ਬੁਢਾਪੇ 'ਚ ਕੰਮ ਕਰਦੇ ਰਹਿਣਾ ਜਾਂ ਵਿਹਲੇ ਬੈਠਣਾ, ਜਾਣੋ ਨਵੀਆਂ ਵਿਗਿਆਨਕ ਖੋਜਾਂ ਅਤੇ ਗੁਰੂ ਸਾਹਿਬਾਨ ਦੇ ਫਲਸਫੇ ਅਨੁਸਾਰ-ਕੀ ਹੈ ਸਹੀ ਰਾਹ?
-ਚਲਦਾ ਦਿਮਾਗ ਤੇ ਕੰਮ ਕਰਦਾ ਸਰੀਰ, ਉਮਰ ਦੀਆਂ ਬਿਮਾਰੀਆਂ ਨੂੰ ਪਾਉਂਦੇ ਨੇ ਜੰਜ਼ੀਰ।
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 02 ਅਕਤੂਬਰ 2026:-ਬੁਢਾਪੇ ਵਿੱਚ ਕੰਮ ਕਰਦੇ ਰਹਿਣਾ ਜਾਂ ਵਿਹਲੇ ਬੈਠਣਾ ਇਕ ਗੰਭੀਰ ਵਿਸ਼ਾ ਹੈ। ਜੋ ਸਾਡੀ ਸਿਹਤ, ਆਉਣ ਵਾਲੀ ਜ਼ਿੰਦਗੀ ਅਤੇ ਸਾਡੇ ਬਜ਼ੁਰਗਾਂ ਨਾਲ ਸਿੱਧਾ ਜੁੜਿਆ ਹੈ। ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਹੈ, ਬਹੁਤ ਸਾਰੇ ਲੋਕ ਇਹ ਸੋਚਣ ਲੱਗ ਪੈਂਦੇ ਹਨ ਕਿ ਹੁਣ ਉਮਰ ਹੋ ਗਈ ਹੈ, ਇਸ ਲਈ ਕੰਮ ਛੱਡ ਕੇ ਘਰ ਬੈਠ ਜਾਣਾ ਚਾਹੀਦਾ ਹੈ ਅਤੇ ਪੂਰੀ ਤਰ੍ਹਾਂ ਵਿਹਲੇ ਹੋ ਕੇ ਆਰਾਮ ਕਰਨਾ ਚਾਹੀਦਾ ਹੈ। ਪਰ ਦੁਨੀਆ ਭਰ ਦੀਆਂ ਨਵੀਂਆਂ ਵਿਗਿਆਨਿਕ ਖੋਜਾਂ ਅਤੇ ਸਾਡਾ ਸੁਨਹਿਰੀ ਇਤਿਹਾਸ ਇਹ ਦੱਸਦਾ ਹੈ ਕਿ ਜੇਕਰ ਤੁਸੀਂ ਰਿਟਾਇਰ ਹੋਣ ਤੋਂ ਬਾਅਦ ਪੂਰੀ ਤਰ੍ਹਾਂ ਵਿਹਲੇ ਹੋ ਕੇ ਘਰ ਬੈਠ ਜਾਂਦੇ ਹੋ, ਤਾਂ ਤੁਹਾਡੇ ਦਿਮਾਗ ਦੀਆਂ ਨਸਾਂ ਸੁੰਗੜਨ ਲੱਗਦੀਆਂ ਹਨ ਅਤੇ ਯਾਦਦਾਸ਼ਤ ਘਟਣ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ। ਜਿਹੜੇ ਲੋਕ ਬੁਢਾਪੇ ਵਿੱਚ ਵੀ ਆਪਣੇ ਆਪ ਨੂੰ ਵੱਖ-ਵੱਖ ਕੰਮਾਂ ਵਿੱਚ ਰੁੱਝੇ ਰੱਖਦੇ ਹਨ, ਨਵੀਆਂ ਭਾਸ਼ਾਵਾਂ ਬੋਲਦੇ ਹਨ ਅਤੇ ਜ਼ਿੰਮੇਵਾਰੀਆਂ ਨਿਭਾਉਂਦੇ ਹਨ, ਉਹਨਾਂ ਦਾ ਦਿਮਾਗ ਨੌਜਵਾਨਾਂ ਵਾਂਗ ਤੇਜ਼ ਅਤੇ ਤੰਦਰੁਸਤ ਰਹਿੰਦਾ ਹੈ।
ਵਿਗਿਆਨਕ ਖੋਜਾਂ ਅਤੇ ਵੱਡੀਆਂ ਸੰਸਥਾਵਾਂ ਦੇ ਅੰਕੜੇ ਕੀ ਕਹਿੰਦੇ ਹਨ
