Punjab News: ਰੱਖੜੀ ਤੋਂ ਪਹਿਲਾਂ ਪੰਜਾਬ 'ਚ ਸੱਪ ਦੇ ਡੱਸਣ ਕਾਰਨ ਭਰਾ-ਭੈਣ ਦੀ ਮੌਤ
Babushahi Network
ਰਾਏਕੋਟ, 27 ਅਗਸਤ 2026: ਰੱਖੜੀ ਤੋਂ ਪਹਿਲਾਂ ਪੰਜਾਬ ਦੇ ਪਿੰਡ ਬੱਸੀਆਂ ਦੀ ਉੱਪਲ ਪੱਤੀ ਵਿੱਚ ਬਿਜਲੀ ਬੰਦ ਹੋਣ ਕਾਰਨ ਵਿਹੜੇ ਵਿੱਚ ਸੌਂ ਰਹੇ ਦੋ ਮਾਸੂਮ ਭੈਣ-ਭਰਾ ਲਈ ਜ਼ਹਿਰੀਲੇ ਸੱਪ ਦਾ ਡੰਗ ਮੌਤ ਦਾ ਪੈਗਾਮ ਬਣ ਗਿਆ। ਸੱਪ ਦੇ ਡੰਗ ਕਾਰਨ ਸੱਤ ਸਾਲਾ ਜਸਪ੍ਰੀਤ ਕੌਰ ਦੀ ਮੌਤ ਤੋਂ ਕਰੀਬ 18 ਘੰਟਿਆਂ ਬਾਅਦ ਉਸ ਦੇ ਅੱਠ ਸਾਲਾ ਭਰਾ ਜੋਬਨਪ੍ਰੀਤ ਸਿੰਘ ਨੇ ਵੀ ਲੁਧਿਆਣਾ ਦੇ ਸੀਐੱਮਸੀ ਹਸਪਤਾਲ ਵਿੱਚ ਦਮ ਤੋੜ ਦਿੱਤਾ।
ਪਰਿਵਾਰ ਮੁਤਾਬਕ ਰਾਤ ਕਰੀਬ ਤਿੰਨ ਵਜੇ ਜੋਬਨਪ੍ਰੀਤ ਦੀ ਅੱਖ ਖੁੱਲ੍ਹੀ ਅਤੇ ਉਸ ਨੇ ਦਾਦੀ ਨੂੰ ਜਗਾ ਕੇ ਹੱਥ ਵਿੱਚ ਕੁਝ ਹੋਣ ਦੀ ਗੱਲ ਦੱਸੀ। ਪਰਿਵਾਰ ਨੇ ਬਿਸਤਰੇ ਹੇਠਾਂ ਸੱਪ ਦੇਖਿਆ ਅਤੇ ਉਸ ਨੂੰ ਤੁਰੰਤ ਰਾਏਕੋਟ ਦੇ ਸਿਵਲ ਹਸਪਤਾਲ ਪਹੁੰਚਾਇਆ। ਗੰਭੀਰ ਹਾਲਤ ਕਾਰਨ ਉਸ ਨੂੰ ਸੀਐੱਮਸੀ ਲੁਧਿਆਣਾ ਰੈਫਰ ਕੀਤਾ ਗਿਆ। ਇਸ ਦੌਰਾਨ ਨਾਲ ਸੁੱਤੀ ਜਸਪ੍ਰੀਤ ਦੇ ਸੱਪ ਦੇ ਡੰਗ ਦਾ ਪਤਾ ਸਵੇਰੇ ਲੱਗਾ। ਹਾਲਤ ਵਿਗੜਨ ’ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
ਵੀਰਵਾਰ ਨੂੰ ਦੋਵਾਂ ਭੈਣ-ਭਰਾ ਦਾ ਇਕੱਠਿਆਂ ਅੰਤਿਮ ਸੰਸਕਾਰ ਕੀਤਾ ਗਿਆ। ਸਭ ਤੋਂ ਦੁਖਦਾਈ ਗੱਲ ਇਹ ਰਹੀ ਕਿ ਓਮਾਨ ਵਿੱਚ ਕੰਮ ਕਰ ਰਹੀ ਉਨ੍ਹਾਂ ਦੀ ਮਾਂ ਸਰਬਜੀਤ ਕੌਰ ਆਪਣੇ ਬੱਚਿਆਂ ਦੇ ਅੰਤਿਮ ਦਰਸ਼ਨ ਵੀ ਨਾ ਕਰ ਸਕੀ। ਪਰਿਵਾਰ ਨੇ ਦੋਸ਼ ਲਾਇਆ ਕਿ ਉਸ ਨੂੰ ਛੁੱਟੀ ਅਤੇ ਪਾਸਪੋਰਟ ਨਹੀਂ ਦਿੱਤਾ ਗਿਆ। ਜੋਬਨਪ੍ਰੀਤ ਦੇ ਇਲਾਜ ਵਿੱਚ ਦੇਰੀ ਨੂੰ ਲੈ ਕੇ ਪਰਿਵਾਰ ਨੇ ਸਰਕਾਰੀ ਐਂਬੂਲੈਂਸ ਦੀ ਰਫ਼ਤਾਰ ’ਤੇ ਵੀ ਸਵਾਲ ਉਠਾਏ ਹਨ।
- Download Babushahi App
-
-