BREAKING- ਸ਼ਿਵਰਾਜ ਚੌਹਾਨ ਦਾ ਪੰਜਾਬ ਦੌਰਾ ਭਲਕੇ 28 ਅਗਸਤ ਨੂੰ!
ਸ੍ਰੀ ਦਰਬਾਰ ਸਾਹਿਬ ਅਤੇ ਬਾਬਾ ਬਕਾਲਾ ਸਾਹਿਬ ਟੇਕਣਗੇ ਮੱਥਾ; 'ਕਿਸਾਨ ਚੌਪਾਲ' 'ਚ ਅੰਨਦਾਤਾ ਨਾਲ ਕਰਨਗੇ ਸਿੱਧਾ ਸੰਵਾਦ
ਸਿੱਖ ਇਤਿਹਾਸ ਤੇ ਆਸਥਾ ਦੇ ਸੰਗਮ 'ਰੱਖੜ੍ਹ ਪੁੰਨਿਆ' ਜੋੜ ਮੇਲੇ 'ਚ ਸ਼ਿਰਕਤ ਕਰਨਗੇ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ
Ravi Jakhu
ਨਵੀਂ ਦਿੱਲੀ/ਬਾਬਾ ਬਕਾਲਾ/ਅੰਮ੍ਰਿਤਸਰ, 27 ਅਗਸਤ 2026- ‘ਰੱਖੜ੍ਹ ਪੁੰਨਿਆ’ ਦੇ ਪਵਿੱਤਰ ਇਤਿਹਾਸਕ ਤੇ ਧਾਰਮਿਕ ਦਿਹਾੜੇ ਉੱਤੇ ਕੇਂਦਰੀ ਖੇਤੀਬਾੜੀ, ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ 28 ਅਗਸਤ, 2026 ਨੂੰ ਪੰਜਾਬ ਦੇ ਇੱਕ ਦਿਨਾਂ ਦੌਰੇ ‘ਤੇ ਆ ਰਹੇ ਹਨ। ਆਪਣੇ ਇਸ ਪੰਜਾਬ ਪ੍ਰਵਾਸ ਦੌਰਾਨ ਕੇਂਦਰੀ ਮੰਤਰੀ ਜਿੱਥੇ ਸਿੱਖ ਧਰਮ ਦੇ ਮਹਾਨ ਅਧਿਆਤਮਿਕ ਕੇਂਦਰਾਂ ਵਿੱਚ ਨਤਮਸਤਕ ਹੋ ਕੇ ਦੇਸ਼ ਦੀ ਸੁੱਖ-ਸ਼ਾਂਤੀ ਲਈ ਅਰਦਾਸ ਕਰਨਗੇ, ਉੱਥੇ ਹੀ ਪੰਜਾਬ ਦੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਖੇਤੀਬਾੜੀ ਨਾਲ ਜੁੜੇ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਵੀ ਕਰਨਗੇ।
ਨਿਰਧਾਰਤ ਅਧਿਕਾਰਤ ਪ੍ਰੋਗਰਾਮ ਮੁਤਾਬਕ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ 28 ਅਗਸਤ ਨੂੰ ਸਵੇਰੇ ਸਭ ਤੋਂ ਪਹਿਲਾਂ ਪਵਿੱਤਰ ਸ਼ਹਿਰ ਅੰਮ੍ਰਿਤਸਰ ਪਹੁੰਚਣਗੇ। ਅੰਮ੍ਰਿਤਸਰ ਪਹੁੰਚ ਕੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਦਰਬਾਰ ਸਾਹਿਬ) ਵਿਖੇ ਨਤਮਸਤਕ ਹੋਣਗੇ ਅਤੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਇਸ ਤੋਂ ਬਾਅਦ ਉਹ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵੱਲ ਰਵਾਨਾ ਹੋਣਗੇ, ਜਿੱਥੇ ਉਹ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਦਰਸ਼ਨ-ਦੀਦਾਰੇ ਕਰਕੇ ਸੀਸ ਨਿਵਾਉਣਗੇ।
