱਕ ਦੂਜੇ ਨਾਲ ਪਿਆਰ ਕਰ ਦੀ ਹੈ, ਜੇਕਰ ਸਰਕਾਰਾਂ ਕੋਈ ਅਜਿਹਾ ਪ੍ਰਬੰਧ ਕਰ ਦੇਣ ਤਾਂ ਜਿਹੜਾ ਪੈਸਾ ਅਸੀਂ ਗੋਲਾ ਬਰੂਦ ਤੇ ਖ਼ਰਚ ਕਰਦੇ ਹਾਂ ਉਹ ਪੈਸਾ ਬਚੇ ਗਾ ਅਤੇ ਸਾਡੇ ਮੁਲਕਾਂ ਦੀ ਵਿਕਾਸ ਦੇ ਕੰਮ ਆਵੇ ਗਾ। ਗ਼ਰੀਬੀ ਬੇਰੋਜ਼ਗਾਰੀ ਅਤੇ ਬੇਬਸੀ ਸਾਡੇ ਘਰਾਂ ਦੀਆਂ ਕੰਧਾਂ ਲੰਘ ਚੁੱਕੀ ਹੈ ਅਤੇ ਅਸੀਂ ਦੁਸ਼ਮਣੀ ਨਿਭਾ ਰਹੇ ਹਾਂ।
ਸੋਹਣੇ ਰੱਬ ਕਿਰਪਾ ਅਤੇ ਗੁਰੂ ਨਾਨਕ ਜੀ ਹੋਰਾਂ ਦੀ ਮਿਹਰ ਨਾਲ ਕਰਤਾਰ ਪੂਰ ਲੰਘਾ ਬਣ ਗਿਆ। ਲੋਕਾਂ ਦਾ ਆਣਾ ਜਾਣਾ ਸ਼ੁਰੂ ਹੋ ਗਿਆ। ਹੁਨ ਦੋਵਾਂ ਦੇਸਾਂ ਦੇ ਲੋਕ ਉੱਥੇ ਆ ਕੇ ਇੱਕ ਦੂਜੇ ਨਾਲ ਗਲਵਕੜੀਆਂ ਪਾ ਲੈਂਦੇ ਹਨ ਆਪਣੇ ਵਿਚਾਰ ਸਾਂਝੇ ਕਰਦੇ ਹਨ। 1947 ਦੇ ਵਿਛੜੇ ਲੋਕ ਇੱਕ ਦੂਜੇ ਨੂੰ ਮਿਲ ਲੈਂਦੇ ਨੇ ਇੱਕ ਦੂਜੇ ਨਾਲ ਦੁੱਖ ਸੁੱਖ ਫੋਲ ਲੈਂਦੇ ਨੇ।
ਲੇਖਕ ਵੀ ਹੁਣ ਤੱਕ ਪੰਜ ਵਾਰ ਦਰਬਾਰ ਸਾਹਿਬ ਦੇ ਦਰਸ਼ਨ ਕਰ ਚੁੱਕਿਆ ਹੈ। ਪਹਿਲੀ ਵਾਰ ਅੰਬਾਲੇ ਤੋਂ ਸਰਦਾਰ ਰੁਪਿੰਦਰ ਸਿੰਘ ਤੇ ਉਹਨਾਂ ਦੇ ਸਾਥੀ ਆਏ ਸਣ, ਫ਼ੇਰ ਮਾੜੀ ਮੇਘਾ ਤੋਂ ਸਰਦਾਰ ਹਰਵੰਤ ਸਿੰਘ ਤੇ ਉਹਨਾਂ ਦੇ ਸਾਰੇ ਘਰ ਵਾਲੇ ਆਏ, ਓਸ ਤੋਂ ਬਾਅਦ ਬਠਿੰਡਾ ਤੋਂ ਸਰਦਾਰ ਹਰਪਾਲ ਸਿੰਘ ਖਾਰਾ ਐਡਵੋਕੇਟ ਸਾਹਿਬ ਆਏ ਤਾਂ ਖਾਕਸਾਰ ਬਾਬਾ ਜੀ ਦੇ ਬੁਲਾਵੇ ਤੇ ਉਹਨਾਂ ਦੇ ਦਰਬਾਰ ਹਾਜ਼ਰੀ ਭਰਨ ਕਰਤਾਰ ਪੁਰ ਸਾਹਿਬ ਜਾ ਪੁੱਜਾ। ਓਸ ਤੋਂ ਅਗਲੇ ਦਿਨ ਕੋਰੋਨਾ ਲਾਕ ਡਾਉਨ ਹੋ ਗਿਆ, ਏਦਾਂ ਇੱਕ ਵਾਰ ਕਰਤਾਰ ਪੁਰ ਸਾਹਿਬ ਆਉਣ ਜਾਣ ਦਾ ਸਿਲਸਲਾ ਖ਼ਤਮ ਹੋ ਗਿਆ।
02,12,2024 ਦੀ ਰਾਤ ਸਰਦਾਰ ਮਨਪ੍ਰੀਤ ਸਿੰਘ ਸਾਹਿਬ ਆਫ਼ ਪਟਿਆਲਾ (ਹਾਲ ਡੀ ਸੀ ਆਫ਼ਿਸ ਮਲੇਰ ਕੋਟਲੇ ਏਸ ਤੋਂ ਪਹਿਲਾਂ ਉਹ ਰੋਜ਼ਾਨਾ ਸਪੋਕਸ ਮੈਨ ਦੇ ਮੈਗਜ਼ੀਨ ਇੰਚਾਰਜ ਸਣ) ਜੀ ਹੋਰਾਂ ਦਾ ਫੋਨ ਆ ਗਿਆ ਕਿ ਕੱਲ 03 ਦਸੰਬਰ ਨੂੰ ਅਸੀਂ ਕਰਤਾਰ ਪੁਰ ਸਾਹਿਬ ਆ ਰਹੇ ਹਾਂ, ਤੁਸੀਂ ਵੀ ਆ ਜਾਓ ਏਸ ਬਹਾਨੇ ਮੁਲਾਕਾਤ ਹੋ ਜਾਏ ਗੀ। ਮੈਂ ਵੀਰਾਂ ਦਿਆਂ ਮੁੱਹਬਤਾਂ ਤਾਂ ਕਦੀ ਹਾਂ ਭਲਾ ਇਨਕਾਰ ਕਿੱਦਾਂ ਹੋ ਸਕਦਾ ਸੀ।
ਮੇਰੇ ਪਿੰਡ ਤੋਂ ਕਰਤਾਰ ਪੁਰ ਸਾਹਿਬ ਲੱਗ ਭੰਗ 200 ਕਿਲੋ ਮੀਟਰ ਦੂਰ ਹੈ, ਪਿੰਡ ਤੋਂ ਪਹਿਲੀ ਬੱਸ ਸਾਜਰੇ 05:20 ਤੇ ਲਾਹੌਰ ਨੂੰ ਜਾਂਦੀ ਹੈ, ਸੋ ਮੈਂ ਸਵੇਰੇ ਚਾਰ ਵਜੇ ਉੱਠਕੇ ਗੁਸਲ ਕੀਤਾ ਨਮਾਜ਼ ਪੜ੍ਹੀ ਸੋਹਣੇ ਰੱਬ ਦਾ ਨਾਮ ਧਿਆ ਕੇ ਬੱਸ ਵਿੱਚ ਜਾ ਬੈਠਾ ਅਤੇ ਸਰਦਾਰ ਮਨਪ੍ਰੀਤ ਜੀ ਹੋਰਾਂ ਨੂੰ ਫ਼ੋਨ ਕੀਤਾ ਕਿ ਮੈਂ ਵੀ ਪਿੰਡੋਂ ਨਿਕਲ ਆਇਆ ਹਾਂ ਅਤੇ ਕੋਈ 11 ਵਜੇ ਕਰਤਾਰ ਪੁਰ ਪੁਹੰਚਾਂ ਗਾ।
7:15 ਮਿੰਟ ਤੇ ਮੈਂ ਲਾਹੌਰ ਜਾ ਪੁੱਜਾ, ਓਸ ਤੋਂ ਅੱਗੇ ਲਾਰੀ ਅੱਡਾ ਤੱਕ ਜਾਂਦਿਆ ਕੋਈ ਪੌਣਾ ਘੰਟਾ ਲੱਗ ਗਿਆ। ਲਾਰੀ ਅੱਡੇ ਪੁੱਜਾ ਤਾਂ ਵਾਇਆ ਨਾਰੋਵਾਲ ਕਰਤਾਰ ਪੁਰ ਸ਼ਕਰ ਗੜ੍ਹ ਜਾਣ ਵਾਲੀ ਵੈਨ ਵਿੱਚ ਇੱਕਾ ਦੁੱਕਾ ਸਵਾਰੀਆਂ ਬੈਠੀਆਂ ਸਣ! 08:30 ਤੇ ਵੈਨ ਸ਼ੱਕਰ ਗੜ੍ਹ ਨੂੰ ਰਵਾਨਾ ਹੋਈ ਸਾਡੇ ਦਸ ਵਜੇ ਜਾ ਕੇ ਉਹਨੇ ਮੈਨੂੰ ਕਰਤਾਰ ਪੁਰ ਸਾਹਿਬ ਉਤਾਰ ਦਿੱਤਾ। ਏਸ ਦੌਰਾਨ ਸਰਦਾਰ ਮਨਪ੍ਰੀਤ ਜੀ ਹੋਰਾਂ ਕਈ ਵਾਰ ਫ਼ੋਨ ਕਰਕੇ ਮੈਥੋਂ ਮੇਰੀ ਲੋਕੇਸ਼ਨ ਪੁੱਛੀ।
ਬੱਸ ਸਟਾਪ ਤੋਂ ਦਰਬਾਰ ਸਾਹਿਬ ਦਾ ਫ਼ਾਸਲਾ ਦੋ ਕਿਲੋ ਮੀਟਰ ਦੇ ਨੇੜੇ ਹੈ। ਏਸ ਰਸਤੇ ਵਿਚ ਤਿੰਨ ਨਾਕੇ ਨੇ, ਪਹਿਲਾ ਨਾਕਾ ਪੰਜਾਬ ਪੁਲਿਸ ਦਾ ਓਸ ਤੋਂ ਅੱਗੇ ਰੈਂਜਰ ਦਾ ਅੱਗੇ ਫ਼ਿਰ ਰੇਂਜਰ ਦਾ,, ਏਥੇ ਲਿਖ ਪੜ੍ਹ ਹੁੰਦੀ ਹੈ, ਯਾਤਰੀ ਦੀ ਤਲਾਸ਼ੀ ਲਈ ਜਾਂਦੀ ਹੈ, ਅਗਰ ਓਸਦੇ ਕੋਲ ਸਿਗਰਟ ਨਸਵਾਰ ਆਦਿ ਕੋਈ ਚੀਜ਼ ਹੋਵੇ ਤਾਂ ਓਥੇ ਰਖਵਾ ਲਈ ਜਾਂਦੀ ਏ।
ਓਸ ਤੋਂ ਬਾਅਦ 400 ਰੁਪਿਆ ਇੰਟਰੀ ਫੀਸ ਇੱਕ ਵਾਰ ਫ਼ਿਰ ਤਲਾਸ਼ੀ ਇਸ ਸਾਰੇ ਪਰੋਸਿਜ਼ ਤੋਂ ਬਾਅਦ ਅੱਗੇ ਸਰਕਾਰੀ ਗੱਡੀਆਂ ਯਾਤਰੀਆਂ ਨੂੰ ਲੈਕੇ ਦਰਬਾਰ ਸਾਹਿਬ ਤੱਕ ਜਾਂਦੀਆਂ ਹਨ।
ਏਥੇ ਜਾਕੇ ਆਖ਼ਰੀ ਮਰਹਲਾ ਹੈ, ਯਾਤਰੀ ਕੋਲੋਂ ਉਹਦਾ ਆਈ ਡੀ ਕਾਰਡ ਤਲਬ ਕੀਤਾ ਜਾਂਦਾ ਹੈ। ਇੱਕ ਵਾਰ ਫ਼ਿਰ ਲਿਖ ਪੜ੍ਹ ਹੁੰਦੀ ਹੈ, ਯਾਤਰੀ ਕੋਲੋਂ ਪੁੱਛਿਆ ਜਾਂਦਾ ਹੈ, ਉਹ ਆਮ ਯਾਤਰੀ ਹੈ ਜਾਂ ਕਿਸੇ ਨੂੰ ਮਿਲਣ ਆਇਆ ਹੈ। ਅਗਰ ਕਿਸੇ ਨੂੰ ਮਿਲਣ ਆਇਆ ਹੈ ਤਾਂ ਓਸਦਾ ਨਾਂਅ ਪਤਾ ਫ਼ੋਨ ਨੰਬਰ ਅਤੇ ਮਿਲਣ ਦਾ ਮਕਸਦ ਵੀ ਪੁੱਛਿਆ ਜਾਂਦਾ ਹੈ। ਸਾਰੀ ਲਿਖ ਪੜ੍ਹ ਕਰਕੇ ਉਹਨੂੰ ਵਿਜ਼ਟਰ ਕਾਰਡ ਦਿੱਤਾ ਜਾਂਦਾ ਹੈ।
ਗੁਰੂ ਨਾਨਕ ਜੀ ਹੋਰਾਂ ਦਾ ਜਨਮ ਤਾਂ ਅੱਜ ਦੇ ਨਨਕਾਣਾ ਸਾਹਿਬ ਓਸ ਵੇਲੇ ਦੀ ਸਾਬੋ ਦੀ ਤਲਵੰਡੀ ਬਾਅਦ ਵਿੱਚ ਰਾਏ ਭੋਏ ਦੀ ਤਲਵੰਡੀ ਵਿੱਚ ਹੋਇਆ ਸੀ। ਗੁਰੂ ਜੀ ਹੋਰੀਂ ਜਮਾਂਦਰੂ ਹਾਲ ਮਸਤ ਆਦਮੀ ਸਣ। ਹਿੰਦੁਸਤਾਨ ਤਾਂ ਕੀਹ ਉਹਨਾਂ ਨੇ ਤਿੱਬਤ ਬੰਗਾਲ ਇਰਾਨ ਇਰਾਕ ਅਤੇ ਅਰਬਾਂ ਦੀ ਯਾਤਰਾ ਵੀ ਕੀਤੀ ਸੀ।
ਗੁਰੂ ਨਾਨਕ ਸਿੱਖ ਧਰਮ ਦੇ ਮੋਢੀ।
ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਜੀ 15 ਅਪ੍ਰੈਲ 1469 ਇਸਵੀ ਨੂੰ ਤਲਵੰਡੀ ਰਾਏ ਭੋਏ ਦੀ ਵਿੱਚ ਪੈਦਾ ਹੋਏ ਬਾਅਦ ਵਿਚ ਇਸਦਾ ਨਾਂਅ ਨਨਕਾਣਾ ਸਾਹਿਬ ਪੈ ਗਿਆ। ਇੱਕ ਰਵੈਤ ਅਨੋਸਾਰ ਜਦੋਂ ਰਾਏ ਬੁਲਾਰ ਦਾ ਆਖਰੀ ਵਕਤ ਆਇਆ ਤਾਂ ਉਹਨਾਂ ਦੀ ਜ਼ੁਬਾਨ ਤੇ ਇੱਕ ਹੀ ਵਿਰਦ ਸੀ ,, ਨਾਨਕ ਆਣਾ ,, ਨਾਨਕ ਆਣਾ,, ਚੂੰਕਿ ਰਾਏ ਬੁਲਾਰ ਭੱਟੀ ਨੂੰ ਗੁਰੂ ਜੀ ਹੋਰਾਂ ਨਾਲ ਢੇਰ ਪਿਆਰ ਸੀ ਅਤੇ ਗੁਰੂ ਜੀ ਹੋਰੀਂ ਓਸ ਵੇਲੇ ਤਲਵੰਡੀ ਵਿੱਚ ਮੌਜੂਦ ਨਹੀਂ ਸਣ।
ਦੂਜੀ ਰਵੈਤ ਅਨੋਸਾਰ ਚੂੰਕਿ ਸਰਾਇਕੀ ਭਾਸ਼ਾ ਵਿੱਚ ,, ਆਣਾ,, ਦਾ ਅਰਥ,, ਵਾਲਾ ,, ਵੀ ਹੁੰਦਾ ਹੈ। ਓਸ ਪਾਸੇ ਦੇ ਪਿੰਡਾਂ ਦੇ ਬਹੁਤੇ ਨਾਂਅ ਕੁੱਝ ਏਦਾਂ ਹੀ ਹਣ ਜਿੱਦਾਂ ਕਿ,, ਮੱਕੂ ਆਣਾ, ਜੱਲੋ ਆਣਾ, ਆਦਿ ਏਸ ਲਈ ਤਲਵੰਡੀ ਦਾ ਨਾਂਅ ਵੀ ਨਾਨਕ ਆਣਾ,, ਯਾਨੀ ਨਾਨਕ ਵਾਲਾ ਹੋ ਗਿਆ ਜਿਹੜਾ ਹੁਣ ਨਨਕਾਣਾ ,, ਹੋ ਗਿਆ।
ਗੁਰੂ ਜੀ ਹੋਰੀਂ ਆਪਣੀ ਉਮਰ ਦੇ ਆਖ਼ਰੀ ਹਿੱਸੇ ਵਿੱਚ ਮੌਜੂਦਾ ਡੇਰਾ ਨਾਨਕ ਜਾਂ ਕਰਤਾਰ ਪੁਰ ਸਾਹਿਬ ਤਸ਼ਰੀਫ਼ ਲੈ ਗਏ।
ਡੇਰਾ ਨਾਨਕ ਜਾਂ ਕਰਤਾਰ ਪੁਰ ਨਾਂਅ ਦਾ ਓਸ ਵੇਲੇ ਕੋਈ ਅਸਥਾਨ ਨਹੀਂ ਸੀ,ਏਸ ਅਸਥਾਨ ਦਾ ਨੀਂਹ ਪੱਥਰ ਗੁਰੂ ਜੀ ਹੋਰਾਂ ਹੀ ਰੱਖਿਆ ਸੀ।
ਰਾਵੀ ਦਰਿਆ ਜਿਹੜਾ ਹੁਣ ਲਹਿੰਦੇ ਪੰਜਾਬ ਦੀ ਧਰਤੀ ਤੋਂ ਗਾਇਬ ਹੋ ਗਿਆ ਹੈ ਉਹ ਦਰਿਆ ਕਦੀ ਡੇਰਾ ਨਾਨਕ ਦੇ ਕੋਲੋਂ ਲੰਘ ਦਾ ਸੀ। ਬਾਬਾ ਜੀ ਨੇ ਏਥੇ ਜਾਕੇ ਖੇਤੀ ਬਾੜੀ ਕਰ ਲਈ, ਭਾਈ ਮਰਦਾਨਾ ਵੀ ਏਥੇ ਹੀ ਏਸ ਦੁਨੀਆ ਤੋਂ ਗਏ ਸਣ। ਗੁਰੂ ਜੀ ਹੋਰਾਂ ਨੇ ਏਸ ਥਾਂ ਤੇ ਇੱਕ ਲੰਗਰ ਖਾਨਾ ਖੋਲਿਆ ਸੀ। ਜਿੱਥੋਂ ਰਾਹੀਂ ਪਾਂਧੀ ਵੀ ਲੰਗਰ ਛੱਕ ਦੇ ਅਤੇ ਆਲੇ ਦੁਆਲੇ ਦੇ ਗ਼ਰੀਬ ਕਿਸਾਨ ਮਜ਼ਦੂਰ ਵੀ ਢਿੱਡ ਭਰ ਦੇ। ਗੁਰੂ ਜੀ ਹੋਰਾਂ ਦੇ ਜਾਰੀ ਕੀਤੇ ਓਸ ਲੰਗਰ ਖਾਨੇ ਤੋਂ ਲੇਖਕ ਨੇ ਵੀ ਦੋ ਵਾਰ ਲੰਗਰ ਛਕਿਆ ਹੈ, ਇੱਕ ਵਾਰ ਦੋ ਦਸੰਬਰ ਨੂੰ ਸਰਦਾਰ ਮਨਪ੍ਰੀਤ ਹੋਰਾਂ ਨਾਲ ਅਤੇ ਇੱਕ ਵਾਰ ਪਹਿਲੇ ਏਸ ਲੰਗਰ ਦਾ ਆਨੰਦ ਮਾਣਿਆ ਸੀ।
ਗੁਰੂ ਜੀ ਹੋਰਾਂ ਦਾ ਜੀਵਨ ਹਿੰਦੂਆਂ ਅਤੇ ਮੁਸਲਮਾਨਾਂ ਦੇ ਵਿਚਾਲੇ ਹਮੇਸ਼ਾ ਤੋਂ ਹੀ ਮੁਤਨਾਜ਼ੇ ਰਿਹਾ ਹੈ, ਹਿੰਦੂ ਆਖਦੇ ਸਣ ਕਿ ਬਾਬਾ ਜੀ ਹਿੰਦੂ ਨੇ ਜਦ ਕੇ ਮੁਸਲਮਾਨ ਆਖਦੇ ਸਣ ਬਾਬਾ ਜੀ ਮੁਸਲਮਾਨ ਹਨ। ਜਦੋਂ ਬਾਬਾ ਜੀ ਹੋਰਾਂ ਏਸ ਜਗ ਤੋਂ ਕੂਚ ਫ਼ਰਮਾਇਆ ਤਾਂ ਹਿੰਦੂ ਬਜ਼ਿਦ ਸਣ ਕਿ ਅਸਾਂ ਬਾਬਾ ਜੀ ਦਾ ਅੰਤਮ ਸੰਸਕਾਰ ਆਪਣੇ ਧਰਮ ਦੇ ਅਧੀਨ ਕਰਣਾ ਹੈ ਅਤੇ ਮੁਸਲਮਾਨ ਆਖਦੇ ਸਣ ਕਿ ਬਾਬਾ ਜੀ ਚੂੰਕਿ ਮੁਸਲਮਾਨ ਸਨ ਏਸ ਲਈ ਅਸਾਂ ਬਾਬਾ ਜੀ ਨੂੰ ਦਫ਼ਨ ਕਰਣਾ ਹੈ।
ਏਸ ਮੁਸ਼ਕਿਲ ਤੇ ਔਖੀ ਘੜੀ ਦਾ ਵੱਖ ਵੱਖ ਇਤਿਹਾਸ ਕਾਰਾਂ ਨੇ ਵੱਖ ਵੱਖ ਵੇਰਵਾ ਕੀਤਾ ਹੈ।ਕੁੱਝ ਲਿਖਦੇ ਹਣ ਕਿ ਜਦੋਂ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਨੌਬਤ ਲੜਾਈ ਤੱਕ ਜਾ ਪੁੱਜੀ ਤਾਂ ਫੈਸਲਾ ਇਹ ਹੋਇਆ ਕਿ ਬਾਬਾ ਜੀ ਨੂੰ ਨਾ ਤਾਂ ਜਲਾਇਆ ਜਾਏ ਅਤੇ ਨਾ ਦਫ਼ਨ ਕੀਤਾ ਜਾਏ ਬਲਕਿ ਇਹ ਇਹਨਾਂ ਦੀ ਮਈਯਤ ਨੂੰ ਦਰਿਆ ਦੀ ਨਜ਼ਰ ਕਰ ਦਿੱਤਾ ਜਾਏ। ਜਦੋਂ ਲੋਕ ਬਾਬਾ ਜੀ ਦੀ ਮੰਜੀ ਦੇ ਲਾਗੇ ਗੈ ਤਾਂ ਬਾਬਾ ਜੀ ਦਾ ਜਸਦੇ ਖ਼ਾਕੀ ਮੌਜੂਦ ਨਹੀਂ ਸੀ ਬਲਕਿ ਚਾਦਰ ਦੇ ਹੇਠ ਕੁੱਝ ਫੁੱਲ ਸਨ,,ਇਹ ਵੇਖ ਦੋਵੇਂ ਧਿਰਾਂ ਢੇਰ ਪਚੀ ਹੋਈਆਂ, ਦੋਵਾਂ ਧਿਰਾਂ ਨੇ ਚਾਦਰ ਨੂੰ ਅੱਧੋ ਅੱਧ ਕਰ ਲਿਆ, ਮੁਸਲਮਾਨਾਂ ਨੇ ਆਪਣੇ ਹਿੱਸੇ ਆਈ ਚਾਦਰ ਦਫ਼ਨ ਕਰ ਲਈ ਅਤੇ ਹਿੰਦੂਆਂ ਨੇ ਕਲਾ ਦਿੱਤੀ।
