ਘੱਗਰ ਦੇ ਸਰਾਲਾ ਹੈਡ ਨੇੜੇ ਨਹੀਂ ਹੋ ਰਹੀ ਕੋਈ ਨਾਜਾਇਜ਼ ਮਾਈਨਿੰਗ- ਪ੍ਰਥਮ ਗੰਭੀਰ
-ਘੱਗਰ ‘ਚ ਸਰਾਲਾ ਨੇੜੇ ਲੱਗਦੀ ਡਾਫ ਹਟਾਉਣ ਲਈ ਟੈਂਡਰ ਦਾ ਸਰਕਾਰੀ ਖ਼ਜ਼ਾਨੇ ਨੂੰ ਵੀ ਹੋਵੇਗਾ 50 ਲੱਖ ਰੁਪਏ ਤੋਂ ਵੱਧ ਦਾ ਫਾਇਦਾ
-ਹੜ੍ਹਾਂ ਤੋਂ ਬਚਾਅ ਲਈ ਕਾਰਜਾਂ ਬਾਰੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ- ਕਾਰਜਕਾਰੀ ਇੰਜੀਨੀਅਰ ਜਲ ਨਿਕਾਸ
-ਗ਼ੈਰਕਾਨੂੰਨੀ ਮਾਈਨਿੰਗ ਰੋਕਣ ਲਈ ਜ਼ਿਲ੍ਹੇ ‘ਚ ਚਾਰ ਨਾਕੇ, ਲੋਕ ਟੋਲ ਫਰੀ ਨੰਬਰ ‘ਤੇ ਵੀ ਦੇ ਸਕਦੇ ਹਨ ਜਾਣਕਾਰੀ
ਪਟਿਆਲਾ, 6 ਜਨਵਰੀ:
ਜਲ ਨਿਕਾਸ ਵਿਭਾਗ ਪਟਿਆਲਾ ਦੇ ਕਾਰਜਕਾਰੀ ਇੰਜੀਨੀਅਰ ਪ੍ਰਥਮ ਗੰਭੀਰ ਨੇ ਦੱਸਿਆ ਹੈ ਕਿ ਘੱਗਰ ਦੇ ਸਰਾਲਾ ਹੈਡ ਨੇੜੇ ਕੋਈ ਨਾਜਾਇਜ਼ ਮਾਈਨਿੰਗ ਨਹੀਂ ਹੋ ਰਹੀ ਹੈ। ਪ੍ਰਥਮ ਗੰਭੀਰ ਨੇ ਕਿਹਾ ਕਿ ਘੱਗਰ ‘ਚ ਸਰਾਲਾ ਹੈਡ ਨੇੜੇ ਲੱਗੇ ਮਿੱਟੀ ਦੇ ਵੱਡੇ ਢੇਰਾਂ ਕਰਕੇ ਬਰਸਾਤ ਦੌਰਾਨ ਲੱਗਦੀ ਡਾਫ ਹਟਾਉਣ ਲਈ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਮੰਗ ