ਗੁੜ ਬਣਾਉਣ ਵਾਲੇ 3 ਵੇਲਣਿਆਂ ਦੀ ਚੈਕਿੰਗ, 2 ਸੈਂਪਲ ਭਰੇ
ਖਰਾਬ ਗੁੜ ਮੌਕੇ ’ਤੇ ਨਸ਼ਟ ਕਰਵਾਇਆ, ਸਫ਼ਾਈ ਨਾ ਰੱਖਣ ਵਾਲੀਆਂ 2 ਦੁਕਾਨਾਂ ਦੇ ਚਲਾਨ- ਡਾ. ਪੰਨੂ
ਰੋਹਿਤ ਗੁਪਤਾ
ਗੁਰਦਾਸਪੁਰ, 2 ਅਕਤੂਬਰ 2026- ਕਮਿਸ਼ਨਰ ਫੂਡ, ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸਿਵਲ ਸਰਜਨ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਅਸਿਸਟੈਂਟ ਕਮਿਸ਼ਨਰ ਫੂਡ ਡਾ. ਜੀ.ਐਸ. ਪੰਨੂ ਦੀ ਅਗਵਾਈ ਹੇਠ ਗੁੜ ਬਣਾਉਣ ਵਾਲੇ ਵੇਲਣਿਆਂ ਅਤੇ ਖਾਦ ਪਦਾਰਥਾਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ।
ਚੈਕਿੰਗ ਦੌਰਾਨ ਖੇਤਰ ਦੇ 3 ਗੁੜ ਬਣਾਉਣ ਵਾਲੇ ਵੇਲਣਿਆਂ ਦੀ ਜਾਂਚ ਕਰਕੇ 2 ਗੁੜ ਦੇ ਸੈਂਪਲ ਭਰੇ ਗਏ। ਇਸ ਮੌਕੇ ਲਗਭਗ 20-25 ਕਿਲੋ ਖਰਾਬ ਗੁੜ ਮੌਕੇ ’ਤੇ ਨਸ਼ਟ ਕਰਵਾਇਆ ਗਿਆ। ਟੀਮ ਵੱਲੋਂ ਵੇਲਣਾ ਮਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਗੁੜ ਵਿੱਚ ਕਿਸੇ ਵੀ ਤਰ੍ਹਾਂ ਦਾ ਰੰਗ, ਚੀਨੀ ਜਾਂ ਕੈਮੀਕਲ ਨਾ ਮਿਲਾਇਆ ਜਾਵੇ ਅਤੇ ਗੁੜ ਤਿਆਰ ਕਰਦੇ ਸਮੇਂ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।
ਡਾ. ਪੰਨੂ ਨੇ ਦੱਸਿਆ ਕਿ ਬਟਾਲਾ ਖੇਤਰ ਵਿੱਚ ਖਾਦ ਪਦਾਰਥ ਵੇਚਣ ਵਾਲੀਆਂ ਦੁਕਾਨਾਂ ਦੀ ਵੀ ਚੈਕਿੰਗ ਕੀਤੀ ਗਈ। ਸਫ਼ਾਈ ਦੀ ਘਾਟ ਪਾਏ ਜਾਣ ’ਤੇ 2 ਦੁਕਾਨਦਾਰਾਂ ਦੇ ਚਲਾਨ ਕੱਟੇ ਗਏ, ਜਦਕਿ ਮਠਿਆਈ ਦੀਆਂ ਦੁਕਾਨਾਂ ਤੋਂ 3 ਸੈਂਪਲ ਭਰੇ ਗਏ।
ਉਨ੍ਹਾਂ ਦੁਕਾਨਦਾਰਾਂ ਨੂੰ ਕਾਰੀਗਰਾਂ ਲਈ ਸਿਰ ਢੱਕ ਕੇ ਕੰਮ ਕਰਨ, ਗੁਣਵੱਤਾ ਵਾਲਾ ਮਟੀਰੀਅਲ ਵਰਤਣ, ਪਾਣੀ ਦੀ ਜਾਂਚ ਕਰਵਾਉਣ ਅਤੇ FSSAI ਦੇ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ। ਨਾਲ ਹੀ ਫੂਡ ਸੇਫਟੀ ਐਕਟ ਤਹਿਤ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਦੁਕਾਨ ’ਤੇ ਪ੍ਰਮੁੱਖ ਤੌਰ ’ਤੇ ਡਿਸਪਲੇ ਕਰਨ ਲਈ ਕਿਹਾ ਗਿਆ। ਟੀਮ ਨੇ ਸਪੱਸ਼ਟ ਕੀਤਾ ਕਿ ਗੁੜ ਦੇ ਵੇਲਣਿਆਂ ਅਤੇ ਖਾਦ ਪਦਾਰਥਾਂ ਦੀਆਂ ਦੁਕਾਨਾਂ ਦੀ ਚੈਕਿੰਗ ਅੱਗੇ ਵੀ ਜਾਰੀ ਰਹੇਗੀ।
ਇਸ ਮੌਕੇ ਗੰਨਾ ਕਮਿਸ਼ਨਰ ਡਾ. ਅਮਰੀਕ ਸਿੰਘ, ਫੂਡ ਸੇਫਟੀ ਅਫਸਰ ਰੇਖਾ ਸ਼ਰਮਾ, ਮਿੱਤਰਮਨ ਸਿੰਘ ਅਤੇ ਹਰਮਨਬੀਰ ਸਿੰਘ ਸਮੇਤ ਕੇਨ ਵਿਭਾਗ ਦੀ ਟੀਮ ਮੌਜੂਦ ਸੀ।
- Download Babushahi App
-
-