ਜਦ ਕਿ ,, ਤਾਰੀਖੇ ਪੰਜਾਬ,, ਦੇ ਲੇਖਕ ਡਾ, ਹਮੀਦਉੱਲਾਹ ਹਾਸ਼ਮੀ ਕੁੱਝ ਹੋਰ ਹੀ ਲਿਖਦੇ ਹਣ। ਉਹ ਲਿਖਦੇ ਹਨ ਕਿ,,
,, ਭਾਰਤ ਦਾ ਕਸਬਾ ,, ਡੇਰਾ ਬਾਬਾ ਨਾਨਕ,,ਜ਼ਿਲਾ ਗੁਰਦਾਸ ਪੁਰ ਸਾਡੇ ਕਸਬੇ ਜਸਟਰ ਜ਼ਿਲਾ ਸਿਆਲਕੋਟ ਤੋਂ ਕੇਵਲ ਪੰਜ ਮੀਲ ਦੂਰ ਹੈ। ਏਸ ਕਸਬੇ ਦੇ ਗੁਰਦੁਆਰਾ ਵਿੱਚ ਬਾਬਾ ਨਾਨਕ ਦੀ ਕਮੀਜ਼ ( ਚੋਲਾ) ਜੀਹਨੂੰ ਸਿੱਖ ਚੋਲਾ ਸਾਹਿਬ ਆਖਦੇ ਨੇ ਹੁਣ ਤੱਕ ਮਹਿਫ਼ੂਜ਼ ਹੈ।ਓਸ ਕਮੀਜ਼ ਜਾਂ ਚੋਲਾ ਸਾਹਿਬ ਤੇ ਪੂਰਾ ਕਲਮਾ,, ਲਾ ਇਲਾਹਾ ਇਲੱਲਾਹ ਮੁਹੰਮਦ ਰਸੂ ਲੱਲਾਹ,, ਸੁਨਹਿਰੀ ਗੋਟੇ ਨਾਲ ਲਿਖਿਆ ਹੈ।
ਪਾਕਿਸਤਾਨ ਬਣਨ ਤੋਂ ਪਹਿਲਾਂ ਮੈਂ ਇਹ ਚੋਲਾ ਆਪਣੀਆਂ ਅੱਖਾਂ ਨਾਲ ਡਿੱਠਾ ਸੀ। ਉਹ ਲਿਖਦੇ ਹਨ ਓਸ ਵੇਲੇ ਮੇਰੇ ਪਿਤਾ ਤਹਿਸੀਲ ਬਟਾਲਾ ਜ਼ਿਲਾ ਗੁਰਦਾਸ ਪੁਰ ਵਿੱਚ ADI ਸਕੂਲਜ਼ ਸਣ। ਜ਼ਿਲ੍ਹੇ ਦੇ ਸਿੱਖਿਆ ਖੇਤਰ ਦਾ ਵੱਡਾ ਅਫ਼ਸਰ ਇੱਕ ਅੰਗਰੇਜ਼ ਸੀ ਜੀਹਦਾ ਨਾਂਅ ਮਿਸਟਰ ਥਾਮਸ ਲਜ਼ਰਸ ( T , Lazrus) ਸੀ। ਡੇਰਾ ਬਾਬਾ ਨਾਨਕ ਦੇ ਸਾਰੇ ਮਿਡਲ ਤੇ ਹਾਈ ਸਕੂਲ ਮੇਰੇ ਪਿਤਾ ਜੀ ਦੇ ਅੰਡਰ ਸਨ। ਕਿਉਂਕਿ ਡੇਰਾ ਦਾ ਕਸਬਾ ਬਟਾਲਾ ਤਹਿਸੀਲ ਦਾ ਹੀ ਅੰਗ ਸੀ। ਮੇਰੇ ਪਿਤਾ ਜੀ ਮੋਟਰ ਸਾਇਕਲ ਤੇ ਸਕੂਲਾਂ ਦੀ ਜਾਂਚ ਪੜਤਾਲ ਕਰਨ ਜਾਂਦੇ ਸਨ ਕਈ ਵਾਰ ਮੈਂ ਵੀ ਉਹਨਾਂ ਦੇ ਨਾਲ ਜਾਇਆ ਕਰਦਾ ਸਾਂ। ਰਸਤੇ ਵਿਚ ਅਲੀ ਵਾਲ, ਕਾਸਤੀ ਵਾਲ, ਅਤੇ ਧਰਮ ਕੋਟ ਨਾਮੀ ਕਸਬੇ ਆਉਂਦੇ ਸਣ। ਧਰਮ ਕੋਟ ਬੱਗਾ ਦੇ ਕਸਬੇ ਦੇ ਮਿਡਲ ਸਕੂਲ ਦੇ ਹੈਡ ਮਾਸਟਰ ਸਾਹਿਬ ਮੁਨਸ਼ੀ ਫਕੀਰੁੱਲਾਹ ਕੁਰੈਸ਼ੀ ਹੁੰਦੇ ਸਨ। ਇਹ ਹੈਡ ਮਾਸਟਰ ਜੀ ਨਾ ਸਿਰਫ ਮੇਰੇ ਪਿਤਾ ਜੀ ਦੇ ਮਾਤਹਿਤ ਸਨ ਸਗੋਂ ਇੱਕੋ ਬਰਾਦਰੀ ਦੇ ਹੋਣ ਕਰਕੇ ਗੂਹੜੇ ਮਿੱਤਰ ਵੀ ਸਨ।ਉਹਨਾਂ ਦਾ ਸਪੁੱਤਰ ਅਨਵਾਰ ਉਲ ਹੱਕ ਕੁਰੈਸ਼ੀ PWD ਵਿੱਚ XEN ਵੀ ਸਣ ਜਿੰਨ੍ਹਾਂ ਦਾ ਕੁੱਝ ਚਿਰ ਪਹਿਲਾਂ ਦਿਹਾਂਤ ਹੋਇਆ ਹੈ।
ਤਾਰੀਖ਼ੇ ਪੰਜਾਬ ,, ਹਮੀਦ ਉੱਲਾਹ ਸ਼ਾਹ ਹਾਸ਼ਮੀ ਲਿਖਦਾ ਹੈ ਕਿ,, ਦਰ ਅਸਲ ਹਜ਼ਰਤ ਬਾਬਾ ਨਾਨਕ ਕਸਬਾ ਦਰਬਾਰ ਸਾਹਿਬ ਕਰਤਾਰ ਪੁਰ ਜ਼ਿਲਾ ਸਿਆਲਕੋਟ ਹੁਣ ਜ਼ਿਲਾ ਸ਼ੱਕਰ ਗੜ੍ਹ ਵਿੱਚ ਦਫ਼ਨ ਹਨ।
