ਭਾਰਤ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ 3 ਹਜ਼ਾਰ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਭੇਜਣ ਦੀ ਦਿੱਤੀ ਪ੍ਰਵਾਨਗੀ: ਕਾਲਕਾ, ਕਾਹਲੋਂ, ਚੰਢੋਕ
22 ਨਵੰਬਰ ਨੂੰ ਜੱਥਾ ਪਾਕਿਸਤਾਨ ਜਾਵੇਗਾ ਤੇ 1 ਦਸੰਬਰ ਨੂੰ ਵਾਪਸ ਪਰਤੇਗਾ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 27 ਅਗਸਤ : ਭਾਰਤ ਸਰਕਾਰ ਨੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ 3 ਹਜ਼ਾਰ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਭੇਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਇਹ ਜੱਥਾ 22 ਨਵੰਬਰ ਨੂੰ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਰਵਾਨਾ ਹੋਵੇਗਾ ਤੇ 1 ਦਸੰਬਰ ਨੂੰ ਵਾਪਸ ਪਰਤੇਗਾ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਪਰਮਜੀਤ ਸਿੰਘ ਚੰਢੋਕ ਨੇ ਕੀਤਾ ਹੈ।
ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਲਕਾ ਤੇ ਕਾਹਲੋਂ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ 1 ਜੁਲਾਈ 2026 ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਬਾਰੇ ਪੱਤਰ ਲਿਖਿਆ ਸੀ ਤੇ ਗ੍ਰਹਿ ਮੰਤਰੀ ਨੇ ਕਮੇਟੀ ਦੀ ਬੇਨਤੀ ਪ੍ਰਵਾਨ ਕਰਦਿਆਂ 3 ਹਜ਼ਾਰ ਸ਼ਰਧਾਲੂਆਂ ਦੇ ਜੱਥੇ ਨੂੰ ਭੇਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਹਨਾਂ ਦੱਸਿਆ ਕਿ 10 ਰੋਜ਼ਾ ਯਾਤਰਾ ਦੌਰਾਨ ਇਹ ਜੱਥਾ ਗੁਰਦੁਆਰ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸੱਚਾ ਸੌਦਾ, ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਅਤੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਦਰਸ਼ਨ ਕਰਨ ਉਪਰੰਤ ਵਾਪਸ ਪਰਤੇਗਾ।
ਉਹਨਾਂ ਦੱਸਿਆ ਕਿ ਭਾਰਤ ਸਰਕਾਰ ਨੇ ਸਪਸ਼ਟ ਨਿਰਦੇਸ਼ ਦਿੱਤੇ ਹਨ ਕਿ ਭਾਰਤ ਸਰਕਾਰ ਵੱਲੋਂ ਦਿੱਤੀ ਪ੍ਰਵਾਨਗੀ ਤਹਿਤ ਪੂਰੇ ਦਸਤਾਵੇਜ਼ਾ ਦੀ ਘੋਖ ਉਪਰੰਤ ਗ੍ਰਹਿ ਮੰਤਰਾਲਾ ਪਾਕਿਸਤਾਨ ਸਰਕਾਰ ਨੂੰ ਸੂਚੀ ਭੇਜੇਗਾ ਜਿਸ ਮੁਤਾਬਕ ਹੀ ਜੱਥਾ ਰਵਾਨਾ ਹੋਵੇਗਾ। ਉਹਨਾਂ ਦੱਸਿਆ ਕਿ ਗ੍ਰਹਿ ਮੰਤਰਾਲੇ ਨੇ ਜੱਥੇ ਵਿਚ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਦਾ ਕੋਟਾ ਵੀ ਤੈਅ ਕੀਤਾ ਹੈ।
ਇਸ ਮੁਤਾਬਕ ਦਿੱਲੀ ਤੋਂ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ 555 ਸ਼ਰਧਾਲੂ, ਪੰਜਾਬ ਤੋਂ ਸ਼੍ਰੋਮਣੀ ਕਮੇਟੀ ਵੱਲੋਂ 1800 ਸ਼ਰਧਾਲੂ, ਹਰਿਆਣਾ ਤੋਂ 200, ਹਿਮਾਚਲ ਪ੍ਰਦੇਸ਼ ਤੋਂ 15, ਜੰਮੂ-ਕਸ਼ਮੀਰ ਤੋਂ 40, ਝਾਰਖੰਡ ਤੋਂ 16, ਕਰਨਾਟਕਾ ਅਤੇ ਮੱਧ ਪ੍ਰਦੇਸ਼ ਤੋਂ 10-10, ਮਹਾਰਾਸ਼ਟਰ ਤੋਂ 90, ਉੜੀਸਾ ਤੋਂ 10, ਰਾਜਸਥਾਨ ਤੋਂ 50, ਯੂ ਪੀ ਤੋਂ 35, ਉੱਤਰਾਖੰਡ ਤੋਂ 25, ਪੱਛਮੀ ਬੰਗਾਲ ਤੋਂ 5 ਅਤੇ ਚੰਡੀਗੜ੍ਹ ਤੋਂ 45 ਸ਼ਰਧਾਲੂਆਂ ਦਾ ਜੱਥਾ ਜਾਣ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਉਹਨਾਂ ਕਿਹਾ ਕਿ ਇਹ ਜੱਥਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੀ 22 ਨਵੰਬਰ ਨੂੰ ਵਾਹਗਾ ਸਰਹੱਦ ਪਾਰ ਕੇ ਪਾਕਿਸਤਾਨ ਵਿਚ ਦਾਖਲ ਹੋਵੇਗਾ ਤੇ 1 ਦਸੰਬਰ ਨੂੰ ਵਾਪਸ ਉਸੇ ਰਸਤੇ ਤੋਂ ਦੇਸ਼ ਪਰਤੇਗਾ। ਉਹਨਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਆਪੋ ਆਪਣੇ ਪਾਸਪੋਰਟ ਤੇ ਹੋਰ ਦਸਤਾਵੇਜ਼ ਜਮ੍ਹਾਂ ਕਰਵਾਉਣ ਤਾਂ ਜੋ ਗ੍ਰਹਿ ਮੰਤਰਾਲੇ ਤੋਂ ਸਮਾਂ ਰਹਿੰਦਿਆਂ ਪ੍ਰਵਾਨਗੀ ਹਾਸਲ ਕੀਤੀ ਜਾ ਸਕੇ।
- Download Babushahi App
-
-