ਦਿਮਾਗ ਅਤੇ ਉਮਰ ਦੇ ਸਬੰਧ ਵਿੱਚ ਦੁਨੀਆ ਦੀਆਂ ਮੰਨੀਆਂ-ਪ੍ਰਮੰਨੀਆਂ ਯੂਨੀਵਰਸਿਟੀਆਂ ਨੇ ਬਹੁਤ ਡੂੰਘੀਆਂ ਖੋਜਾਂ ਕੀਤੀਆਂ ਹਨ। ਕੈਨੇਡਾ ਦੀ ਯਾਰਕ ਯੂਨੀਵਰਸਿਟੀ ਦੀ ਡਾਕਟਰ ਐਲਨ ਬਾਇਲਿਸਟੋਕ ਵੱਲੋਂ 2007 ਵਿੱਚ ਕੀਤੀ ਗਈ ਇੱਕ ਵੱਡੀ ਖੋਜ ਨੇ ਸਾਬਤ ਕੀਤਾ ਕਿ ਜਿਹੜੇ ਲੋਕ ਦੋ ਜਾਂ ਉਸ ਤੋਂ ਵੱਧ ਭਾਸ਼ਾਵਾਂ ਬੋਲਦੇ ਹਨ, ਉਹਨਾਂ ਵਿੱਚ ਭੁੱਲਣ ਦੀ ਬਿਮਾਰੀ ਯਾਨੀ ਡਿਮੇਨਸ਼ੀਆ ਆਮ ਲੋਕਾਂ ਨਾਲੋਂ 4 ਤੋਂ 5 ਸਾਲ ਦੇਰੀ ਨਾਲ ਆਉਂਦੀ ਹੈ। ਇਸੇ ਤਰ੍ਹਾਂ ਸਕਾਟਲੈਂਡ ਦੀ ਐਡਿਨਬਰਾ ਯੂਨੀਵਰਸਿਟੀ ਨੇ 2014 ਵਿੱਚ 853 ਲੋਕਾਂ ਤੇ ਖੋਜ ਕਰਕੇ ਦੱਸਿਆ ਕਿ ਦਿਮਾਗ ਨੂੰ ਲਗਾਤਾਰ ਨਵੀਆਂ ਚੀਜ਼ਾਂ ਸਿੱਖਣ ਵਿੱਚ ਲਗਾਉਣ ਨਾਲ ਦਿਮਾਗ ਦੀਆਂ ਨਸਾਂ ਮਜ਼ਬੂਤ ਰਹਿੰਦੀਆਂ ਹਨ। ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਦੇ ਡਾਕਟਰ ਯਾਕੋਵ ਸਟਰਨ ਦੀ ਕੌਗਨਿਟਿਵ ਰਿਜ਼ਰਵ ਥਿਊਰੀ ਦੱਸਦੀ ਹੈ ਕਿ ਜਿਹੜੇ ਲੋਕ ਇੱਕੋ ਸਮੇਂ ਕਾਰੋਬਾਰ, ਸਮਾਜਿਕ ਸੇਵਾ ਅਤੇ ਆਪਣੇ ਸ਼ੌਕ ਪੂਰੇ ਕਰਦੇ ਹਨ, ਉਹਨਾਂ ਦੇ ਦਿਮਾਗ ਵਿੱਚ ਇੱਕ ਖਾਸ ਤਾਕਤ ਜਮ੍ਹਾਂ ਹੋ ਜਾਂਦੀ ਹੈ ਜੋ ਬੁਢਾਪੇ ਵਿੱਚ ਦਿਮਾਗ ਨੂੰ ਕਮਜ਼ੋਰ ਨਹੀਂ ਹੋਣ ਦਿੰਦੀ। ਅਮਰੀਕਾ ਦੀ ਹੀ ਨਾਰਥਵੈਸਟਰਨ ਯੂਨੀਵਰਸਿਟੀ ਦਾ ਸੁਪਰ ਏਜਿੰਗ ਪ੍ਰੋਜੈਕਟ ਇਹ ਸਾਬਤ ਕਰਦਾ ਹੈ ਕਿ 80 ਸਾਲ ਦੀ ਉਮਰ ਪਾਰ ਕਰ ਚੁੱਕੇ ਉਹ ਬਜ਼ੁਰਗ ਜੋ ਔਖੇ ਅਤੇ ਦਿਮਾਗੀ ਕੰਮ ਕਰਨੋਂ ਨਹੀਂ ਘਬਰਾਉਂਦੇ, ਉਹਨਾਂ ਦੀ ਯਾਦਦਾਸ਼ਤ 20 ਜਾਂ 30 ਸਾਲ ਦੇ ਨੌਜਵਾਨਾਂ ਵਰਗੀ ਹੁੰਦੀ ਹੈ। ਇਹ ਸਾਰੀਆਂ ਖੋਜਾਂ ਪੱਕੇ ਤੌਰ ਤੇ ਸਾਬਤ ਕਰਦੀਆਂ ਹਨ ਕਿ ਵਿਹਲੇ ਬੈਠਣਾ ਦਿਮਾਗ ਲਈ ਮਾਰੂ ਹੈ।
ਸਿੱਖ ਗੁਰੂ ਸਾਹਿਬਾਨ ਦਾ ਫਲਸਫਾ ਅਤੇ ਅਮਲੀ ਜੀਵਨ
ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸਿਰਫ ਬਾਣੀ ਰਾਹੀਂ ਹੀ ਨਹੀਂ ਬਲਕਿ ਆਪਣੇ ਅਮਲੀ ਜੀਵਨ ਰਾਹੀਂ ਵੀ ਇਹ ਸਿਖਾਇਆ ਹੈ ਕਿ ਉਮਰ ਭਾਵੇਂ ਕਿੰਨੀ ਵੀ ਹੋ ਜਾਵੇ, ਕਿਰਤ ਕਰਨੀ ਕਦੇ ਨਹੀਂ ਛੱਡਣੀ ਚਾਹੀਦੀ ਅਤੇ ਸਮਾਜ ਨਾਲ ਜੁੜੇ ਰਹਿਣਾ ਚਾਹੀਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਉਮਰ ਦੇ ਆਖਰੀ ਸਾਲਾਂ ਵਿੱਚ ਕਰਤਾਰਪੁਰ ਸਾਹਿਬ ਵਿਖੇ ਖੁਦ ਖੇਤੀ ਕਰਕੇ ਦੁਨੀਆ ਨੂੰ ਦਸਾਂ ਨਹੁੰਆਂ ਦੀ ਕਿਰਤ ਕਰਨ ਦਾ ਮਹਾਨ ਸੁਨੇਹਾ ਦਿੱਤਾ, ਉਹ ਵਿਹਲੇ ਨਹੀਂ ਬੈਠੇ ਸਗੋਂ ਸਰੀਰਕ ਅਤੇ ਮਾਨਸਿਕ ਤੌਰ ਤੇ ਲਗਾਤਾਰ ਸਰਗਰਮ ਰਹੇ। ਇਸੇ ਤਰ੍ਹਾਂ ਸ਼੍ਰੀ ਗੁਰੂ ਅਮਰਦਾਸ ਜੀ ਦੀ ਵੱਡੀ ਮਿਸਾਲ ਸਾਡੇ ਸਾਹਮਣੇ ਹੈ, ਜਿਨ੍ਹਾਂ ਨੇ 70 ਸਾਲ ਤੋਂ ਵੱਧ ਦੀ ਉਮਰ ਵਿੱਚ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਲਈ ਹਰ ਰੋਜ਼ ਬਿਆਸ ਦਰਿਆ ਤੋਂ ਪਾਣੀ ਲਿਆਉਣ ਦੀ ਔਖੀ ਸਰੀਰਕ ਘਾਲਣਾ ਘਾਲੀ। ਗੁਰੂ ਅਮਰਦਾਸ ਜੀ ਨੇ 95 ਸਾਲ ਦੀ ਉਮਰ ਤੱਕ ਸਿੱਖ ਪੰਥ ਦੀ ਅਗਵਾਈ ਕੀਤੀ, ਬਾਉਲੀ ਸਾਹਿਬ ਦਾ ਨਿਰਮਾਣ ਕਰਵਾਇਆ ਅਤੇ ਸਮਾਜ ਸੁਧਾਰ ਦੇ ਬਹੁਤ ਵੱਡੇ ਕੰਮ ਕੀਤੇ। ਗੁਰੂ ਸਾਹਿਬਾਨ ਦਾ ਜੀਵਨ ਇਹ ਪੱਕੀ ਮੋਹਰ ਲਾਉਂਦਾ ਹੈ ਕਿ ਕਿਰਤ ਕਰਦੇ ਰਹਿਣ ਅਤੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਨਾਲ ਇਨਸਾਨ ਹਮੇਸ਼ਾ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਇਸ ਲਈ ਬਜ਼ੁਰਗਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਸਰੀਰਕ ਸਮਰੱਥਾ ਅਨੁਸਾਰ ਘਰ ਦੇ ਕੰਮ, ਸਮਾਜ ਸੇਵਾ, ਨਵੀਆਂ ਭਾਸ਼ਾਵਾਂ ਸਿੱਖਣ ਜਾਂ ਕੋਈ ਹੋਰ ਰੁਝੇਵਾਂ ਜ਼ਰੂਰ ਰੱਖਣ ਤਾਂ ਜੋ ਉਹਨਾਂ ਦਾ ਦਿਮਾਗ ਅਤੇ ਸਰੀਰ ਦੋਵੇਂ ਜਵਾਨ ਰਹਿਣ। ਸੋ ਅੰਤ ਇਹ ਕਹਿ ਸਕਦੇ ਹਾਂ ਕਿ ਵਿਹਲਾ ਰਹਿਣਾ ਹੈ ਬਿਮਾਰੀਆਂ ਨੂੰ ਸੱਦਾ, ਕਿਰਤ ਅਤੇ ਉੱਦਮ ਹੈ ਸਿਹਤਮੰਦ ਜ਼ਿੰਦਗੀ ਦਾ ਅੱਡਾ।
- Download Babushahi App
-
-