ਮੈਂ ਉਹਨਾਂ ਦੀ ਕਬਰ ਮੁਬਾਰਕ ਤੇ ਕਦੀ ਕਦੀ ਫਾਤਿਹਾ ( ਦੁਆ) ਪੜ੍ਹਣ ਕਰਤਾਰ ਪੁਰ ਸਾਹਿਬ ਚਲਾ ਜਾਂਦਾ ਹਾਂ।ਬਾਬਾ ਨਾਨਕ ਜੀ 1539 ਇਸਵੀ ਨੂੰ ਕਰਤਾਰ ਪੁਰ ਸਾਹਿਬ ਵਿੱਚ ਵਫ਼ਾਤ ਪਾ ਗਏ ਸਣ। ਉਹਨਾਂ ਦਿਨਾਂ ਵਿੱਚ ਭਾਰਤ ਵਿੱਚ ਸ਼ੇਰ ਸ਼ਾਹ ਸੂਰੀ ਦਾ ਰਾਜ ਸੀ। ਜਿਸ ਦਿਨ ਬਾਬਾ ਜੀ ਦੀ ਵਫ਼ਾਤ ਹੋਈ ਓਸ ਦਿਨ ਤੋਂ ਹਿਦੁਆਂ ਅਤੇ ਮੁਸਲਮਾਨਾਂ ਵਿਚਾਲੇ ਲੜਾਈ ਛਿੜੀ ਸੀ ਦੋਵਾਂ ਪਾਸਿਓਂ ਤਲਵਾਰਾਂ ਬਰਛੀਆਂ ਅਤੇ ਨੇਜ਼ੇ ਦੀਆਂ ਚਮਕਾਂ ਲਿਸ਼ਕਾਂ ਮਾਰਦੀਆਂ ਸਨ। ਹਿੰਦੂ ਆਪ ਜੀ ਦੀ ਅਰਥੀ ਨੂੰ ਅਗਨੀ ਦੇਣਾ ਚਾਹੁੰਦੇ ਸਨ ਜਦਕਿ ਮੁਸਲਮਾਨ ਆਖਦੇ ਸਣ ਕਿ ਬਾਬਾ ਮੁਸਲਮਾਨ ਹੈ ਇਸ ਲਈ ਅਸੀਂ ਇਸਦੀ ਨਮਾਜ਼ੇ ਜਨਾਜ਼ਾ ਪੜ੍ਹ ਕੇ ਦਫ਼ਨ ਕਰਾਂ ਗੇ।
ਆਪ ਜੀ ਦਾ ਜਸਦੇ ਖ਼ਾਕੀ ਦੋ ਦਿਨ ਤੱਕ ਪਿਆ ਰਿਆ ਮੁਸਲਮਾਨ ਤੇ ਹਿੰਦੂ ਆਪਣੀ ਆਪਣੀ ਜ਼ਿਦ ਤੇ ਅੜੇ ਰਹੇ। ਕਸਬਾ ਕਰਤਾਰ ਪੁਰ, ਚੱਕ ਕਾਜ਼ੀਆਂ, ਨੂਰ ਕੋਟ, ਤੇ ਜਸਟ੍ਰ ਦੇ ਮੁਸਲਮਾਨ ਹਿੰਦੂ ਬਾਬੇ ਦੇ ਕਾਰਨ ਯੁੱਧ ਲਈ ਤਿਆਰ ਬੈਠੇ ਸਨ।
ਆਖ਼ਰ ਕਾਰ ਸ਼ੱਕਰ ਗੜ੍ਹ ਦੇ ਤਾਅਲੁਕਾ ਦਾਰ ਸ਼ਾਹ ਰਹਿਮਾਨ ਦੀਵਾਨ ਸਾਨੀ ਕਸਬਾ ਕਰਤਾਰ ਪੁਰ ਪੁੱਜੇ ਅਤੇ ਉਥੋਂ ਦੇ ਮੁਸਲਮਾਨ ਨੰਬਰਦਾਰ ਨੂੰ ਕਿਹਾ,, ਕਿ ਰਾਤ ਦੇ ਨ੍ਹੇਰੇ ਵਿੱਚ ਬਾਬਾ ਜੀ ਮਈਅਤ ਨੂੰ ਚੋਰੀ ਕਰਕੇ ਖੁੱਲ੍ਹੇ ਮੈਦਾਨ ਵਿਚ ਲੈ ਆਉਣ ਉੱਥੇ ਬਾਬੇ ਜੀ ਦੀ ਨਮਾਜ਼ੇ ਜਨਾਜ਼ਾ ਅਦਾ ਕਰਕੇ ਦਫ਼ਨਾ ਦਿਓ ਅਤੇ ਸਵੇਰੇ ਰੌਲਾ ਪਾ ਦਿਓ ਕਿ ਬਾਬਾ ਜੀ ਨੂੰ ਰਾਤੀਂ ਆਸਮਾਨ ਤੋਂ ਇੱਕ ਮਖਲੂਕ ਆਈ ਸੀ ਅਤੇ ਚੁੱਕ ਕੇ ਅਸਮਾਨ ਤੇ ਲੈ ਗਈ ਸੀ,ਮੰਜੀ ਤੇ ਇੱਕ ਰੇਸ਼ਮੀ ਚਾਦਰ ਅਤੇ ਕੁੱਝ ਫੁੱਲ ਛੱਡ ਗਏ ਸਨ। ਸਵੇਰੇ ਅਸੀਂ ਹਿੰਦੂ ਭਾਈਆਂ ਨੂੰ ਆਖਾਂ ਦੇ ਕਿ ਆਓ ਹਿੰਦੂ ਭਾਈਓ ਬਾਬਾ ਜੀ ਤੇ ਅੰਬਰ ਤੇ ਚਲੇ ਗਏ ਹਨ, ਹੁਣ ਝਗੜਾ ਕਿਸ ਗੱਲ ਦਾ ਹੈ। ਅਸੀਂ ਦੋਵੇਂ ਕੌਮਾਂ ਏਸ ਚਾਦਰ ਨੂੰ ਅੱਧੋ ਅੱਧ ਕਰਕੇ ਆਪਣੀ ਆਪਣੀ ਰਸਮ ਅਦਾ ਕਰ ਲੈਂਦੇ ਹਾਂ।
ਚੁਣਾਚਿ ਏਦਾਂ ਹੀ ਹੋਇਆ ਮੁਸਲਮਾਨ ਕੌਮ ਨੇ ਬਾਬਾ ਜੀ ਨੂੰ ਰਾਤ ਦਫ਼ਨਾ ਦਿੱਤਾ ਅਤੇ ਸਵੇਰੇ ਸਵੇਰੇ ਅਪ੍ਰੋਕਤ ਕਿਤੇ ਗੈ ਮਤੇ ਨੂੰ ਮਸ਼ਹੂਰ ਕਰ ਦਿੱਤਾ। ਸੁਬਹ ਸਵੇਰੇ ਨੰਬਰ ਦਾਰ ਨੇ ਕੁੱਝ ਲੋਕਾਂ ਨੂੰ ਨਾਲ ਮਿਲਾ ਕੇ ਰੌਲਾ ਪਾ ਦਿੱਤਾ ਕਿ ਰਾਤੀਂ ਬਾਬਾ ਜੀ ਨੂੰ ਅਸਮਾਨੀ ਮਖ਼ਲੁਕ ਚੁੱਕ ਕੇ ਲੈ ਗਈ ਹੈ ਅਤੇ ਅਹਾ ਸੁਰਗ ਦੀ ਰੇਸ਼ਮੀ ਚਾਦਰ ਅਤੇ ਫੁੱਲ ਛੱਡ ਗਈ ਹੈ, ਹੁਣ ਸਾਡਾ ਝਗੜਾ ਫੱਬਦਾ ਨਹੀਂ ਅਸੀਂ ਚਾਦਰ ਅੱਧੋ ਅੱਧ ਕਰ ਕਰ ਕੇ ਆਪਣੀ ਆਪਣੀ ਰਸਮ ਪੂਰੀ ਕਰ ਲੈਂਦੇ ਹਾਂ।
ਏਸ ਵੇਲੇ ਭਾਰਤ ਵਿੱਚ ਸਿੱਖ ਧਰਮ ਦੀ ਹਾਲੇ ਬੁਨਿਆਦ ਨਹੀਂ ਸੀ ਰੱਖੀ ਗਈ, ਏਸ ਲਈ ਬਾਬਾ ਜੀ ਦੀ ਆਖਰੀ ਰਸੂਮਾਤ ਮੁਸਲਮਾਨਾਂ ਨੇ ਅਦਾ ਕੀਤੀ ਸੀ।
ਓਸ ਤੋਂ ਚਾਰ ਸੌ ਸਾਲ ਬਾਅਦ ਮਹਾ ਰਾਜਾ ਪਟਿਆਲਾ ਨੇ ਅੰਗਰੇਜ਼ਾਂ ਦੇ ਦੌਰ 1920 ਵਿੱਚ ਏਸ ਥਾਂ ਤੇ ਸੰਗੇ ਮਰਮਰ ਦਾ ਗੁਰਦੁਆਰਾ ਤਾਮੀਰ ਕੀਤਾ ਸੀ, ਪਰ ਮੁਸਲਮਾਨਾਂ ਦੀ ਬਣਾਈ ਗਈ ਕਬਰ ਮੁਬਾਰਕ ਨੂੰ ਓਦਾਂ ਹੀ ਰਹਿਣ ਦਿੱਤਾ ਏਸ ਪ੍ਰੋਜੇਕਟ ਦੇ ਇੰਜੀਨੀਅਰ ਦਾ ਸ਼ੁੱਭ ਨਾਂਅ ਰਾਮ ਸਿਆਲ ਸੀ।
