ਬਿੰਦਰ ਸਿੰਘ ਖੁੱਡੀ ਕਲਾਂ ਮੁੱਢਲੇ ਤੌਰ ‘ਤੇ ਕਹਾਣੀਕਾਰ ਹੈ। ਉਸ ਦੀਆਂ ਹੁਣ ਤੱਕ ਤਿੰਨ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਦੋ ਕਹਾਣੀ ਸੰਗ੍ਰਹਿ ‘ਕੋਸੀ ਕੋਸੀ ਧੁੱਪ’ (ਮਿੰਨੀ ਕਹਾਣੀ ਸੰਗ੍ਰਹਿ), ਵਾਪਸੀ ਟਿਕਟ (ਕਹਾਣੀ ਸੰਗ੍ਰਹਿ) ਅਤੇ ਇੱਕ ਬਾਲ ਕਾਵਿ ਸੰਗ੍ਰਹਿ ‘ਆਓ ਗਾਈਏ’ ਸ਼ਾਮਲ ਹੈ। ਚਰਚਾ ਅਧੀਨ ਉਸਦੀ ਚੌਥੀ ਪੁਸਤਕ ਪ੍ਰੰਤੂ ਦੂਜੀ ਬਾਲ ਪੁਸਤਕ ‘ਅੱਕੜ-ਬੱਕੜ’ (ਵਿਸਰੀਆਂ ਬਾਲ ਖੇਡਾਂ) ਹੈ। ਬਾਲ ਖੇਡਾਂ ਬੱਚਿਆਂ ਨੂੰ ਬਚਪਨ ਵਿੱਚ ਹੀ ਸਪੋਰਟਸਮੈਨ ਸਪਿਰਟ ਪੈਦਾ ਕਰਨ ਲਈ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਪੁਰਾਤਨ ਜ਼ਮਾਨੇ ਵਿੱਚ ਬੱਚੇ ਬਾਲ ਖੇਡਾਂ ਵਿੱਚ ਰੁੱਝੇ ਰਹਿੰਦੇ ਸਨ ਤੇ ਉਨ੍ਹਾਂ ਨੂੰ ਗ਼ਲਤ ਰਸਤਾ ਅਖ਼ਤਿਆਰ ਕਰਨ ਤੋਂ ਰੋਕਦੀਆਂ ਸਨ। ਅਜੋਕੇ ਨੈਟ ਦੇ ਜ਼ਮਾਨੇ ਵਿੱਚ ਬੱਚੇ ਬਾਲ ਖੇਡਾਂ ਤੋਂ ਮੁਨਕਰ ਹੋ ਚੁੱਕੇ ਹਨ, ਉਹ ਹਰ ਵਕਤ ਮੋਬਾਈਲ ਨੂੰ ਹੀ ਚਿੰਬੜੇ ਰਹਿੰਦੇ ਹਨ। ਇਸ ਲਈ ਇਹ ਪੁਸਤਕ ਬੱਚਿਆਂ ਨੂੰ ਸਿੱਧੇ ਰਸਤੇ ਪਾਉਣ ਵਿੱਚ ਯੋਗਦਾਨ ਪਾਵੇਗੀ। ਇਸ ਤੋਂ ਇਲਾਵਾ ਬੱਚਿਆਂ ਨੂੰ ਸਰੀਰਕ ਤੌਰ ‘ਤੇ ਤੰਦਰੁਸਤ ਵੀ ਰੱਖੇਗੀ। ਇਸ ਦੇ ਨਾਲ ਹੀ ਉਨ੍ਹਾਂ ਦਾ ਮਾਨਸਿਕ ਵਿਕਾਸ ਵੀ ਕਰੇਗੀ।
