ਭੈਣਾਂ ਤੋਂ ਰੱਖੜੀ ਬੰਨਵਾਉਣ ਜਾ ਰਿਹਾ ਸੀ 23 ਸਾਲਾ ਨੌਜਵਾਨ ਹਾਦਸੇ ’ਚ ਜ਼ਖ਼ਮੀ ਹੋਣ ਮਗਰੋਂ ਤੜਫ ਤੜਫ ਕੇ ਮਰਿਆ, ਨਹੀਂ ਪੁੱਜੀ ਐਂਬੂਲੈਂਸ ਜਾਂ ਸੜਕ ਸੁਰੱਖਿਆ ਫੋਰਸ
ਪ੍ਰਭਜੋਤ ਕੌਰ ਸਿੱਧੂ/ਬਾਬੂਸ਼ਾਹੀ ਨੈਟਵਰਕ
ਮੋਹਾਲੀ, 28 ਅਗਸਤ, 2026: ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਪਿਆਰ, ਸੁਰੱਖਿਆ ਅਤੇ ਰਿਸ਼ਤੇ ਦੀ ਮਜ਼ਬੂਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਪਰ ਮੋਹਾਲੀ ਤੋਂ ਸਾਹਮਣੇ ਆਈ ਇੱਕ ਦਰਦਨਾਕ ਘਟਨਾ ਨੇ ਇਸ ਪਵਿੱਤਰ ਦਿਨ ਦੀਆਂ ਖੁਸ਼ੀਆਂ ਨੂੰ ਮਾਤਮ ਵਿੱਚ ਬਦਲ ਦਿੱਤਾ। ਇੱਕ 23 ਸਾਲਾ ਨੌਜਵਾਨ ਜੋ ਆਪਣੀਆਂ ਭੈਣਾਂ ਤੋਂ ਰੱਖੜੀ ਬਣਵਾਉਣ ਲਈ ਆਪਣੇ ਘਰ ਵੱਲ ਜਾ ਰਿਹਾ ਸੀ, ਰਸਤੇ ਵਿੱਚ ਵਾਪਰੇ ਹਾਦਸੇ ਦੌਰਾਨ ਆਪਣੀ ਜਾਨ ਗੁਆ ਬੈਠਾ।
ਮ੍ਰਿਤਕ ਨੌਜਵਾਨ ਦੀ ਪਛਾਣ ਪਰਮਪ੍ਰੀਤ ਵਜੋਂ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪਰਮਪ੍ਰੀਤ ਕੰਮ ਦੇ ਸਿਲਸਿਲੇ ਵਿੱਚ ਆਪਣੀ ਭੂਆ ਦੇ ਘਰ ਪਿੰਡ ਦੜਬਾ, ਜੋ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਨੇੜੇ ਦੱਸਿਆ ਜਾ ਰਿਹਾ ਹੈ, ਰਹਿੰਦਾ ਸੀ। ਉਹ ਇਲੈਕਟ੍ਰੀਸ਼ਨ ਵਜੋਂ ਕੰਮ ਕਰਦਾ ਸੀ। ਉਸਦਾ ਆਪਣਾ ਪਿੰਡ ਮੱਛਲੀ ਕਲਾਂ, ਨੇੜੇ ਲਾਂਡਰਾਂ ਦੱਸਿਆ ਜਾ ਰਿਹਾ ਹੈ।
ਰੱਖੜੀ ਵਾਲੇ ਦਿਨ ਘਰ ਵੱਲ ਨਿਕਲਿਆ ਸੀ ਪਰਮਪ੍ਰੀਤ
ਪਰਿਵਾਰ ਮੁਤਾਬਕ ਅੱਜ ਸਵੇਰੇ ਕਰੀਬ ਸਾਢੇ 7 ਵਜੇ ਪਰਮਪ੍ਰੀਤ ਆਪਣੀ ਭੂਆ ਦੇ ਘਰ ਤੋਂ ਮੋਟਰਸਾਈਕਲ ’ਤੇ ਆਪਣੇ ਪਿੰਡ ਮੱਛਲੀ ਕਲਾਂ ਲਈ ਰਵਾਨਾ ਹੋਇਆ ਸੀ। ਮਕਸਦ ਸੀ ਕਿ ਰੱਖੜੀ ਦੇ ਇਸ ਖਾਸ ਦਿਨ ਆਪਣੀਆਂ ਭੈਣਾਂ ਕੋਲ ਪਹੁੰਚੇ ਅਤੇ ਉਨ੍ਹਾਂ ਤੋਂ ਰੱਖੜੀ ਬਣਵਾਏ।
ਪਰ ਏਅਰਪੋਰਟ ਰੋਡ ’ਤੇ ਅਚਾਨਕ ਉਸਦਾ ਮੋਟਰਸਾਈਕਲ ਸਲਿੱਪ ਹੋ ਗਿਆ। ਹਾਦਸੇ ਦੌਰਾਨ ਉਹ ਡਿਵਾਈਡਰ ਨਾਲ ਟਕਰਾ ਗਿਆ ਅਤੇ ਡਿਵਾਈਡਰ ’ਤੇ ਲੱਗੀ ਲੋਹੇ ਦੀ ਗਰਿੱਲ ਦੇ ਐਂਗਲ ਨਾਲ ਉਸਦੇ ਸਿਰ ’ਤੇ ਗੰਭੀਰ ਸੱਟ ਲੱਗੀ।
ਹਾਦਸਾ ਇੰਨਾ ਭਿਆਨਕ ਸੀ ਕਿ ਪਰਿਵਾਰ ਮੁਤਾਬਕ ਪਰਮਪ੍ਰੀਤ ਨੂੰ ਮੌਕੇ ’ਤੇ ਹੀ ਗੰਭੀਰ ਸੱਟਾਂ ਲੱਗੀਆਂ।
ਪਰਿਵਾਰ ਦਾ ਦਾਅਵਾ—ਵਾਰ-ਵਾਰ ਐਂਬੂਲੈਂਸ ਨੂੰ ਫੋਨ ਕੀਤਾ, ਪਰ ਮਦਦ ਸਮੇਂ ਸਿਰ ਨਹੀਂ ਪਹੁੰਚੀ
ਇਸ ਘਟਨਾ ਤੋਂ ਬਾਅਦ ਪਰਿਵਾਰ ਵੱਲੋਂ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਚੁੱਕੇ ਜਾ ਰਹੇ ਹਨ। ਪਰਿਵਾਰ ਦਾ ਦੋਸ਼ ਹੈ ਕਿ ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਐਂਬੂਲੈਂਸ ਨੂੰ ਵਾਰ-ਵਾਰ, ਲਗਭਗ ਛੇ ਵਾਰ, ਫੋਨ ਕੀਤਾ ਗਿਆ।
ਪਰ ਪਰਿਵਾਰ ਮੁਤਾਬਕ ਐਂਬੂਲੈਂਸ ਕਾਫੀ ਦੇਰ ਤੱਕ ਮੌਕੇ ’ਤੇ ਨਹੀਂ ਪਹੁੰਚੀ। ਪਰਿਵਾਰ ਦਾ ਇਹ ਵੀ ਦਾਅਵਾ ਹੈ ਕਿ ਸੜਕ ਸੁਰੱਖਿਆ ਫੋਰਸ ਅਤੇ ਪੁਲਿਸ ਵੀ ਸਮੇਂ ਸਿਰ ਮੌਕੇ ’ਤੇ ਨਹੀਂ ਪਹੁੰਚੀ।
ਪਰਿਵਾਰ ਅਨੁਸਾਰ ਪਰਮਪ੍ਰੀਤ ਲਗਭਗ ਡੇਢ ਤੋਂ ਪੌਣੇ ਦੋ ਘੰਟੇ ਤੱਕ ਮੌਕੇ ’ਤੇ ਹੀ ਪਿਆ ਰਿਹਾ। ਇਸ ਤੋਂ ਬਾਅਦ ਉਸਨੂੰ ਮੋਹਾਲੀ ਦੇ ਫੇਜ਼-6 ਸਥਿਤ ਸਰਕਾਰੀ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ।