ਤਾਰੀਖ਼ੇ ਪੰਜਾਬ ਵਾਲਾ ਲਿਖ ਦਾ ਹੈ ਕਿ ਇਹ ਵਾਕਿਆ ਕਿਸੇ ਵੀ ਤਾਰੀਖ਼ ਦੀ ਕਿਤਾਬ ਵਿਚ ਦਰਜ ਨਹੀਂ, ਉਹ ਲਿਖਦੇ ਹਨ ਕਿ ਇਹ ਵਾਕਿਆ ਮੈਂ ਆਪਣੇ ਦਾਦਾ ਅੱਬੂ ਪੀਰ ਨਬੀ ਬਖ਼ਸ਼ ਕਾਦਰੀ ਸਾਬਰੀ ਤੋਂ ਸੁਣਿਆ ਸੀ ਉਹ ਲਿਖਦੇ ਹਨ ਕਿ ਮੇਰੇ ਦਾਦਾ ਅੱਬੂ 120 ਸਾਲ ਦੇ ਹੋ ਕੇ ਅਮ੍ਰਿਤਸਰ ਵਿੱਚ ਮਰੇ ਸਣ। ਉਹਨਾਂ ਦਾ ਜਨਮ 1809 ਵਿੱਚ ਹੋਇਆ ਸੀ ਅਤੇ 09,09,1929 ਵਿੱਚ ਉਹਨਾਂ ਨੇ ਏਸ ਜਹਾਨ ਤੋਂ ਕੂਚ ਕੀਤਾ ਸੀ। ਉਹ ਦੱਸ ਦੇ ਸਣ ਕਿ ਉਹਨਾਂ ਨੇ ਇਹ ਵਾਕਿਆ ਆਪਣੇ ਪਿਤਾ ਪੀਰ ਭੋਲੇ ਸ਼ਾਹ ਤੋਂ ਸੁਣਿਆ ਸੀ, ਅਤੇ ਉਹਨਾਂ ਨੇ ਆਪਣੇ ਪਿਤਾ ਤੋਂ ਸੁਣਿਆ ਸੀ। ਉਹ ਲਿਖਦੇ ਹਨ ਕਿ ਮੇਰੇ ਪਰਵਾਰ ਦੇ ਮੋਢੀ ਸ਼ਾਹ ਰਹਿਮਾਨ ਦੀਵਾਨ ਸਾਨੀ ਸਨ, ਜਿਹੜੇ ਉਹਨੀਂ ਦਿਨੀਂ ਸ਼ੱਕਰ ਗੜ੍ਹ ਦੇ ਤਾਅਲੁਕਾ ਦਾਰ ਸਣ।
ਇਤਿਹਾਸ ਕਾਰ ਲਿਖਦਾ ਹੈ ਕਿ ਮੈਨੂੰ ਮੇਰੇ ਪਰਵਾਰ ਦੇ ਪੁਰਖਾਂ ਦੀ ਨਸੀਹਤ ਸੀ ਕਿ ਏਸ ਵਾਕਿਆ ਨੂੰ ਕਦੀ ਵੀ ਇਤਿਹਾਸ ਦੇ ਪੰਨਿਆਂ ਵਿੱਚ ਨਾ ਲਿਖਣਾ ਨਹੀਂ ਤਾਂ ਲੋਕ ਸਾਨੂੰ ਮੁਰਦਾ ਚੋਰ ਕਹਿਣ ਗੇ ਪਰ ਇਸ ਦੇ ਬਾਵਜੂਦ ਵੀ ਮੈਂ ਏਸ ਨੂੰ ਆਪਣੀ ਕਿਤਾਬ ਵਿਚ ਸ਼ਾਮਿਲ ਕੀਤਾ ਹੈ,ਅਗਰ ਉਦੋਂ ਇਹ ਝੂਠ ਨਾਂ ਬੋਲਿਆ ਜਾਂਦਾ ਤਾਂ ਹਿੰਦੂਆਂ ਮੁਸਲਮਾਨਾਂ ਵਿੱਚ ਢੇਰ ਖ਼ੂਨ ਰੇਜ਼ੀ ਹੋਣੀ ਸੀ।
ਇਤਿਹਾਸ ਕਾਰ ਮਜ਼ੀਦ ਲਿਖਦਾ ਹੈ ਕਿ,, ਰੇਲਵੇ ਸਟੇਸ਼ਨ ਨੂਰ ਕੋਟ ਦੇ ਨੇੜੇ ਹੀ ਪਿੰਡ ਚੱਕ ਕਾਜ਼ੀਆਂ ਹੈ, ਉੱਥੇ ਇੱਕ ਮਸ਼ਹੂਰ ਬਜ਼ੁਰਗ ਰਹਿੰਦੇ ਸਨ, ਜਿੰਨ੍ਹਾਂ ਦਾ ਤਾਅਲੁੱਕ ਸਿਲਸਲਾ ਆਲੀਆ ਨਿਜ਼ਾਮਿਆ ਨਾਲ ਹੈ। ਉਹਨਾਂ ਦਾ ਨਾਂਅ ਸਈਅਦ ਮੁਹੰਮਦ ਅਸ਼ਰਫ਼ ਸੀ ਪਰ ਉਹਨਾਂ ਦੇ ਮੁਰਸ਼ਦ,, ਗੁਰੂ,, ਖਾਜਾ ਹਸਨ ਨਿਜ਼ਾਮੀ ਨੇ ਉਹਨਾਂ ਦਾ ਸ਼ੁੱਭ ਨਾਂਅ ਬਦਲ ਕੇ ਸਈਅਦ ਕਸ਼ਫ਼ੀ ਸ਼ਾਹ ਨਿਜ਼ਾਮੀ ਰੱਖ ਦਿੱਤਾ। ਕਿਉਂਕਿ ਉਹਨਾਂ ਦਾ ਇਲਮ ਕਸ਼ਫ਼ੁਲ ਕਬੂਰ ( ਕਬਰਾਂ ਦੇ ਪਰਦੇ ਨੂੰ ਖੋਲ੍ਹ ਦੇਣਾ) ਤੇ ਕੁਦਰਤ ਹਾਸਿਲ ਸੀ। ਖ਼ਾਜਾ ਹਸਨ ਨਿਜ਼ਾਮੀ ਨੇ ਕਸ਼ਫੀ ਸ਼ਾਹ ਜੀ ਨੂੰ ਖ਼ਲਾਫ਼ਤੇ ਆਲੀਆ ਚਿਸ਼ਤੀਆ ਨਿਜ਼ਾਮਿਆਂ ਤੋਂ ਵੀ ਸਰਫ਼ਰਾਜ਼ ਕਰ ਦਿੱਤਾ ਸੀ। ਪਕਿਸਤਾਨ ਦੇ ਮਸ਼ਹੂਰ ਕਾਨੂੰਨ ਦਾਨ S M ਜ਼ਫ਼ਰ ( ਸਈਅਦ ਮੁਹੰਮਦ ਜ਼ਫ਼ਰ) ਜਿਹੜੇ ਅੱਯੂਬ ਦੌਰ ਵਿੱਚ ਸਣ) ਉਹਨਾਂ ਦੇ ਪੁੱਤਰ ਸਣ। ਉਹ ਵੀ ਕੁੱਝ ਵਰ੍ਹੇ ਪਹਿਲਾਂ ਪਰਲੋਕ ਸਧਾਰ ਗੈ ਹਨ।
ਇਤਿਹਾਸ ਕਾਰ ਲਿਖਦਾ ਹੈ ਕਿ ਮੈਂ ਸਿੱਧਾ ਚੱਕ ਕਾਜ਼ੀਆਂ ਚਲਾ ਗਿਆ, ਉਥੇ ਕਸ਼ਫ਼ੀ ਨਿਜ਼ਾਮੀ ਨਾਲ ਮੁਲਾਕਾਤ ਕੀਤੀ ਆਪਣੇ ਆਉਣ ਦਾ ਮਕਸਦ ਬਿਆਨ ਕੀਤਾ ਕਿ ਮੈਂ ਬਾਬਾ ਜੀ ਗੁਰੂ ਨਾਨਕ ਜੀ ਦੀ ਕਬਰ ਵੇਖਣਾ ਚਾਹਨਾ ਵਾਂ।
