AAP ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਥਾਂਦੇ "ਵਾਰਿਸ ਪੰਜਾਬ ਦੇ" ਪਾਰਟੀ ’ਚ ਸ਼ਾਮਲ
ਬਲਜਿੰਦਰ ਸਿੰਘ ਥਾਂਦੇ ਦਾ ‘ਆਪ’ ’ਤੇ ਇਲਜ਼ਾਮ—ਪੰਜਾਬ ’ਚ ਸਰਕਾਰ ਦਿੱਲੀ ਦਾ ਦਖ਼ਲ
ਕੁਲਵਿੰਦਰ ਸਿੰਘ
ਅਮ੍ਰਿਤਸਰ 27 ਅਗਸਤ
ਪਿਛਲੇ ਦਿਨੀ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਦਿਹਾਤੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਪੈਪਸੂ ਰੋਡਵੇਜ਼ ਦੇ ਡਾਇਰੈਕਟਰ ਰਹਿ ਚੁੱਕੇ ਬਲਜਿੰਦਰ ਸਿੰਘ ਥਾਂਦੇ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਾਰਿਸ ਪੰਜਾਬ ਵਿੱਚ ਸ਼ਾਮਲ ਹੋ ਗਏ ਉਨ੍ਹਾਂ ਦੇ ਨਾਲ ਰਾਜਾਸਾਂਸੀ ਹਲਕੇ ਦੇ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਸ਼ਿਵ ਕੁਮਾਰ ਅਤੇ ਝਿਲਮਲ ਸਿੰਘ ਚੰਡੀਹਾੜ੍ਹ ਦੇ ਵੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਜਾਣਕਾਰੀ ਦਿੱਤੀ ਗਈ। ਪਾਰਟੀ ਵੱਲੋਂ ਨਵੇਂ ਸ਼ਾਮਲ ਹੋਏ ਆਗੂਆਂ ਦਾ ਬਾਪੂ ਤਰਸੇਮ ਸਿੰਘ ਵੱਲੋਂ ਸਵਾਗਤ ਕੀਤਾ ਗਿਆ।
ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਹਾਲਾਤਾਂ ਨੂੰ ਲੈ ਕੇ ਚਿੰਤਤ ਹਨ ਅਤੇ ਪੰਜਾਬ ਤੇ ਪੰਥ ਦੇ ਹਿੱਤਾਂ ਲਈ ਇੱਕ ਮਜ਼ਬੂਤ ਖੇਤਰੀ ਸਿਆਸੀ ਧਿਰ ਦੀ ਲੋੜ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਵਾਰਿਸ ਪੰਜਾਬ ਨਾਲ ਲਗਾਤਾਰ ਵੱਡੀ ਗਿਣਤੀ ਵਿੱਚ ਲੋਕ ਜੁੜ ਰਹੇ ਹਨ ਅਤੇ ਵੱਖ-ਵੱਖ ਹਲਕਿਆਂ ਵਿੱਚ ਨੌਜਵਾਨਾਂ ਸਮੇਤ ਕਈ ਲੋਕ ਪਾਰਟੀ ਵਿੱਚ ਸ਼ਾਮਲ ਹੋਣ ਲਈ ਸੰਪਰਕ ਕਰ ਰਹੇ ਹਨ। ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਨੇ ਇਤਿਹਾਸ ਵਿੱਚ ਕਈ ਮੁਸ਼ਕਲ ਦੌਰ ਦੇਖੇ ਹਨ ਪਰ ਪੰਜਾਬ ਦੇ ਲੋਕਾਂ ਨੇ ਜ਼ੁਲਮ ਅਤੇ ਜਬਰ ਅੱਗੇ ਕਦੇ ਗੋਡੇ ਨਹੀਂ ਟੇਕੇ। ਉਨ੍ਹਾਂ ਕਿਹਾ ਕਿ ਅੱਜ ਵੀ ਪੰਜਾਬ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਵਾਲੇ ਲੋਕ ਆਪਣੀ ਜ਼ਿੰਮੇਵਾਰੀ ਪਛਾਣ ਰਹੇ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਇਹ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਦੇ ਹੱਕਾਂ, ਪੰਜਾਬ ਦੀ ਜਵਾਨੀ ਅਤੇ ਪੰਥਕ ਮਸਲਿਆਂ ਦੀ ਰਾਖੀ ਲਈ ਅਕਾਲੀ ਦਲ ਵਾਰਿਸ ਪੰਜਾਬ ਇੱਕ ਮਜ਼ਬੂਤ ਸਿਆਸੀ ਵਿਕਲਪ ਬਣ ਸਕਦਾ ਹੈ। ਪੰਥਕ ਪਰਿਵਾਰਾਂ ਨਾਲ ਸੰਬੰਧਿਤ ਸਵਾਲ ਦੇ ਜਵਾਬ ਵਿੱਚ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਬਲਜਿੰਦਰ ਸਿੰਘ ਥਾਂਦੇ ਦੇ ਪਰਿਵਾਰ ਦਾ ਵੀ ਸੰਘਰਸ਼ ਨਾਲ ਸਬੰਧ ਰਿਹਾ ਹੈ ਅਤੇ ਉਨ੍ਹਾਂ ਦੇ ਭਰਾ ਸੰਘਰਸ਼ ਦੌਰਾਨ ਸ਼ਹੀਦ ਹੋਏ ਸਨ। ਉਨ੍ਹਾਂ ਕਿਹਾ ਕਿ ਪਹਿਲਾਂ ਪੰਥਕ ਸਿਆਸਤ ਲਈ ਮਜ਼ਬੂਤ ਪਲੇਟਫਾਰਮ ਨਾ ਹੋਣ ਕਾਰਨ ਕਈ ਲੋਕ ਵੱਖ-ਵੱਖ ਸਿਆਸੀ ਪਾਰਟੀਆਂ ਵਿੱਚ ਕੰਮ ਕਰਦੇ ਰਹੇ।
ਉਨ੍ਹਾਂ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਦੀਆਂ ਚੋਣ ਜਿੱਤਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਦੇ ਬਦਲਦੇ ਸਿਆਸੀ ਰੁਝਾਨ ਵੱਲ ਇਸ਼ਾਰਾ ਕਰਦਾ ਹੈ। ਹਾਲਾਂਕਿ ਇਹ ਬਿਆਨ ਪਾਰਟੀ ਦਾ ਸਿਆਸੀ ਦਾਅਵਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਅਸਤੀਫੇ ਦੇਣ ਦੇ ਕਾਰਨਾਂ ਬਾਰੇ ਪੁੱਛੇ ਸਵਾਲ ’ਤੇ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਤੋਂ ਵੱਡੀਆਂ ਉਮੀਦਾਂ ਰੱਖੀਆਂ ਸਨ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਅਨੁਸਾਰ ਕੰਮ ਨਹੀਂ ਹੋਇਆ ਅਤੇ ਪੰਜਾਬ ਨੂੰ ਆਰਥਿਕ ਤੇ ਧਾਰਮਿਕ ਪੱਧਰ ’ਤੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ।
ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਅਤੇ ਸਿੱਖ ਕੌਮ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੀ ਹੈ, ਪਰ ਇਸ ਮਾਮਲੇ ਵਿੱਚ ਸਰਕਾਰਾਂ ਵੱਲੋਂ ਲੋੜੀਂਦੀ ਕਾਰਵਾਈ ਨਹੀਂ ਕੀਤੀ ਜਾ ਰਹੀ।
