ਚਾਵਲਾ ਰੇਪ ਕੇਸ 'ਚ ਨਵਾਂ ਮੋੜ! AAP ਨੇ ਬਹਿਰੀਨ ਵਾਲੀ ਔਰਤ ਨਾਲ ਵਲਟੋਹਾ ਦੀ ਕਥਿਤ ਆਡੀਓ ਕੀਤੀ ਜਾਰੀ
ਸਰਾਵਾਂ 'ਚ ਸ਼ੋਸ਼ਣ ਅਤੇ ਲੱਖਾਂ ਦੇ ਲੈਣ-ਦੇਣ ਦਾ ਮਾਮਲਾ: ਬਲਤੇਜ ਪੰਨੂ ਨੇ ਧਾਮੀ ਤੇ ਸੁਖਬੀਰ ਬਾਦਲ ਤੋਂ ਮੰਗਿਆ ਜਵਾਬ
Babushahi Network
ਚੰਡੀਗੜ੍ਹ, 2 ਅਕਤੂਬਰ 2026- ਚਾਵਲਾ ਅਤੇ ਬਹਿਰੀਨ ਵਾਲੀ ਔਰਤ ਵਿਚਾਲੇ ਚੱਲ ਰਹੇ ਵਿਵਾਦ ਅਤੇ SGPC ਮੈਂਬਰ ਅਮਰਜੀਤ ਸਿੰਘ ਚਾਵਲਾ ਵਿਰੁੱਧ ਦਰਜ ਹੋਏ ਰੇਪ ਕੇਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਭੂਚਾਲ ਆ ਗਿਆ ਹੈ। ਆਮ ਆਦਮੀ ਪਾਰਟੀ (AAP) ਦੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਇੱਕ ਪ੍ਰੈੱਸ ਕਾਨਫਰੰਸ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਿਰੁੱਧ ਤਿੱਖੇ ਨਿਸ਼ਾਨੇ ਸਾਧੇ ਹਨ। 'ਆਪ' ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਬਹਿਰੀਨ ਵਾਲੀ ਔਰਤ ਵਿਚਾਲੇ ਹੋਈ ਕਥਿਤ ਗੱਲਬਾਤ ਦੀ ਇੱਕ ਆਡੀਓ ਰਿਕਾਰਡਿੰਗ ਵੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਪੈਸਿਆਂ ਦੇ ਲੈਣ-ਦੇਣ ਦੀ ਗੱਲ ਸੁਣਾਈ ਦੇ ਰਹੀ ਹੈ।
ਬਲਤੇਜ ਪੰਨੂ ਅਨੁਸਾਰ ਆਡੀਓ ਵਿੱਚ ਅੱਠ ਮਹੀਨਿਆਂ ਅਤੇ ਸੱਤ ਮਹੀਨਿਆਂ ਦੀ ਰਿਹਾਇਸ਼ ਦਾ ਜ਼ਿਕਰ ਆ ਰਿਹਾ ਹੈ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਔਰਤ ਨੂੰ ਇੱਕ ਖ਼ਾਸ ਮਕਸਦ ਲਈ ਇੱਥੇ ਲਿਆਂਦਾ ਗਿਆ ਸੀ। 'ਆਪ' ਨੇ ਦੋਸ਼ ਲਾਇਆ ਕਿ ਅਕਾਲੀ ਆਗੂ ਖ਼ੁਦ ਇਸ ਔਰਤ ਦਾ ਪੂਰਾ ਬੈਕਗ੍ਰਾਊਂਡ ਜਾਣਦੇ ਸਨ ਅਤੇ ਵੱਖ-ਵੱਖ ਚੈਨਲਾਂ 'ਤੇ ਦਾਅਵਾ ਕਰ ਰਹੇ ਹਨ ਕਿ ਉਸ 'ਤੇ ਪਹਿਲਾਂ ਵੀ ਪਰਚੇ ਦਰਜ ਹਨ। ਇਸ ਦੇ ਬਾਵਜੂਦ ਉਸ ਨੂੰ ਲਿਆ ਕੇ ਇੱਥੇ ਰੱਖਣ ਅਤੇ ਟਿਕਟ ਦਿਵਾਉਣ ਪਿੱਛੇ ਕੀ ਮਜਬੂਰੀ ਸੀ, ਇਹ ਗੱਲਾਂ ਅਜੇ ਬਾਹਰ ਆਉਣੀਆਂ ਬਾਕੀ ਹਨ।