ਜੇਕਰ ਸਰੀਰ ਤੰਦਰੁਸਤ ਹੋਵੇਗਾ ਤਾਂ ਕੁਦਰਤੀ ਹੈ ਕਿ ਬੱਚੇ ਦਿਮਾਗੀ ਤੌਰ ‘ਤੇ ਵੀ ਮਜ਼ਬੂਤ ਹੋਣਗੇ। ਬਿੰਦਰ ਸਿੰਘ ਖੁੱਡੀ ਕਲਾਂ ਨੇ ਪੁਰਾਤਨ ਭੁੱਲੀਆਂ ਵਿਸਰੀਆਂ 25 ਬਾਲ ਖੇਡਾਂ ਬਾਰੇ ਸੰਖੇਪ ਵਿੱਚ ਪ੍ਰੰਤੂ ਪੂਰੀ ਜਾਣਕਾਰੀ ਦਿੱਤੀ ਹੈ। ਅੱਜ ਕਲ੍ਹ ਦੇ ਬੱਚਿਆਂ ਨੂੰ ਪੁਰਾਤਨ ਖੇਡਾਂ ਬਾਰੇ ਜਾਣਕਾਰੀ ਨਹੀਂ ਹੈ ਕਿਉਂਕਿ ਉਨ੍ਹਾਂ ਦਾ ਬਚਪਨ ਮੋਬਾਈਲ ਨੇ ਖੋਹ ਲਿਆ ਹੈ। ਉਹ ਕਈ ਤਰ੍ਹਾਂ ਦੀਆਂ ਮੋਬਾਈਲ ਖੇਡਾਂ ਵਿੱਚ ਮਸਤ ਰਹਿੰਦੇ ਹਨ, ਇਥੋਂ ਤੱਕ ਕਿ ਖਾਣ ਪੀਣ ਵੀ ਭੁੱਲ ਜਾਂਦੇ ਹਨ। ਮੋਬਾਈਲ ਤੇ ਖੇਡਣ ਵਾਲੀਆਂ ਕਈ ਖੇਡਾਂ ਤਾਂ ਬਹੁਤ ਹੀ ਖ਼ਤਰਨਾਕ ਹਨ, ਜਿਹੜੀਆਂ ਬੱਚਿਆਂ ਨੂੰ ਕੁਰਾਹੇ ਪਾਉਂਦੀਆਂ ਹਨ। ਇਸ ਤੋਂ ਇਲਾਵਾ ਅਜੋਕੇ ਬੱਚੇ ਬਾਹਰ ਦੀਆਂ ਚੀਜ਼ਾਂ ਖਾਣ ਨੂੰ ਤਰਜੀਹ ਦਿੰਦੇ ਹਨ, ਜਿਹੜੀਆਂ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ। ਜੇਕਰ ਬੱਚਿਆਂ ਨੂੰ ਪੁਰਾਤਨ ਖੇਡਾਂ ਨਾਲ ਜੋੜਿਆ ਜਾਵੇ ਤਾਂ ਉਨ੍ਹਾਂ ਦੀ ਕਸਰਤ ਹੋਵੇਗੀ ਤੇ ਸਰੀਰ ਨੂੰ ਤਾਕਤ ਦੇਣ ਵਾਲੀ ਖੁਰਾਕ ਖਾਣ ਵਿੱਚ ਦਿਲਚਸਪੀ ਲੈਣਗੇ।
ਬਿੰਦਰ ਸਿੰਘ ਖੁੱਡੀ ਕਲਾਂ ਨੇ ਸਾਡੀ ਪੁਰਾਤਨ ਵਿਰਾਸਤ ਨੂੰ ਮੁੜ ਸੁਰਜੀਤ ਕਰਨ ਦਾ ਉਦਮ ਕੀਤਾ ਹੈ। ਉਨ੍ਹਾਂ ਨੇ ਤਾਂ ਇਸ ਪੁਸਤਕ ਵਿੱਚ ਬਾਲਾਂ ਦੇ ਖੇਡਣ ਵਾਲੀਆਂ ਖੇਡਾਂ ਲਿਖ ਕੇ ਸਾਰੀ ਜਾਣਕਾਰੀ ਦਿੱਤੀ ਹੈ। ਹੁਣ ਅਧਿਆਪਕਾਂ ਅਤੇ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਬੱਚਿਆਂ ਨੂੰ ਇਨ੍ਹਾਂ ਖੇਡਾਂ ਵਲ ਲਗਾਉਣ ਦੀ ਕੋਸ਼ਿਸ਼ ਕਰਨ। ਖੇਡਾਂ ਮੋਬਾਈਲ ਦੇ ਮਨੋਰੰਜਨ ਨਾਲੋਂ ਬੱਚਿਆਂ ਦਾ ਜ਼ਿਆਦਾ ਮਨੋਰੰਜਨ ਕਰਨਗੀਆਂ। ਇਹ ਖੇਡਾਂ ਸਾਡੀ ਪੁਰਾਤਨ ਅਮੀਰ ਵਿਰਾਸਤ ਦੀਆਂ ਪ੍ਰਤੀਕ ਹਨ। ਬਾਲ ਖੇਡਾਂ ਬੱਚਿਆਂ ਦੀ ਬੌਧਿਕ ਪ੍ਰਤਿਭਾ ਨੂੰ ਵਿਕਸਤ ਕਰਨਗੀਆਂ। ਇਨ੍ਹਾਂ ਦੇ ਖੇਡਣ ਨਾਲ ਬੱਚਿਆਂ ਵਿੱਚ ਆਪਸੀ ਸਾਂਝ, ਮਿਲਵਰਤਨ, ਸਹਿਯੋਗ ਅਤੇ ਸਦਭਾਵਨਾ ਪੈਦਾ ਹੋਵੇਗੀ। ਜਦੋਂ ਕਿ ਵਰਤਮਾਨ ਸਮੇਂ ਇਨ੍ਹਾਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਇਨ੍ਹਾਂ ਖੇਡਾਂ ਨੂੰ ਖੇਡਣ ਲਈ ਕੋਈ ਖਾਸ ਪ੍ਰਬੰਧ ਨਹੀਂ ਕਰਨੇ ਪੈਂਦੇ, ਇਹ ਗਲੀ ਮੁਹੱਲਿਆਂ ਤੇ ਘਰਾਂ ਦੇ ਵਿਹੜਿਆਂ ਵਿੱਚ ਹੀ ਖੇਡੀਆਂ ਜਾ ਸਕਦੀਆਂ ਹਨ। ਕੁਝ ਖੇਡਾਂ ਘਰਾਂ ਦੇ ਅੰਦਰ ਹੀ ਖੇਡੀਆਂ ਜਾ ਸਕਦੀਆਂ ਹਨ।
ਲੜਕੀਆਂ ਲਈ ਖਾਸ ਤੌਰ ‘ਤੇ ਲਾਭਦਾਇਕ ਹੋਣਗੀਆਂ ਕਿਉਂਕਿ ਸਾਡੇ ਸਮਾਜ ਵਿੱਚ ਅਜੇ ਵੀ ਲੜਕੀਆਂ ਦਾ ਘਰੋਂ ਬਾਹਰ ਜਾ ਕੇ ਖੇਡਣਾ ਚੰਗਾ ਨਹੀਂ ਸਮਝਿਆ ਜਾਂਦਾ। ਇਹ ਸਾਰੀਆਂ ਖੇਡਾਂ ਘਰਾਂ ਦੇ ਨਜ਼ਦੀਕ ਹੀ ਖੇਡੀਆਂ ਜਾ ਸਕਦੀਆਂ ਹਨ। ਇਨ੍ਹਾਂ ‘ਤੇ ਖ਼ਰਚਾ ਵੀ ਨਹੀਂ ਹੁੰਦਾ। ਇਨ੍ਹਾਂ ਦਾ ਨੁਕਸਾਨ ਕੋਈ ਨਹੀਂ, ਸਗੋਂ ਲਾਭ ਗੱਫੇ ਵਿੱਚ ਮਿਲਦੇ ਹਨ। ਬਿੰਦਰ ਸਿੰਘ ਖੁੱਡੀ ਕਲਾਂ ਨੇ ਇਨ੍ਹਾਂ ਬਾਲ ਖੇਡਾਂ ਦੀ ਪੂਰੀ ਪ੍ਰਕ੍ਰਿਆ ਬਾਰੇ ਜਾਣਕਾਰੀ ਦਿੱਤੀ ਹੈ, ਹਰ ਖੇਡ ਦੇ ਨਿਯਮਾ, ਖਿਡਾਰੀਆਂ ਦੀ ਗਿਣਤੀ ਅਤੇ ਖੇਡਣ ਵਾਲੇ ਥਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ। ਇੱਕ ਕਿਸਮ ਨਾਲ ਸੁੱਤੀ ਵਿਰਾਸਤ ਨੂੰ ਮੁੜ ਸੁਰਜੀਤ ਕਰਨ ਦਾ ਉਪਰਾਲਾ ਹੈ। ਇਹ ਪੁਸਤਕ ਸਿੱਖਿਆ ਵਿਭਾਗ ਨੂੰ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿੱਚ ਭੇਜਣੀ ਚਾਹੀਦੀ ਹੈ। ਸਰੀਰਕ ਸਿੱਖਿਆ ਦੇ ਪੀਰੀਅਡਾਂ ਵਿੱਚ ਇਨ੍ਹਾਂ ਖੇਡਾਂ ਨੂੰ ਖਿਡਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ।
ਲੇਖਕ ਦਾ ਪੁਰਾਤਨ ਖੇਡ ਵਿਰਾਸਤ ਨੂੰ ਸਾਂਭਣ ਦਾ ਬਹੁਤ ਢੁਕਵਾਂ ਉਪਰਾਲਾ ਹੈ। ਜਿਹੜੀਆਂ 25 ਭੁੱਲੀਆਂ ਵਿਸਰੀਆਂ ਬਾਲ ਖੇਡਾਂ ਬਾਰੇ ਪੁਸਤਕ ਵਿੱਚ ਲਿਖਿਆ ਗਿਆ ਹੈ, ਉਹ ਇਸ ਪ੍ਰਕਾਰ ਹਨ : ਬਾਂਦਰ ਕਿੱਲਾ, ਊਚਕ ਨੀਚਕ, ਲੁਕਣ ਭਲਾਈ, ਕਿੱਕਲੀ, ਗੁੱਲੀ ਡੰਡਾ, ਅੱਡੀ ਛੜੱਪਾ, ਪੀਚੋ ਬੱਕਰੀ, ਘੁੱਤੀ ਪਾਉਣੇ, ਕਲੀ ਜੋਟਾ, ਗੋਲ ਕੁੰਡਲ, ਚੋਰ ਸਿਪਾਹੀ, ਬਾਰ੍ਹਾਂ ਗੀਟੀ, ਗੁੱਡੀਆਂ ਪਟੋਲੇ, ਸ਼ੇਰ ਅਤੇ ਬੱਕਰੀ, ਖਿੱਦੋ ਖੂੰਡੀ, ਕੂਕਾਂ ਕਾਂਗੜੇ, ਅੰਨ੍ਹਾ ਝੋਟਾ, ਰੱਸਾਕਸ਼ੀ, ਕੋਟਲਾ ਛਪਾਕੀ, ਪਿੱਠੂ ਗਰਮ, ਛੂਹਣ ਛਪਾਈ, ਡੂਮਣਾ ਮਖਿਆਲ, ਰੋੜੇ, ਲਾਟੂ ਘੁਮਾਉਣਾ ਜਾਂ ਗਧਾ ਚਲਾਉਣਾ, ਅਤੇ ਪੀਲ੍ਹ ਪਲਾਂਗੜਾ ਜਾਂ ਡੰਡਾ ਡੁੱਕਣਾ। ਬਿੰਦਰ ਸਿੰਘ ਖੁੱਡੀ ਕਲਾਂ ਨੇ ਇਨ੍ਹਾਂ ਖੇਡਾਂ ਨੂੰ ਲਿਖਣ ਸਮੇਂ ਸਰਲ ਸ਼ਬਦਾਵਲੀ ਬੱਚਿਆਂ ਦੇ ਸਮਝ ਵਿੱਚ ਆਉਣ ਵਾਲੀ ਵਰਤੀ ਹੈ। ਹਰ ਖੇਡ ਦੇ ਨਾਲ ਉਸ ਖੇਡ ਨੂੰ ਖੇਡਦੇ ਬੱਚਿਆਂ ਦੇ ਚਿਤਰ ਬਣਾ ਕੇ ਲਗਾਏ ਹੋਏ ਹਨ।
