Punjab Breaking: ਸਾਬਕਾ SHO ਨੂੰ 3 ਸਾਲ ਦੀ ਸਜ਼ਾ
ਰਵਿੰਦਰ ਢਿੱਲੋਂ
ਖੰਨਾ, 27 ਅਗਸਤ 2026: ਖੰਨਾ ਦੇ ਸਦਰ ਥਾਣੇ ਵਿੱਚ ਪਿਤਾ-ਪੁੱਤਰ ਸਮੇਤ ਤਿੰਨ ਵਿਅਕਤੀਆਂ ਨੂੰ ਨੰਗਾ ਕਰਕੇ ਕੁੱਟਣ ਅਤੇ ਉਨ੍ਹਾਂ ਦੀ ਵੀਡੀਓ ਬਣਾਕੇ ਵਾਇਰਲ ਕਰਨ ਦੇ ਕਰੀਬ ਛੇ ਸਾਲ ਪੁਰਾਣੇ ਮਾਮਲੇ ਵਿੱਚ ਲੁਧਿਆਣਾ ਸੈਸ਼ਨ ਅਦਾਲਤ ਨੇ ਪੰਜਾਬ ਪੁਲਿਸ ਦੇ ਤਤਕਾਲੀਨ ਐੱਸਐੱਚਓ ਇੰਸਪੈਕਟਰ ਬਲਜਿੰਦਰ ਸਿੰਘ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ।
ਇਹ ਮਾਮਲਾ ਜੂਨ 2019 ਦਾ ਹੈ। ਦੋਸ਼ ਸੀ ਕਿ ਤਤਕਾਲੀਨ ਐੱਸਐੱਚਓ ਨੇ ਇੱਕ ਅੰਮ੍ਰਿਤਧਾਰੀ ਵਿਅਕਤੀ, ਉਸ ਦੇ ਪੁੱਤਰ ਅਤੇ ਇੱਕ ਸਾਥੀ ਨੂੰ ਥਾਣੇ ਵਿੱਚ ਆਪਣੇ ਦਫ਼ਤਰ ਅੰਦਰ ਨੰਗਾ ਕਰਕੇ ਕੁੱਟਿਆ ਅਤੇ ਬਾਅਦ ਵਿੱਚ ਉਨ੍ਹਾਂ ਦੀ ਵੀਡੀਓ ਵਾਇਰਲ ਕਰ ਦਿੱਤੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਸੀ।
ਇਸ ਮਾਮਲੇ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ ਸੀ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਪਾਰਟੀ ਨੇ ਪਹਿਲ ਕੀਤੀ ਸੀ। ਲਗਾਤਾਰ ਕਾਰਵਾਈ ਦੀ ਮੰਗ ਤੋਂ ਬਾਅਦ ਏਡੀਜੀਪੀ ਡਾ. ਨਰੇਸ਼ ਅਰੋੜਾ ਦੀ ਅਗਵਾਈ ਹੇਠ ਐੱਸਆਈਟੀ ਬਣਾਈ ਗਈ। ਜਾਂਚ ਮਗਰੋਂ 2020 ਵਿੱਚ ਬਲਜਿੰਦਰ ਸਿੰਘ ਅਤੇ ਹਵਾਲਦਾਰ ਵਰੁਣ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।
ਸ਼ਿਕਾਇਤਕਰਤਾ ਧਿਰ ਦੇ ਵਕੀਲ ਗੁਰਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਡੀਜੀਪੀ ਤੋਂ ਬਲਜਿੰਦਰ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ ਜਾਵੇਗੀ। ਨਾਲ ਹੀ ਆਈਟੀ ਐਕਟ ਤਹਿਤ ਸਜ਼ਾ ਵਧਾਉਣ ਲਈ ਹਾਈ ਕੋਰਟ ਦਾ ਰੁਖ ਕੀਤਾ ਜਾਵੇਗਾ।
- Download Babushahi App
-
-