ਇਨ੍ਹਾਂ ਦਾਅਵਿਆਂ ਦੀ ਅਧਿਕਾਰਤ ਪੁਸ਼ਟੀ ਹੋਣੀ ਅਜੇ ਬਾਕੀ ਹੈ।
ਤਿੰਨ ਭੈਣਾਂ ਦਾ ਇਕਲੌਤਾ ਸਹਾਰਾ ਸੀ ਪਰਮਪ੍ਰੀਤ
ਪਰਮਪ੍ਰੀਤ ਦੀ ਮੌਤ ਨਾਲ ਸਿਰਫ਼ ਇੱਕ ਪਰਿਵਾਰ ਨੇ ਆਪਣਾ ਪੁੱਤਰ ਨਹੀਂ ਗੁਆਇਆ, ਸਗੋਂ ਤਿੰਨ ਭੈਣਾਂ ਨੇ ਆਪਣਾ ਭਰਾ ਅਤੇ ਘਰ ਨੇ ਆਪਣਾ ਸਹਾਰਾ ਗੁਆ ਦਿੱਤਾ।
ਜਾਣਕਾਰੀ ਮੁਤਾਬਕ ਘਰ ਵਿੱਚ ਪਰਮਪ੍ਰੀਤ ਦੀਆਂ ਤਿੰਨ ਭੈਣਾਂ, ਮਾਤਾ ਅਤੇ ਪਿਤਾ ਹਨ। ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸਦੀ ਮਾਤਾ ਦੀ ਸਿਹਤ ਵੀ ਠੀਕ ਨਹੀਂ ਰਹਿੰਦੀ, ਜਦਕਿ ਪਿਤਾ ਡਿਪਰੈਸ਼ਨ ਦੀ ਸਮੱਸਿਆ ਨਾਲ ਜੂਝ ਰਹੇ ਹਨ ਅਤੇ ਉਨ੍ਹਾਂ ਦੀਆਂ ਦਵਾਈਆਂ ਚੱਲ ਰਹੀਆਂ ਹਨ।
ਪਰਿਵਾਰ ਮੁਤਾਬਕ ਘਰ ਦਾ ਖਰਚਾ ਮੁੱਖ ਤੌਰ ’ਤੇ ਪਰਮਪ੍ਰੀਤ ਹੀ ਚਲਾ ਰਿਹਾ ਸੀ।
ਪਰਮਪ੍ਰੀਤ ਨੇ ਮੈਨੇਜਮੈਂਟ ਦੀ ਡਿਗਰੀ ਕੀਤੀ ਹੋਈ ਸੀ ਅਤੇ ਇਸ ਦੇ ਬਾਵਜੂਦ ਉਹ ਇਲੈਕਟ੍ਰੀਸ਼ਨ ਵਜੋਂ ਕੰਮ ਕਰਕੇ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾ ਰਿਹਾ ਸੀ।
ਜਿਸ ਰੱਖੜੀ ਦੀ ਉਡੀਕ ਸੀ, ਉਹ ਦਿਨ ਹੀ ਜ਼ਿੰਦਗੀ ਦੀ ਆਖਰੀ ਸਵੇਰ ਬਣ ਗਿਆ।
ਅੱਜ ਜਦੋਂ ਦੇਸ਼ ਭਰ ਵਿੱਚ ਭੈਣਾਂ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕਰ ਰਹੀਆਂ ਹਨ, ਉਸੇ ਦਿਨ ਪਰਮਪ੍ਰੀਤ ਦੀਆਂ ਤਿੰਨ ਭੈਣਾਂ ਆਪਣੇ ਭਰਾ ਦੀ ਉਡੀਕ ਕਰ ਰਹੀਆਂ ਸਨ।
ਉਨ੍ਹਾਂ ਨੂੰ ਕੀ ਪਤਾ ਸੀ ਕਿ ਜਿਸ ਭਰਾ ਦੇ ਹੱਥ ’ਤੇ ਕੁਝ ਸਮੇਂ ਬਾਅਦ ਰੱਖੜੀ ਬੰਨ੍ਹਣੀ ਸੀ, ਉਹੀ ਭਰਾ ਉਨ੍ਹਾਂ ਤੋਂ ਹਮੇਸ਼ਾ ਲਈ ਦੂਰ ਹੋ ਜਾਵੇਗਾ।
- Download Babushahi App
-
-