ਉਨ੍ਹਾਂ ਵਿਰੋਧੀ ਸਿਆਸੀ ਆਗੂਆਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਹੜੇ ਲੋਕ ਪਹਿਲਾਂ ਬੰਦੀ ਸਿੰਘਾਂ ਬਾਰੇ ਸਖ਼ਤ ਸ਼ਬਦਾਵਲੀ ਵਰਤਦੇ ਰਹੇ ਹਨ, ਉਹ ਹੁਣ ਸਿਆਸੀ ਲਾਭ ਲਈ ਉਨ੍ਹਾਂ ਦੀ ਰਿਹਾਈ ਦੀ ਗੱਲ ਕਰ ਰਹੇ ਹਨ। ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਬਾਰੇ ਪੁੱਛੇ ਸਵਾਲ ’ਤੇ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਵੱਡਾ ਸਮਰਥਨ ਦਿੱਤਾ ਅਤੇ ਉਨ੍ਹਾਂ ਨੂੰ ਲੋਕ ਸਭਾ ਮੈਂਬਰ ਚੁਣਿਆ। ਉਨ੍ਹਾਂ ਕਿਹਾ ਕਿ ਐੱਨ.ਐੱਸ.ਏ. ਤਹਿਤ ਕੀਤੀ ਗਈ ਕਾਰਵਾਈ ਅਤੇ ਉਨ੍ਹਾਂ ਨੂੰ ਸੰਸਦ ਤੱਕ ਨਾ ਪਹੁੰਚਣ ਦੇਣ ਦਾ ਮਾਮਲਾ ਪੰਜਾਬ ਦੇ ਲੋਕਾਂ ਲਈ ਗੰਭੀਰ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਬੰਦੀ ਸਿੰਘਾਂ ਅਤੇ ਹੋਰ ਪੰਥਕ ਮਸਲਿਆਂ ਦੇ ਹੱਲ ਲਈ ਪੰਜਾਬ ਵਿੱਚ ਇੱਕ ਮਜ਼ਬੂਤ ਸਿਆਸੀ ਧਿਰ ਦਾ ਹੋਣਾ ਜ਼ਰੂਰੀ ਹੈ। ਜ਼ਿਮਨੀ ਚੋਣਾਂ ਅਤੇ ਪੰਥਕ ਏਕਤਾ ਬਾਰੇ ਸਵਾਲ ’ਤੇ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵਿੱਚ ਏਕਤਾ ਦੀ ਭਾਵਨਾ ਮੌਜੂਦ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਿਆਸੀ ਪਾਰਟੀਆਂ ਵਿੱਚ ਮੌਜੂਦ ਪੰਜਾਬ ਅਤੇ ਪੰਥ ਨੂੰ ਸਮਰਪਿਤ ਲੋਕ ਵੱਡੀ ਗਿਣਤੀ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਨਾਲ ਜੁੜ ਰਹੇ ਹਨ।
ਅਕਾਲੀ ਦਲ ਵਾਰਿਸ ਪੰਜਾਬ ਦੇ ਵੀਜ਼ਨ ਡਾਕੂਮੈਂਟ ਬਾਰੇ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਵਿਦਵਾਨਾਂ, ਵਕੀਲਾਂ ਅਤੇ ਹੋਰ ਮਾਹਰਾਂ ਨਾਲ ਮੀਟਿੰਗ ਕੀਤੀ ਗਈ ਹੈ। ਪੰਜਾਬ ਦੀਆਂ ਮੌਜੂਦਾ ਸਮੱਸਿਆਵਾਂ ਦੇ ਹੱਲ ਲਈ ਮਾਹਰਾਂ ਦੀ ਰਾਇ ਲਈ ਜਾ ਰਹੀ ਹੈ ਅਤੇ ਜਲਦ ਹੀ ਵੀਜ਼ਨ ਡਾਕੂਮੈਂਟ ਸੰਗਤ ਦੇ ਸਾਹਮਣੇ ਰੱਖਣ ਦੀ ਗੱਲ ਕਹੀ। ਇਸ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਦੇ ਮੁੱਦਿਆਂ ’ਤੇ ਆਵਾਜ਼ ਚੁੱਕਣ ਦੀ ਵੀ ਉਨ੍ਹਾਂ ਨੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧਤ ਆਗੂ ਨੂੰ ਪੰਜਾਬ ਦੇ ਹਿੱਤਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਅਕਾਲੀ ਦਲ ਵਾਰਿਸ ਪੰਜਾਬ ਵਿੱਚ ਸ਼ਾਮਲ ਹੋਏ ਬਲਜਿੰਦਰ ਸਿੰਘ ਥਾਂਦੇ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਤੋਂ ਦੁਖੀ ਹੋ ਕੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਇੱਕ ਨਵੇਂ ਬਦਲ ਵਜੋਂ ਚੁਣਿਆ ਸੀ। ਉਨ੍ਹਾਂ ਕਿਹਾ ਕਿ 92 ਸੀਟਾਂ ਜਿੱਤ ਕੇ ਸਰਕਾਰ ਬਣਨ ਨਾਲ ਲੋਕਾਂ ਦੀਆਂ ਉਮੀਦਾਂ ਕਾਫ਼ੀ ਵਧ ਗਈਆਂ ਸਨ। ਥਾਂਦੇ ਨੇ ਦੱਸਿਆ ਕਿ ਉਹ 2021 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਅੰਮ੍ਰਿਤਸਰ ਦਿਹਾਤੀ ਦਾ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਆਸਾਂ-ਉਮੀਦਾਂ ਨਾਲ ਉਨ੍ਹਾਂ ਨੇ ਪਾਰਟੀ ਵਿੱਚ ਕੰਮ ਕੀਤਾ ਸੀ, ਉਹ ਪੂਰੀਆਂ ਹੁੰਦੀਆਂ ਨਜ਼ਰ ਨਹੀਂ ਆਈਆਂ।
ਉਨ੍ਹਾਂ ਕਿਹਾ ਕਿ ਪਾਰਟੀ ਦੇ ਕੰਮਕਾਜ ਵਿੱਚ ਦਿੱਲੀ ਦੀ ਟੀਮ ਦਾ ਦਖ਼ਲ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਮੀਟਿੰਗਾਂ ਦੌਰਾਨ ਵੀ ਅਕਸਰ ਦਿੱਲੀ ਜਾਂ ਸੈਂਟਰਲ ਟੀਮ ਦਾ ਹਵਾਲਾ ਦਿੱਤਾ ਜਾਂਦਾ ਸੀ।
ਥਾਂਦੇ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਅਤੇ ਪਾਰਟੀ ਦੇ ਵੱਖ-ਵੱਖ ਪੱਧਰਾਂ ’ਤੇ ਦਿੱਲੀ ਤੋਂ ਆਏ ਆਗੂਆਂ ਅਤੇ ਅਹੁਦੇਦਾਰਾਂ ਦਾ ਪ੍ਰਭਾਵ ਹੈ ਅਤੇ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਕੋਲ ਵੀ ਕਈ ਮਾਮਲਿਆਂ ਵਿੱਚ ਪੂਰੀ ਤਾਕਤ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਨਾਂ ਕਰਕੇ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਪੰਜਾਬ ਦੇ ਹਿੱਤਾਂ ਲਈ ਜਿਸ ਬਦਲ ਦੀ ਉਮੀਦ ਕੀਤੀ ਗਈ ਸੀ, ਉਹ ਪੂਰੀ ਨਹੀਂ ਹੋ ਰਹੀ। ਇਸ ਤੋਂ ਬਾਅਦ ਉਨ੍ਹਾਂ ਨੇ ਅਕਾਲੀ ਦਲ ਵਾਰਿਸ ਪੰਜਾਬ ਨਾਲ ਜੁੜਨ ਦਾ ਫੈਸਲਾ ਕੀਤਾ। ਥਾਂਦੇ ਨੇ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਪੰਜਾਬ ਦੇ ਮੁੱਦਿਆਂ ਅਤੇ ਨੌਜਵਾਨਾਂ ਨਾਲ ਜੁੜੇ ਮਸਲਿਆਂ ਨੂੰ ਚੁੱਕਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਇੱਕ ਨਵੀਂ ਪੰਥਕ ਤੇ ਪੰਜਾਬ ਪੱਖੀ ਸਿਆਸੀ ਧਿਰ ਦੀ ਉਮੀਦ ਦਿਖਾਈ ਦਿੱਤੀ। ਉਨ੍ਹਾਂ ਬਾਪੂ ਤਰਸੇਮ ਸਿੰਘ ਅਤੇ ਮਨਪ੍ਰੀਤ ਸਿੰਘ ਅਯਾਲੀ ਵੱਲੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
- Download Babushahi App
-
-