ਲੁਧਿਆਣਾ ਪੁਲਿਸ ਵੱਲੋਂ ਹੈਰੋਇਨ ਸਮੇਤ ਦੋ ਕਾਬੂ
---ਇਲੈਕਟ੍ਰੋਨਿਕ ਕੰਡਾ, 50 ਜਿੱਪਲਾਕ ਲਿਫਾਫੇ ਅਤੇ ਮੋਟਰਸਾਈਕਲ ਵੀ ਬਰਾਮਦ
ਸੁਖਮਿੰਦਰ ਭੰਗੂ
ਲੁਧਿਆਣਾ, 2 ਅਕਤੂਬਰ 2026
ਲੁਧਿਆਣਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਸਾਹਨੇਵਾਲ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਥਿਤ ਤੌਰ ’ਤੇ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਕੋਲੋਂ ਕੁੱਲ 40 ਗ੍ਰਾਮ ਹੈਰੋਇਨ, ਇੱਕ ਇਲੈਕਟ੍ਰੋਨਿਕ ਕੰਡਾ, 50 ਜਿੱਪਲਾਕ ਲਿਫਾਫੇ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।
ਪੁਲਿਸ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਇਹ ਕਾਰਵਾਈ ਪੁਲਿਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾ, ਆਈ.ਪੀ.ਐੱਸ. ਦੀਆਂ ਹਦਾਇਤਾਂ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤੀ ਗਈ। ਇੰਸਪੈਕਟਰ ਗੁਲਜਿੰਦਰ ਪਾਲ ਸਿੰਘ, ਮੁੱਖ ਅਫ਼ਸਰ ਥਾਣਾ ਸਾਹਨੇਵਾਲ ਦੀ ਅਗਵਾਈ ਹੇਠ ਪੁਲਿਸ ਚੌਕੀ ਗਿਆਸਪੁਰਾ ਦੇ ਇੰਚਾਰਜ ਸਹਾਇਕ ਥਾਣੇਦਾਰ ਗੁਰਚਰਨਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਇਹ ਕਾਰਵਾਈ ਕੀਤੀ।
ਪੁਲਿਸ ਨੇ ਇਸ ਮਾਮਲੇ ਵਿੱਚ ਜਾਵੇਦ ਅਖ਼ਤਰ, ਵਾਸੀ ਜ਼ਿਲ੍ਹਾ ਸਹਾਰਨਪੁਰ, ਉੱਤਰ ਪ੍ਰਦੇਸ਼, ਹਾਲ ਵਾਸੀ ਸਤਜੋਤ ਨਗਰ, ਧਾਂਦਰਾ ਰੋਡ, ਦੁੱਗਰੀ, ਲੁਧਿਆਣਾ ਅਤੇ ਮੁਹੰਮਦ ਹਸਨ ਉਰਫ਼ ਸਾਹਿਲ, ਵਾਸੀ ਜ਼ਿਲ੍ਹਾ ਸਹਾਰਨਪੁਰ, ਹਾਲ ਵਾਸੀ ਕੁਤਬੇਵਾਲ ਰਾਈਆ, ਮਲਹੋਤਰਾ ਕਾਲੋਨੀ, ਜਲੰਧਰ ਬਾਈਪਾਸ, ਲੁਧਿਆਣਾ ਨੂੰ ਕਾਬੂ ਕੀਤਾ ਹੈ।
ਪੁਲਿਸ ਮੁਤਾਬਕ ਜਾਵੇਦ ਅਖ਼ਤਰ ਕੋਲੋਂ 23 ਗ੍ਰਾਮ ਹੈਰੋਇਨ, ਇੱਕ ਇਲੈਕਟ੍ਰੋਨਿਕ ਕੰਡਾ ਅਤੇ 50 ਜਿੱਪਲਾਕ ਲਿਫਾਫੇ ਬਰਾਮਦ ਹੋਏ। ਉਸ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਹੋਣ ਦੀ ਜਾਣਕਾਰੀ ਪੁਲਿਸ ਨੇ ਦਿੱਤੀ ਹੈ।
ਦੂਜੇ ਮੁਲਜ਼ਮ ਮੁਹੰਮਦ ਹਸਨ ਉਰਫ਼ ਸਾਹਿਲ ਕੋਲੋਂ 17 ਗ੍ਰਾਮ ਹੈਰੋਇਨ ਅਤੇ ਹੀਰੋ ਸਪਲੈਂਡਰ ਪਲੱਸ ਮੋਟਰਸਾਈਕਲ (ਕਾਲਾ ਰੰਗ, ਨੰਬਰ HR-04-E-1348) ਬਰਾਮਦ ਕੀਤਾ ਗਿਆ।
ਪੁਲਿਸ ਨੇ ਦੱਸਿਆ ਕਿ ਦੋਵਾਂ ਖ਼ਿਲਾਫ਼ ਥਾਣਾ ਸਾਹਨੇਵਾਲ ਵਿਖੇ ਮੁਕੱਦਮਾ ਨੰਬਰ 325, ਮਿਤੀ 30 ਸਤੰਬਰ 2026, ਧਾਰਾ 21/61/85 ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਸਬੰਧੀ ਅਗਲੇਰੀ ਜਾਂਚ ਜਾਰੀ ਹੈ।
- Download Babushahi App
-
-