ਧਾਰਮਿਕ ਪ੍ਰੋਗਰਾਮਾਂ ਤੋਂ ਇਲਾਵਾ ਕੇਂਦਰੀ ਖੇਤੀਬਾੜੀ ਮੰਤਰੀ ਦਾ ਇਹ ਦੌਰਾ ਪੰਜਾਬ ਦੇ ਕਿਸਾਨਾਂ ਲਈ ਵੀ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਬਾਬਾ ਬਕਾਲਾ ਦੇ ਨੇੜਲੇ ਪਿੰਡ 'ਉਮਰਾ ਨੰਗਲ' ਵਿਖੇ ਸਵੇਰੇ 11:00 ਵਜੇ ਇੱਕ ਵਿਸ਼ੇਸ਼ ‘ਕਿਸਾਨ ਚੌਪਾਲ’ ਦਾ ਆਯੋਜਨ ਕੀਤਾ ਗਿਆ ਹੈ। ਇਸ ਚੌਪਾਲ ਵਿੱਚ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਥਾਨਕ ਕਿਸਾਨਾਂ ਨਾਲ ਆਹਮੋ-ਸਾਹਮਣੇ ਬੈਠ ਕੇ ਖੇਤੀਬਾੜੀ, ਕਿਰਸਾਣੀ ਦੇ ਮੌਜੂਦਾ ਮੁੱਦਿਆਂ, ਪੇਂਡੂ ਵਿਕਾਸ ਅਤੇ ਕੇਂਦਰ ਸਰਕਾਰ ਦੀਆਂ ਕਿਸਾਨ ਭਲਾਈ ਯੋਜਨਾਵਾਂ ਬਾਰੇ ਸਿੱਧਾ ਸੰਵਾਦ ਰਚਾਉਣਗੇ।
ਕੇਂਦਰੀ ਮੰਤਰੀ ਦੇ ਦੌਰੇ ਦਾ ਪੂਰਾ ਸ਼ਡਿਊਲ
ਸਵੇਰੇ (ਅੰਮ੍ਰਿਤਸਰ): ਅੰਮ੍ਰਿਤਸਰ ਆਗਮਨ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਤੇ ਅਰਦਾਸ।
ਸਵੇਰੇ 11:00 ਵਜੇ: ਪਿੰਡ ਉਮਰਾ ਨੰਗਲ (ਬਾਬਾ ਬਕਾਲਾ) ਵਿਖੇ ‘ਕਿਸਾਨ ਚੌਪਾਲ’ ਵਿੱਚ ਕਿਸਾਨਾਂ ਨਾਲ ਚਰਚਾ।
ਦੁਪਹਿਰ 12:15 ਵਜੇ: ਇਤਿਹਾਸਕ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਮੱਥਾ ਟੇਕਣਾ।
ਦੁਪਹਿਰ 12:30 ਵਜੇ: ਰੱਖੜ੍ਹ ਪੁੰਨੀਆ ਦੇ ਸਾਲਾਨਾ ਜੋੜ ਮੇਲੇ ਦੇ ਮੁੱਖ ਸਮਾਗਮ ਵਿੱਚ ਸ਼ਿਰਕਤ।
ਦੁਪਹਿਰ 03:30 ਵਜੇ: ਦੌਰਾ ਸਮਾਪਤ ਕਰਕੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਭੋਪਾਲ ਲਈ ਰਵਾਨਗੀ।
ਕੇਂਦਰੀ ਮੰਤਰੀ ਦੇ ਇਸ ਦੌਰੇ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਸੁਰੱਖਿਆ ਅਤੇ ਹੋਰ ਇੰਤਜ਼ਾਮਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ, ਜਦਕਿ ਸਥਾਨਕ ਕਿਸਾਨਾਂ ਅਤੇ ਸੰਗਤ ਵਿੱਚ ਵੀ ਇਸ ਦੌਰੇ ਨੂੰ ਲੈ ਕੇ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
- Download Babushahi App
-
-