ਪੰਜਾਬ ਖੇਤੀਬਾੜੀ ਯੂਨੀਵਰਸਿਟੀ ਐੱਸ.ਸੀ./ਬੀ.ਸੀ.ਵਰਗਾਂ ਨੂੰ ਬਣਦਾ ਸੰਵਿਧਾਨਕ ਹੱਕ ਦੇਵੇ: ਅਜੇਪਾਲ ਸਿੰਘ ਬਰਾੜ
ਮੌਹਾਲੀ 24 ਸਤੰਬਰ,ਮਿਸਲ ਸਤਲੁਜ ਪਾਰਟੀ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀਆਂ ਟੀਚਿੰਗ ਪੋਸਟਾਂ ਵਿੱਚ ਐੱਸ.ਸੀ. ਅਤੇ ਬੀ.ਸੀ. ਵਰਗਾਂ ਲਈ ਰਾਖਵਾਂਕਰਨ ਦੇ ਮੁੱਦੇ ’ਤੇ ਸਖ਼ਤ ਰੁਖ਼ ਅਪਣਾਉਂਦਿਆਂ ਕਿਹਾ ਹੈ ਕਿ ਸੰਵਿਧਾਨਕ ਹੱਕਾਂ ਨੂੰ ਸਾਲਾਂ ਤੱਕ ਲਟਕਾਉਣਾ ਹੁਣ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਸਰਦਾਰ ਬਰਾੜ ਨੇ ਕਿਹਾ ਕਿ ਐੱਸ.ਸੀ./ਬੀ.ਸੀ. ਵਰਗਾਂ ਦੇ ਉਮੀਦਵਾਰ ਲੰਮੇ ਸਮੇਂ ਤੋਂ ਪੀ.ਏ.ਯੂ. ਦੀਆਂ ਟੀਚਿੰਗ ਪੋਸਟਾਂ ਵਿੱਚ ਆਪਣੇ ਬਣਦੇ ਹੱਕ ਦੀ ਮੰਗ ਕਰ ਰਹੇ ਹਨ, ਪਰ ਇਸ ਮਾਮਲੇ ਦਾ ਅਜੇ ਤੱਕ ਪੱਕਾ ਹੱਲ ਨਾ ਨਿਕਲਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਲਗਭਗ ਇਕ ਦਹਾਕਾ ਪਹਿਲਾਂ ਸਾਲ 2016 ਵਿੱਚ ਵੀ ਇਸ ਮਸਲੇ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਅੱਗੇ ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਧਰਨਾ ਦਿੱਤਾ ਗਿਆ ਸੀ ਅਤੇ ਲਿਖਤੀ ਭਰੋਸੇ ਦੇ ਬਾਵਜੂਦ ਲਗਭਗ ਇੱਕ ਦਹਾਕੇ ਬਾਅਦ ਵੀ ਮਸਲਾ ਹੱਲ ਨਾ ਹੋਣਾ ਜਵਾਬਦੇਹੀ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਉਨ੍ਹਾਂ ਕਿਹਾ, “ਰਾਖਵਾਂਕਰਨ ਕੋਈ ਖੈਰਾਤ ਜਾਂ ਮਿਹਰਬਾਨੀ ਨਹੀਂ, ਸਗੋਂ ਸੰਵਿਧਾਨਕ ਹੱਕ ਹੈ,ਹੱਕ ਦੇਣ ਵਿੱਚ ਦੇਰੀ ਕਰਨਾ ਵੀ ਹੱਕਾਂ ਪ੍ਰਤੀ ਅਣਦੇਖੀ ਦਾ ਕਾਰਨ ਬਣਦੀ ਹੈ।” ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪੂਰਜੋਰ ਸ਼ਬਦਾਂ ਵਿੱਚ ਮੰਗ ਕੀਤੀ ਕਿ ਟਾਲ-ਮਟੋਲ ਦੀ ਨੀਤੀ ਖਤਮ ਕਰਕੇ ਇਸ ਮਾਮਲੇ ’ਤੇ ਸਪਸ਼ਟ ਅਤੇ ਸਮਾਂਬੱਧ ਫੈਸਲਾ ਲਿਆ ਜਾਵੇ।
ਸਰਦਾਰ ਬਰਾੜ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ,ਪੰਜਾਬ ਦੀ ਪ੍ਰਮੁੱਖ ਉੱਚ ਸਿੱਖਿਆ ਸੰਸਥਾ ਹੋਣ ਦੇ ਨਾਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਮਾਜਿਕ ਨਿਆਂ, ਬਰਾਬਰ ਮੌਕੇ ਅਤੇ ਯੋਗ ਪ੍ਰਤੀਨਿਧਤਾ ਦੇ ਮਾਪਦੰਡਾਂ ਨੂੰ ਮਜ਼ਬੂਤ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਟੀਚਿੰਗ ਪੋਸਟਾਂ ਵਿੱਚ ਪ੍ਰਤੀਨਿਧਤਾ ਦਾ ਮਸਲਾ ਸਿਰਫ਼ ਨੌਕਰੀਆਂ ਤੱਕ ਸੀਮਿਤ ਨਹੀਂ, ਸਗੋਂ ਵਿਦਿਆਰਥੀਆਂ ਲਈ ਸਿੱਖਿਆ ਦੇ ਮੌਕਿਆਂ ਅਤੇ ਸੰਸਥਾਗਤ ਭਰੋਸੇ ਨਾਲ ਵੀ ਜੁੜਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਕੋਈ ਕਾਨੂੰਨੀ, ਪ੍ਰਸ਼ਾਸਨਿਕ ਜਾਂ ਤਕਨੀਕੀ ਅੜਚਣ ਹੈ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪ੍ਰਸ਼ਾਸਨ ਉਸਨੂੰ ਜਨਤਕ ਤੌਰ ’ਤੇ ਸਪਸ਼ਟ ਕਰੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਭਰੋਸਿਆਂ ਦੀ ਨਹੀਂ, ਸਪਸ਼ਟ ਫੈਸਲੇ ਅਤੇ ਉਸਦੀ ਅਮਲੀ ਜਾਮਾਦੀ ਲੋੜ ਹੈ।
ਮਿਸਲ ਸਤਲੁਜ ਦੇ ਪ੍ਰਧਾਨ ਨੇ ਪੰਜਾਬ ਸਰਕਾਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਐੱਸ.ਸੀ./ਬੀ.ਸੀ. ਵਰਗਾਂ ਨਾਲ ਸਬੰਧਤ ਇਸ ਮਾਮਲੇ ਨੂੰ ਹੋਰ ਲਟਕਾਉਣ ਦੀ ਬਜਾਏ ਸਾਰੇ ਸੰਬੰਧਤ ਤੱਥਾਂ ਅਤੇ ਲਾਗੂ ਨਿਯਮਾਂ ਦੀ ਰੌਸ਼ਨੀ ਵਿੱਚ ਸਪਸ਼ਟ, ਸਮਾਂਬੱਧ ਅਤੇ ਪਾਰਦਰਸ਼ੀ ਫੈਸਲਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਇੱਕ ਦਹਾਕੇ ਤੋਂ ਚੱਲ ਰਹੇ ਮਸਲੇ ਨੂੰ ਹੁਣ ਹੋਰ ਅਨਿਸ਼ਚਿਤਤਾ ਵਿੱਚ ਨਹੀਂ ਰੱਖਿਆ ਜਾਣਾ ਚਾਹੀਦਾ।
- Download Babushahi App
-
-