ਜਿਹੜੀ ਥਾਂ ਤੇ ਹਿੰਦੂਆਂ ਨੇ ਬਾਬਾ ਜੀ ਦੀ ਖ਼ੁਸ਼ਬੂ ਭਾਰੀ ਚਾਦਰ ਨਜ਼ਰੇ ਆਤਸ਼ ਕੀਤੀ ਸੀ , ਉਥੇ ਮਹਾਰਾਜਾ ਪਟਿਆਲਾ ਅਤੇ ਉਹਨਾਂ ਦੇ ਇੰਜੀਨੀਅਰ ਲਾਲਾ ਸ਼ਿਆਮ ਦਾਸ ਨੇ 1912 ਵਿੱਚ ਸੰਗੇਮਰਮਰ ਦੀ ਇੱਕ ਆਲੀਸ਼ਾਨ ਗੁਰੂਦੁਆਰਾ ਅਤੇ ਸਮਾਧ ਉਸਾਰੀ ਸੀ।
ਓਸ ਤੋਂ ਬਾਹਰ ਅੱਧੇ ਮੀਲ ਦੀ ਵਿੱਥ ਤੇ ਰਾਵੀ ਦਰਿਆ ਵਗਦਾ ਸੀ, ਜਿਹੜਾ ਜ਼ਿਲਾ ਸਿਆਲਕੋਟ ਅਤੇ ਗੁਰਦਾਸਪੁਰ ਨੂੰ ਵੱਖ ਕਰਦਾ ਸੀ, ਪਾਕ-ਭਾਰਤ ਤਕਸੀਮ ਵੇਲੇ ਏਸੇ ਚੀਜ਼ ਨੂੰ ਸੀਮਾ ਬਣਾ ਦਿੱਤਾ ਗਿਆ।
ਗੁਰਦੁਆਰਾ ਤੋਂ ਪੰਜਾਹ ਗਜ਼ ਦੂਰ ਸਈਅਦ ਕਸ਼ਫ਼ੀ ਨਿਜ਼ਾਮੀ ਮੈਨੂੰ ਇਕ ਕਬਰ ਤੇ ਲੈ ਗਿਆ ਅਤੇ ਮੈਨੂੰ ਦੱਸਿਆ ਕਿ ,, ਇਹ ਕਬਰ ਬਾਬਾ ਗੁਰੂ ਨਾਨਕ ਜੀ ਦੀ ਹੈ,, ਉਹਨਾਂ ਨੇ ਏਸ ਕਬਰ ਤੇ ਅੱਧਾ ਘੰਟਾ ਮੁਰਾਕਬਾ ਕੀਤਾ ਅਤੇ ਇਲਮ ਕਸ਼ਫੁਲਕਬੂਰ ਦੇ ਜ਼ਰੀਏ ਮੈਨੂੰ ਦੱਸਿਆ ਕਿ ਉਹਨਾਂ ਦੀ ਬਾਬਾ ਜੀ ਨਾਲ ਗੱਲ ਬਾਤ ਹੋਈ ਹੈ। ਉਹਨਾਂ ਦਾ ਜਸਦੇ ਖ਼ਾਕੀ ਬਿਲਕੁਲ ਸਹੀ ਸਲਾਮਤ ਕਬਰ ਵਿੱਚ ਮੌਜੂਦ ਹੈ। ਕਿਉਂਕਿ ਅੱਲਾਹ ਦੇ ਨੇਕ ਬੰਦਿਆਂ ਦੇ ਸਰੀਰ ਨੂੰ ਮਿੱਟੀ ਨਹੀਂ ਖਾਂਦੀ।
ਤਾਰੀਖ ਪੰਜਾਬ ਵਾਲਾ ਲਿਖਦਾ ਹੈ ਕਿ,, ਸਈਅਦ ਕਸ਼ਫ਼ੀ ਨਿਜ਼ਾਮੀ ਹੋਰਾਂ ਮੈਨੂੰ ਕਿਹਾ ਕਿ,, ਬਾਬਾ ਜੀ ਗੁਰੂ ਨਾਨਕ ਸਾਹਿਬ ਜੀ ਤੁਹਾਨੂੰ ਵੀ ਸਲਾਮ ਅਤੇ ਪਿਆਰ ਦੇਂਦੇ ਹਣ। ਅਤੇ ਉਹਨਾਂ ਮੈਨੂੰ ਦੱਸਿਆ ਹੈ ਕਿ ,, ਇਹ ਮੁੰਡਾ ਸ਼ਾਹ ਰਹਿਮਾਨ ਦੀਵਾਨ ਸਾਨੀ ਦੀ ਦਸਵੀਂ ਪੁਸ਼ਤ ਵਿੱਚੋਂ ਹੈ। ਸ਼ਾਹ ਰਹਿਮਾਨ ਸਾਨੀ ਨੇ ਹੀ ਬਾਬਾ ਨਾਨਕ ਜੀ ਦੀ ਰਾਤ ਦੇ ਅੰਧੇਰੇ ਵਿੱਚ ਨਮਾਜ਼ੇ ਜਨਾਜ਼ਾ ਪੜ੍ਹਾਈ ਸੀ ਤੇ ਦਫ਼ਨ ਕੀਤਾ ਸੀ। ਏਸ ਵਾਕਿਆ ਦੀ ਓਸ ਸਮੇਂ ਦੇ ਬਾਦਸ਼ਾਹ ਸ਼ੇਰ ਸ਼ਾਹ ਸੂਰੀ ਨੂੰ ਵੀ ਇੱਤਿਲਾ ਦਿੱਤੀ ਗਈ ਸੀ।
ਨਾਮ ਨੇਕ ਰਫ਼ਤਗਾਂ ਜ਼ਾਇਆ ਮਕੁਨ।
ਤਾਬਿ ਮਾਂਦ ਨਾਮ ਨੇਕਤ ਬਰ ਕਰਾਰ।
ਫ਼ਾਰਸੀ
ਅਰਥ
ਨੇਕ ਲੋਕਾਂ ਦੇ ਨਾਂਅ ਨੂੰ ਜ਼ਾਇਆ ਨਾ ਕਰ
ਉਹਨਾਂ ਦੇ ਨਾਂਅ ਨੂੰ ਜ਼ਿੰਦਾ ਰੱਖਣ ਨਾਲ ਤੇਰਾ ਨਾਂਅ ਵੀ ਜ਼ਿੰਦਾ ਰਹੇ ਗਾ।
ਬਾਬਾ ਨਾਨਕ ਨੇ ਰਾਵੀ ਦੇ ਕੰਢੇ ਡੇਰਾ ਬਾਬਾ ਨਾਨਕ ਅਸਥਾਨ ਤੇ ਡੇਰਾ ਲਾ ਲਿਆ, ਏਥੇ ਇੱਕ ਵੱਡਾ ਲੰਗਰ ਖਾਨਾ ਜਾਰੀ ਕੀਤਾ, ਜਿੱਥੇ ਹਰ ਰੋਜ਼ ਗ਼ਰੀਬ ਮਸਕੀਨ ਤੇ ਬੇ ਸਹਾਰਾ ਲੋਕ ਢਿੱਡ ਭਰ ਕੇ ਖਾਂਦੇ। ਅਤੇ ਉਹਨਾਂ ਦਾ ਜਾਰੀ ਕੀਤਾ ਲੰਗਰ ਖਾਨਾ ਕਿਆਮਤ ਸਿਦਾਂ ਜਾਰੀ ਰਹੇ ਗਾ ਅਤੇ ਇਸਦਾ ਅਜਰ ਬਾਬਾ ਜੀ ਨੂੰ ਅਤੇ ਇਸਦਾ ਫੈਜ਼ ਲੋਕਾਂ ਨੂੰ ਮਿਲਦਾ ਰਹਿ ਦਾ।
ਜਦੋਂ ਮੈਂ ਪੰਜਵੇਂ ਕਾਉੰਟਰ ਤੇ ਪੂਜਾ ਤਾਂ ਯਾਤਰੀਆਂ ਤੋਂ ਪੁੱਛਿਆ ਗਿਆ ਕਿ, ਜਿੰਨ੍ਹਾਂ ਨੇ ਕਿਸੇ ਭਾਰਤੀ ਯਾਤਰੀ ਨੂੰ ਮਿਲਣਾ ਹੈ ਉਹ ਵਖਰੇ ਹੋ ਜਾਣ। ਮੈਂ ਬਾਕੀ ਯਾਤਰੀਆਂ ਤੋਂ ਵੱਖਰਾ ਹੋ ਗਿਆ, ਕਈ ਸੁਆਲ ਜੁਆਬ ਕੀਤੇ ਗਏ। ਅਤੇ ਅੰਤ ਤੇ ਕਿਹਾ ਕਿ ਵਾਪਸੀ ਤੇ ਮਿਲ ਕੇ ਜਾਇਆ ਜੇ।
ਓਥੋਂ ਮਿਲਣ ਵਾਲਾ ਵਿਜ਼ਟਰ ਕਾਰਡ ਮੈਂ ਗਲ ਵਿੱਚ ਪਾਇਆ ਅਤੇ ਦਰਸ਼ਨੀ ਡਿਓੜੀ ਚੋਂ ਨਿਕਲ ਕੇ ਖੁੱਲੇ ਮੈਦਾਨ ਵਿੱਚ ਚਲਾ ਗਿਆ , ਕੀਰਤਨ ਦਰਬਾਰ ਦੇ ਬਿਲਕੁਲ ਸਾਹਮਣੇ ਲੰਗਰ ਖਾਨਾ ਹੈ ,, ਲੰਗਰ ਖਾਨੇ ਦੇ ਐਨ ਸਾਹਮਣੇ ਸਰਦਾਰ ਮਨਪ੍ਰੀਤ ਸਿੰਘ ਅਤੇ ਉਹਨਾਂ ਦੀ ਪਤਨੀ ਮੈਨੂੰ ਉਡੀਕ ਰਹੇ ਸਨ। ਉਹਨਾਂ ਨੇ ਮੈਨੂੰ ਵੇਖ ਕੇ ਆਪਣੇ ਵੱਲ ਬੁਲਾ ਲਿਆ, ਅਸੀਂ ਬਾਰਾਂ ਵਰ੍ਹਿਆਂ ਬਾਅਦ ਇਕ ਵਾਰ ਫ਼ੇਰ ਗਲਵਕੜੀ ਪਾਕੇ ਘੁੱਟ ਕੇ ਮਿਲੇ ,, ਭੱਭੀ ਜੀ ਹੋਰਾਂ ਨੂੰ ਪਿਆਰ ਦਿੱਤਾ। ਰਸਮੀ ਗੱਲ ਬਾਤ ਤੋਂ ਬਾਅਦ ਅਸੀਂ ਲੰਗਰ ਹਾਲ ਵੱਲ ਚਲੇ ਗਏ ,, ਉਹ ਲੰਗਰ ਛੱਕ ਬੈਠੇ ਸਣ ਸੋ ਬਹੁਤ ਸਾਰੇ ਦੂਜੇ ਲੋਕਾਂ ਨਾਲ ਮੈਂ ਵੀ ਭੋਜਨ ਕੀਤਾ।
ਚਲਦਿਆਂ ਚਲਦਿਆਂ ਕੁੱਝ ਗੱਲਾਂ ਸਾਂਝੀਆਂ ਕੀਤੀਆਂ, ਅਤੇ ਫ਼ੇਰ ਮਿਲਣ ਦੀ ਆਸ਼ਾ ਲੈਕੇ ਇੱਕ ਵਾਰ ਫ਼ੇਰ ਵਿੱਛੜ ਗਏ।
ਵਾਪਸੀ ਤੇ ਫ਼ਿਰ ਉਹੋ ਘਸੇ ਪਿਟੇ ਸੁਆਲ ਕੀ ਤੁਸੀ ਉਹਨਾਂ ਨੂੰ ਯਾਨੀ ਮਨਪ੍ਰੀਤ ਨੂੰ ਕਿੱਦਾਂ ਜਾਣ ਦੇ ਹੋ ਵਗ਼ੈਰਾ ਵਗ਼ੈਰਾ। ਕੋਈ ਅੱਧਾ ਘੰਟਾ ਜ਼ਾਇਆ ਹੋ ਗਿਆ।
ਰਾਹ ਵਿੱਚ ਬਣੀ ਇੱਕ ਛੋਟੀ ਜਹੀ ਮਸੀਤ ਵਿਚ ਨਮਾਜ਼ ਪੜ੍ਹੀ ਫ਼ਿਰ ਬੱਸ ਸਟਾਪ ਤੇ ਆਕੇ ਖਲੋ ਗਿਆ, ਲੱਗ ਭੱਗ ਇੱਕ ਘੰਟੇ ਬਾਅਦ ਇੱਕ ਕਾਰ ਵਾਲੇ ਨੇ ਮੇਰੇ ਕੋਲ ਆਕੇ ਬ੍ਰੇਕ ਲਾਈ ਅਤੇ ਕਹਿਣ ਲੱਗਾ ,, ਸਰ,, ਨਾਰੋਵਾਲ ਤੱਕ ਜਾਣਾ ਹੈ ਤਾਂ ਆ ਜਾਓ। ਅੰਨ੍ਹਾ ਕੀਹ ਭਾਲਦਾ ਹੈ, ਦੋ ਅੱਖਾਂ,,
ਤਿੰਨ ਵਜੇ ਅਸੀਂ ਨਾਰੋਵਾਲ ਆ ਗਏ, ਫ਼ਿਰ ਲਾਹੌਰ ਦੀ ਗੱਡੀ ਫੜੀ ਸ਼ਾਮ ਸਵਾ ਪੰਜ ਵਜੇ ਲਾਹੌਰ ਆ ਗਿਆ । ਲਾਹੌਰ ਆਰ ਪਾਰ ਕਰਦਿਆਂ ਕਰਦਿਆਂ ਘੰਟਾ ਜ਼ਾਇਆ ਹੋ ਗਿਆ।
ਰਾਤ,9,,30 ਤੇ ਘਰ ਆ ਗਿਆ।
ਕਰਤਾਰ ਪੁਰ ਯਾਤਰਾ ਦਾ ਸਾਰਾ ਮਜ਼ਾ ਤਾਂ ਸੁਆਲ ਜੁਆਬ ਕਰਨ ਕਿਰਕਰਾ ਕੇ ਦੇਂਦੇ ਹਨ ਉੱਤੋਂ ਲੰਮਾ ਪੈਂਡਾ ਥਕਾ ਦੇਂਦਾ ਹੈ ਪਰ ਕੀਹ ਕਰੀਏ ਵੀਰਾਂ ਦੀਆਂ ਮੁਹੱਬਤਾਂ ਖਿੱਚ ਕੇ ਲੈ ਜਾਂਦੀਆਂ ਹਨ।
ਮੈਂ ਤਾਂ ਦੋਵਾਂ ਸਰਕਾਰਾਂ ਅੱਗੇ ਬੇਨਤੀ ਕਰਦਾ ਹਾਂ, ਕਿ ਲੋਕਾਂ ਨੂੰ ਆਪਸ ਵਿੱਚ ਮਿਲਣ ਦਿਓ, ਕਿਸੇ ਦਾ ਕੁੱਝ ਨਈਂ ਜਾਂਦਾ, ਲੋਕਾਂ ਦਾ ਆਪਸੀ ਪਿਆਰ ਵਧੇ ਗਾ ਤੁਹਾਡਾ ਖ਼ਰਚਾ ਘਟੇ ਗਾ।
ਮੁਹੰਮਦ ਜ਼ਕਰੀਆ ਆਫ਼ਤਾਬ,
ਚੱਕ ਨੰਬਰ 17,
ਤਹਿਸੀਲ ਚੂਨੀਆਂ,
ਜ਼ਿਲਾ ਕਸੂਰ (ਲਹਿੰਦਾ ਪੰਜਾਬ) ਪਕਿਸਤਾਨ
ਮੋਬਾਇਲ,, 00923075112189

-
ਮੁਹੰਮਦ ਜ਼ਕਰੀਆ ਆਫ਼ਤਾਬ, writer
gobindgopal1401@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.