'ਆਪ' ਨੇਤਾ ਨੇ ਐਸ.ਜੀ.ਪੀ.ਸੀ. ਦੀ ਜਾਂਚ ਕਮੇਟੀ 'ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਵੱਲੋਂ ਬਣਾਈ ਗਈ ਕਮੇਟੀ ਤੋਂ ਕਿਸੇ ਨਿਰਪੱਖ ਜਾਂਚ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਕਿਉਂਕਿ ਕਮੇਟੀ ਦੇ ਜੂਨੀਅਰ ਮੈਂਬਰ ਆਪਣੇ ਸੀਨੀਅਰ ਆਗੂਆਂ ਜਾਂ ਵਲਟੋਹਾ ਤੋਂ ਪੁੱਛਗਿੱਛ ਕਰਨ ਦੀ ਹਿੰਮਤ ਨਹੀਂ ਰੱਖਦੇ। ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਿਹੜੇ ਵੀ ਲੋਕ ਅਕਾਲੀ ਦਲ 'ਤੇ ਸਵਾਲ ਚੁੱਕਦੇ ਹਨ, ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।
ਇਸ ਮਾਮਲੇ ਵਿੱਚ ਸਭ ਤੋਂ ਗੰਭੀਰ ਦੋਸ਼ ਇਹ ਲਾਇਆ ਗਿਆ ਹੈ ਕਿ ਇੱਕ ਪਵਿੱਤਰ ਧਾਰਮਿਕ ਸਥਾਨ ਅਤੇ ਸਰਾਂ ਵਿੱਚ ਔਰਤ ਦਾ ਸ਼ੋਸ਼ਣ ਹੋਇਆ ਹੈ। ਪੰਨੂ ਨੇ ਕਿਹਾ ਕਿ ਜਿਸ ਧਰਤੀ 'ਤੇ ਦੁਨੀਆ ਭਰ ਤੋਂ ਸਿੱਖ ਸੰਗਤਾਂ ਨਤਮਸਤਕ ਹੋਣ ਆਉਂਦੀਆਂ ਹਨ, ਉੱਥੇ ਅਜਿਹੀਆਂ ਘਟਨਾਵਾਂ ਵਾਪਰਨਾ ਅਤਿ ਨਿੰਦਣਯੋਗ ਹੈ। ਉਨ੍ਹਾਂ ਐਸ.ਜੀ.ਪੀ.ਸੀ. ਦੇ ਚੀਫ਼ ਕਸਟੋਡੀਅਨ ਸੁਖਬੀਰ ਸਿੰਘ ਬਾਦਲ ਅਤੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਘੇਰਦਿਆਂ ਕਿਹਾ ਕਿ ਇਸ ਮੁੱਦੇ 'ਤੇ ਚੁੱਪੀ ਧਾਰਨੀ ਖ਼ਤਰਨਾਕ ਹੈ।
ਅੰਤ ਵਿੱਚ ਬਲਤੇਜ ਪੰਨੂ ਨੇ ਐਸ.ਜੀ.ਪੀ.ਸੀ. ਪ੍ਰਧਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਕੋਲ ਗੜਬੜੀਆਂ ਅਤੇ ਘਪਲਿਆਂ ਨਾਲ ਭਰਿਆ ਇੱਕ ਵੱਡਾ ਬੈਗ ਪਿਆ ਹੈ, ਜਿਸ ਨੂੰ ਖੋਲ੍ਹ ਕੇ ਦੇਖਣ ਦੀ ਲੋੜ ਹੈ। ਜੇਕਰ ਸੰਸਥਾ ਦੇ ਜ਼ਿੰਮੇਵਾਰ ਵਿਅਕਤੀਆਂ ਨੇ ਅਜੇ ਵੀ ਸੰਗਤ ਨੂੰ ਸਪੱਸ਼ਟ ਜਵਾਬ ਨਾ ਦਿੱਤੇ, ਤਾਂ ਆਉਣ ਵਾਲੇ ਸਮੇਂ ਵਿੱਚ ਜਦੋਂ ਸਿੱਖ ਸੰਗਤ ਲਾਮਬੰਦ ਹੋ ਕੇ ਸਵਾਲ ਪੁੱਛੇਗੀ, ਤਾਂ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਹੋਵੇਗਾ।
AAP, Baltej Pannu, Virsa Singh Valtoha, SGPC, Harjinder Singh Dhami, Sukhbir Singh Badal, Chawla Rape Case, Bahrain Woman Audio Tape, Punjab Politics, Akali Dal, Amritsar Sarai Controversy, Punjab News, Political News Punjab
- Download Babushahi App
-
-