ਪੁਸਤਕ ਦਾ ਨਾਮ ਵੀ ਬੱਚਿਆਂ ਲਈ ਦਿਲਚਸਪ ਹੋਵੇਗਾ। ਲੜਕੇ ਅਤੇ ਲੜਕੀਆਂ ਦੋਵੇਂ ਵੱਖਰੇ ਵੱਖਰੇ ਊਚਕ ਨੀਚਕ, ਲੁਕਣ ਲਭਾਈ, ਘੁੱਤੀ ਪਾਉਣਾ, ਕਲੀ ਜੋਟਾ, ਚੋਰ ਸਿਪਾਹੀ, ਕੂਕਾਂ ਕਾਂਗੜੇ, ਅੰਨ੍ਹਾ ਝੋਟਾ, ਪਿੱਠੂ ਗਰਮ ਅਤੇ ਛੂਹਣ ਛੁਹਾਈ ਖੇਡ ਸਕਦੇ ਹਨ। ਇਕੱਲੀਆਂ ਕੁੜੀਆਂ: ਕਿੱਕਲੀ, ਅੱਡੀ ਛੜੱਪਾ, ਪੀਚੋ ਬੱਕਰੀ, ਗੁੱਡੀਆਂ ਪਟੋਲੇ, ਸ਼ੇਰ ਅਤੇ ਬੱਕਰੀ, ਕੋਟਲਾ ਛਪਾਕੀ, ਡੂਮਣਾ ਮਖ਼ਿਆਲ, ਅਤੇ ਰੋੜੇ ਖੇਡਾਂ ਖੇਡ ਸਕਦੀਆਂ ਹਨ। ਲੜਕੇ: ਬਾਂਦਰ ਕਿੱਲਾ, ਗੁੱਲੀ ਡੰਡਾ, ਗੋਲ ਕੁੰਡਲ, ਬਾਰਾਂ ਗੀਟੀ, ਖਿੱਦੋ ਖੂੰਡੀ, ਰੱਸਾਕਸ਼ੀ, ਲਾਟੂ ਘੁਮਾਉਣਾ ਜਾਂ ਗਧਾ ਚਲਾਉਣਾ, ਅਤੇ ਪੀਲ੍ਹਪਲਾਂਗੜਾ ਜਾਂ ਡੰਡਾ ਡੁੱਕਣਾ ਲੜਕੇ ਖੇਡ ਸਕਦੇ ਹਨ। ਘਰਾਂ ਦੇ ਅੰਦਰ ਖਡੀਆਂ ਜਾ ਸਕਣ ਵਾਲੀਆਂ ਖੇਡਾਂ: ਲੁਕਣ ਲਭਾਈ, ਅੰਦਰ, ਕਲੀ ਜੋਟਾ, ਚੋਰ ਸਿਪਾਹੀ ਅਤੇ ਗੁੱਡੀਆਂ ਪਟੋਲੇ ਹਨ।
88 ਪੰਨਿਆਂ, 150 ਰੁਪਏ ਕੀਮਤ ਵਾਲੀ ਇਹ ਬਾਲ ਪੁਸਤਕ ਪ੍ਰੀਤ ਪਬਲੀਕੇਸ਼ਨ ਨਾਭਾ ਨੇ ਪ੍ਰਕਾਸ਼ਤ ਕੀਤੀ ਹੈ।
ਬਿੰਦਰ ਸਿੰਘ ਖੁਡੀਕਲਾਂ: 9878605965

-
ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.