ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਭਾਈ ਵੀਰ ਸਿੰਘ’ ਨੂੰ ਸਮਰਪਿਤ ਸਾਹਿਤਕ ਗੋਸ਼ਟੀ
-‘ਪੰਜਾਬੋਂ ਬਾਹਰ ਸਮਾਗਮਾਂ’ ਦੀ ਲੜੀ ਤਹਿਤ ਦੇਹਰਾਦੂਨ ਵਿਖੇ ਸਮਾਗਮ
ਪਟਿਆਲਾ 2 ਅਕਤੂਬਰ 2026- ਭਾਸ਼ਾ ਵਿਭਾਗ ਪੰਜਾਬ ਵੱਲੋਂ ਆਧੁਨਿਕ ਕਾਲ ਦੇ ਮੋਢੀ ਪੰਜਾਬੀ ਕਵੀ ਅਤੇ ਪੰਜਾਬੀ ਦੇ ਪਹਿਲੇ ਨਾਵਲਕਾਰ ਭਾਈ ਵੀਰ ਸਿੰਘ ਨੂੰ ਸਮਰਪਿਤ ਡਾ. ਬਲਵੀਰ ਸਿੰਘ ਸਾਹਿਤ ਸਦਨ (ਪੰਜਾਬੀ ਯੂਨੀਵਰਸਿਟੀ ਕੈਂਪਸ) ਦੇਹਰਾਦੂਨ ਵਿਖੇ ਸਾਹਿਤਕ ਗੋਸਟੀ ਕਰਵਾਈ ਗਈ। ਜਿਸ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪਕੁਲਪਤੀ ਡਾ. ਜਗਦੀਪ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸ੍ਰੀ ਹੇਮਕੁੰਡ ਸਾਹਿਬ ਟਰੱਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਡਾ. ਅਮਰਜੀਤ ਸਿੰਘ ਮੁਖੀ ਪੰਜਾਬੀ ਵਿਭਾਗ, ਜਗਤ ਗੁਰੂ ਨਾਨਕ ਯੂਨੀਵਰਸਿਟੀ ਪਟਿਆਲਾ ਤੇ ਪ੍ਰੋ. ਕਮਲਵੀਰ ਸਿੰਘ ਨੇ ਭਾਈ ਵੀਰ ਸਿੰਘ ਦੀ ਸ਼ਖ਼ਸੀਅਤ ਅਤੇ ਰਚਨਾ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਚਾਰ ਪ੍ਰਗਟ ਕੀਤੇ। ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ ਮਨਜੀਤ ਪੁਰੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਭਾਗ ਦੀਆਂ ਗਤੀਵਿਧੀਆਂ ਅਤੇ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਨੌਜਵਾਨ ਚਿੰਤਕ ਪ੍ਰੋ. ਕਮਲਵੀਰ ਸਿੰਘ ਨੇ ‘ਬਸਤੀਵਾਦੀ ਦੌਰ ’ਚ ਭਾਈ ਵੀਰ ਸਿੰਘ ਦੀਆਂ ਲਿਖਤਾਂ’ ਵਿਸ਼ੇ ਵਿਚਾਰ ਪੇਸ਼ ਕਰਕੇ ਕੀਤੀ। ਉਨ੍ਹਾਂ ਕਿਹਾ ਕਿ ਭਾਈ ਸਾਹਿਬ ਆਧੁਨਿਕ ਪੰਜਾਬੀ ਸਾਹਿਤ ਦੇ ਨਿਰਮਾਣ ਕਰਤਾਵਾਂ ’ਚੋਂ ਇੱਕ ਸਨ। ਉਨ੍ਹਾਂ ਨੇ ਅੰਗਰੇਜ਼ ਸਾਮਰਾਜ ਦੀਆਂ ਬਸਤੀਵਾਦੀਆਂ ਨੀਤੀਆਂ ਦੇ ਨਕਾਰਾਤਮਕ ਪੱਖਾਂ ਨੂੰ ਆਪਣੀਆਂ ਲਿਖਤਾਂ ਰਾਹੀਂ ਉਭਾਰਿਆ। ਉਨ੍ਹਾਂ ਦਾ ਦਰਸ਼ਨ ਸ਼ਾਸਤਰ ਉਸ ਸਮੇਂ ਦੇ ਅਵਾਮ ਦੀ ਮਾਨਸਿਕ ਖੜੋਤ ਤੋੜਨ ਵਾਲਾ ਅਤੇ ਨਵੇਂ ਨਾਇਕ ਸਿਰਜਣ ਵਾਲਾ ਸੀ। ਇਸ ਦੇ ਸਮਾਂਤਰ ਉਨ੍ਹਾਂ ਨੇ ਸਿੱਖ ਧਰਮ ਦੇ ਵੱਖ-ਵੱਖ ਪਹਿਲੂਆਂ ਬਾਰੇ ਵੀ ਉੱਚ ਪਾਏ ਦੇ ਸਾਹਿਤ ਦੀ ਸਿਰਜਣਾ ਕੀਤੀ। ਦੂਸਰੇ ਵਕਤਾ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਭਾਈ ਵੀਰ ਸਿੰਘ ਦੇ ਸਾਹਿਤ ਦੀਆਂ ਸਾਰੀਆਂ ਪਰਤਾਂ ਨੂੰ ਇੱਕੋ ਚੌਖਟੇ ’ਚ ਲਿਆ ਕੇ ਸਮਝਣ ਦੀ ਲੋੜ ਹੈ। ਸਾਡੇ ਵਿਦਵਾਨ ਉਨ੍ਹਾਂ ਦੀਆਂ ਲਿਖਤਾਂ ਦੇ ਵੱਖ-ਵੱਖ ਵਿਸ਼ਿਆਂ ਦੀ ਪੜਚੋਲ ਕਰਦੇ ਆ ਰਹੇ ਹਨ ਜਿਸ ਕਰਕੇ ਉਨ੍ਹਾਂ ਦੀ ਸਮੁੱਚੀ ਸ਼ਖ਼ਸੀਅਤ ਨੂੰ ਸਮਝਣ ਦੀ ਬਜਾਏ ਉਨ੍ਹਾਂ ਨੂੰ ਕੁਝ ਵਿਦਵਾਨ ਅਕਾਦਮਿਕ ਪੱਧਰ ’ਤੇ ਮੂਲਵਾਦੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਭਾਈ ਸਾਹਿਬ ਨੇ ਪ੍ਰੰਪਰਿਕ ਨਾਇਕਾਂ ਦੀ ਥਾਂ ਨਵੇਂ ਨਾਇਕਾਂ ਦੀ ਸਿਰਜਣਾ ਕੀਤੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਭਾਈ ਸਾਹਿਬ ਦੀ ਜੀਵਨੀ ਵੀ ਟੋਟਿਆਂ ’ਚ ਲਿਖੀ ਤੇ ਸਮਝੀ ਗਈ ਜਦੋਂ ਕਿ ਇਸ ਨੂੰ ਇਸ ਨੂੰ ਸਮੁੱਚੇ ਰੂਪ ’ਚ ਸਮਝਿਆ ਤੇ ਲਿਖਿਆ ਜਾਣਾ ਚਾਹੀਦਾ ਹੈ। ਸੰਵਾਦ ਨੂੰ ਅੱਗੇ ਤੋਰਦਿਆਂ ਪ੍ਰੋ. ਸੁਦਰਸ਼ਨ ਗਾਸੋ ਨੇ ਕਿਹਾ ਕਿ ਕਿਸੇ ਵੀ ਸਾਹਿਤ ਨੂੰ ਜੇਕਰ ਅਸੀਂ ਸੂਤਰਾਂ ’ਚ ਬੰਨ ਕੇ ਦੇਖਦੇ ਹਾਂ ਤਾਂ ਇਸ ਨਾਲ ਨਿਆ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਸਮੁੱਚਾ ਪੰਜਾਬੀ ਸਾਹਿਤ ਗੁਰਬਾਣੀ ਦੁਆਲੇ ਪਰਿਕਰਮਾ ਕਰਦਾ ਹੈ ਭਾਵ ਇਸ ਤੋਂ ਪ੍ਰਭਾਵਿਤ ਹੈ।
ਸ. ਨਰਿੰਦਰਜੀਤ ਸਿੰਘ ਬਿੰਦਰਾ ਨੇ ਕਿਹਾ ਭਾਈ ਵੀਰ ਸਿੰਘ ਦਾ ਸ੍ਰੀ ਹੇਮਕੁੰਡ ਸਾਹਿਬ ਨਾਲ ਡੂੰਘਾ ਰਿਸ਼ਤਾ ਰਿਹਾ ਹੈ। ਇਸੇ ਕਰਕੇ ਇਸ ਖਿੱਤੇ ਦੇ ਲੋਕ ਉਨ੍ਹਾਂ ਨੂੰ ਧਾਰਮਿਕ ਸ਼ਖ਼ਸੀਅਤ ਵਜੋਂ ਸਤਿਕਾਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਭਾਈ ਸਾਹਿਬ ਨਾਲ ਸਬੰਧਤ ਕਿਸੇ ਵੀ ਪ੍ਰੋਜੈਕਟ ਲਈ ਉਨ੍ਹਾਂ ਦੀ ਸੰਸਥਾ ਹਰ ਪ੍ਰਕਾਰ ਦੀ ਮੱਦਦ ਦੇਣ ਲਈ ਤਿਆਰ ਹੈ। ਮੁੱਖ ਮਹਿਮਾਨ ਡਾ. ਜਗਦੀਪ ਸਿੰਘ ਨੇ ਕਿਹਾ ਕਿ ਭਾਈ ਵੀਰ ਸਿੰਘ ਨੂੰ ਜਿੱਥੇ ਆਧੁਨਿਕ ਪੰਜਾਬੀ ਸਾਹਿਤ ਦਾ ਨਿਰਮਾਤਾ ਕਿਹਾ ਜਾਂਦਾ ਹੈ ਉੱਥੇ ਉਨ੍ਹਾਂ ਨੂੰ ਅਧਿਆਤਮਕ ਸ਼ਖ਼ਸੀਅਤ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਸਭ ਧਰਮਾਂ ਨਾਲ ਰਿਸ਼ਤਾ ਸੀ। ਉਨ੍ਹਾਂ ਆਪਣੀ ਕਲਮ ਨਾਲ ਲੋਕਾਂ ਨੂੰ ਬਸਤੀਵਾਦੀ ਰੁਚੀਆਂ ਅਤੇ ਸਮਾਰਾਜ ਖ਼ਿਲਾਫ਼ ਜਾਗਰੂਕ ਕਰਕੇ ਆਪਣਾ ਦਾਰਸ਼ਨਿਕ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਇੱਥੇ ਭਾਈ ਵੀਰ ਸਿੰਘ ਬਾਰੇ ਅਜਾਇਬ ਘਰ ਬਣਾਉਣ ਲਈ ਯਤਨਸ਼ੀਲ ਹੈ ਜਿਸ ਤਹਿਤ ਉਨ੍ਹਾਂ ਦੀ ਵਿਰਾਸਤ ਸੰਭਾਲੀ ਜਾ ਸਕੇ। ਭਾਸ਼ਾ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਧੰਨਵਾਦੀ ਭਾਸ਼ਣ ’ਚ ਕਿਹਾ ਕਿ ਭਾਸ਼ਾ ਵਿਭਾਗ ਨੇ ਭਾਈ ਵੀਰ ਸਿੰਘ ਵਰਗੀ ਮਹਾਨ ਸ਼ਖ਼ਸੀਅਤ ਬਾਰੇ ਜੁੜ ਬੈਠ ਕੇ ਵਿਚਾਰਾਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਨੇ ਪਹਿਲੀ ਵਾਰ ਪੰਜਾਬੀ ’ਚ ਮਹਾਂਕਾਵਿ ਦੀ ਸਿਰਜਣਾ ਕੀਤੀ ਅਤੇ ਕੁਦਰਤ ਪ੍ਰਤੀ ਬਲਿਹਾਰਤਾ ਨੂੰ ਕਲਮਬੱਧ ਕੀਤਾ। ਇਹ ਸਥਾਨ ਪੰਜਾਬੀਆਂ ਦੇ ਜੁੜਨ ਦਾ ਸਥਾਨ ਬਣ ਚੁੱਕਿਆ ਹੈ, ਭਾਸ਼ਾ ਵਿਭਾਗ ਇੱਥੋਂ ਦੀਆਂ ਸਰਗਰਮੀਆਂ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦਾ ਰਹੇਗਾ। ਪੰਜਾਬੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਵਿੱਚ ਬਹੁਤ ਸਾਰੀਆਂ ਸਥਾਨਕ ਸ਼ਖ਼ਸੀਅਤਾਂ ਹਾਜ਼ਰ ਸਨ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ। ਅਖ਼ੀਰ ਵਿੱਚ ਮਹਿਮਾਨਾਂ, ਬੁਲਾਰਿਆਂ ਤੇ ਡਾ. ਬਲਵੀਰ ਸਿੰਘ ਸਾਹਿਤ ਕੇਂਦਰ ਦੇ ਇੰਚਾਰਜ ਡਾ. ਕੁਲਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
- Download Babushahi App
-
-