ਪ੍ਰੇਮੀ ਨਾਲ ਮਿਲ ਕੇ ਕੀਤੇ ਪਤੀ ਦੇ ਕਤਲ ਨੂੰ ਖੁਦਕੁਸ਼ੀ ਦਿਖਾਉਣ ਦੀ ਕੋਸ਼ਿਸ਼ - ਮੁਲਜ਼ਮ ਗ੍ਰਿਫਤਾਰ
ਅਸ਼ੋਕ ਵਰਮਾ
ਬਠਿੰਡਾ, 2 ਅਕਤੂਬਰ 2026: ਥਾਣਾ ਮੌੜ ਅਧੀਨ ਪੈਂਦੇ ਪਿੰਡ ਕੋਟਲੀ ਖੁਰਦ ਵਿੱਚ ਇੱਕ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਦਾ ਮਾਮਲਾ ਪੁਲਿਸ ਜਾਂਚ ਮਗਰੋਂ ਕਤਲ ਵਿੱਚ ਤਬਦੀਲ ਹੋ ਗਿਆ ਹੈ। ਪੁਲਿਸ ਨੇ ਮ੍ਰਿਤਕ ਦੀ ਪਤਨੀ ਸਮੇਤ ਦੋ ਵਿਅਕਤੀਆਂ ਨੂੰ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਹੈ। ਇਹਨਾਂ ਗ੍ਰਿਫਤਾਰੀਆਂ ਦੀ ਪੁਸ਼ਟੀ ਡੀਐਸਪੀ ਮੌੜ ਜਸਵਿੰਦਰ ਸਿੰਘ ਨੇ ਕੀਤੀ ਹੈ। ਮ੍ਰਿਤਕ ਦੀ ਪਛਾਣ ਰਾਜਪਾਲ ਸਿੰਘ ਉਰਫ਼ ਰਾਜੂ ਵਜੋਂ ਹੋਈ ਹੈ। ਪੁਲਿਸ ਅਨੁਸਾਰ ਮ੍ਰਿਤਕ ਦੀ ਪਤਨੀ ਕਿਰਨਪਾਲ ਕੌਰ ਨੇ ਕਥਿਤ ਤੌਰ 'ਤੇ ਆਪਣੇ ਸਾਥੀ ਬ੍ਰਹਮਜੀਤ ਸਿੰਘ ਉਰਫ਼ ਪੀਚਾ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਬਾਅਦ ਵਿਚ ਇਸ ਨੂੰ ਖੁਦਕੁਸ਼ੀ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ।
ਥਾਣਾ ਮੌੜ ਦੇ ਐੱਸਐੱਚਓ ਤਰੁਨਦੀਪ ਸਿੰਘ ਅਨੁਸਾਰ ਪੁਲਿਸ ਨੂੰ ਪਿੰਡ ਕੋਟਲੀ ਖੁਰਦ ਸਥਿਤ ਇਕ ਘਰ ਦੀ ਰਸੋਈ ਵਿਚ ਇਕ ਵਿਅਕਤੀ ਦੀ ਲਾਸ਼ ਫਾਹੇ ਨਾਲ ਲਟਕਦੀ ਹੋਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਣ 'ਤੇ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪਹਿਲੀ ਨਜ਼ਰ ਵਿਚ ਮਾਮਲਾ ਖੁਦਕੁਸ਼ੀ ਦਾ ਜਾਪ ਰਿਹਾ ਸੀ, ਪਰ ਮੌਕੇ ਤੋਮਿਲੇ ਕੁਝ ਤੱਥਾਂ ਨੇ ਪੁਲਿਸ ਨੂੰ ਸ਼ੱਕ ਕਰਨ ਲਈ ਮਜਬੂਰ ਕੀਤਾ।ਪੁਲਿਸ ਅਨੁਸਾਰ ਘਰ ਦੀ ਜਾਂਚ ਦੌਰਾਨ ਡੀਵੀਆਰ ਤੋਂ ਇਲਾਵਾ ਮ੍ਰਿਤਕ ਅਤੇ ਉਸ ਦੀ ਪਤਨੀ ਦੇ ਮੋਬਾਈਲ ਫੋਨ ਵੀ ਗਾਇਬਮਿਲੇ। ਇਨ੍ਹਾਂ ਹਾਲਾਤਾਂ ਨੂੰ ਧਿਆਨ ਵਿਚ ਰੱਖਦਿਆਂ ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ। ਪੁੱਛਗਿੱਛ ਤੇ ਜਾਂਚ ਦੌਰਾਨ ਪੁਲਿਸ ਨੂੰ ਮ੍ਰਿਤਕ ਦੀ ਪਤਨੀ ਕਿਰਨਪਾਲ ਕੌਰ ਦੇ ਪਿੰਡ ਕੋਟਲੀ ਕਲਾਂ ਵਾਸੀ ਬ੍ਰਹਮਜੀਤ ਸਿੰਘ ਉਰਫ਼ ਪੀਚਾ ਨਾਲ ਕਥਿਤ ਸਬੰਧਾਂ ਬਾਰੇ ਜਾਣਕਾਰੀ ਮਿਲੀ।
ਪੁਲਿਸ ਅਨੁਸਾਰ ਵਾਰਦਾਤ ਤੋਂ ਪਹਿਲਾਂ ਰਾਜਪਾਲ ਸਿੰਘ ਅਤੇ ਉਸ ਦੀ ਪਤਨੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਸੀ। ਪੁਲਿਸ ਦਾ ਦਾਅਵਾ ਹੈ ਕਿ ਇਸ ਤੋਂ ਬਾਅਦ ਕਿਰਨਪਾਲ ਕੌਰ ਅਤੇ ਬ੍ਰਹਮਜੀਤ ਸਿੰਘ ਨੇ ਕਥਿਤ ਤੌਰ 'ਤੇ ਰਾਜਪਾਲ ਸਿੰਘ ਦਾ ਕਤਲ ਕਰ ਦਿੱਤਾ। ਇਸ ਮਗਰੋਂ ਮਾਮਲੇ ਨੂੰ ਖੁਦਕੁਸ਼ੀ ਦਾ ਰੂਪ ਦੇਣ ਲਈ ਲਾਸ਼ ਦੇ ਗਲ ਵਿੱਚ ਰੱਸਾ ਪਾ ਕੇ ਉਸ ਨੂੰ ਰਸੋਈ ਵਿੱਚ ਲਟਕਾ ਦਿੱਤਾ ਗਿਆ। ਥਾਣਾ ਮੁਖੀ ਤਰੁਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਚਚੇਰੇ ਭਰਾ ਸੱਤਪਾਲ ਸਿੰਘ ਸੋਨੀ ਦੇ ਬਿਆਨਾਂ ਦੇ ਆਧਾਰ 'ਤੇਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਵਿੱਚ ਕਿਰਨਪਾਲ ਕੌਰ ਅਤੇ ਬ੍ਰਹਮਜੀਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਅਤੇ ਦੋਵੇਂ ਬਾਅਦ ਵਿੱਚ ਗ੍ਰਿਫਤਾਰ ਕਰ ਲਏ ਗਏ ਹਨ। ਡੀਐਸਪੀ ਜਸਵਿੰਦਰ ਸਿੰਘ ਦਾ ਕਹਿਣਾ ਸੀ ਕਿ ਮੁਲਜਮਾਂ ਖਿਲਾਫ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
- Download Babushahi App
-
-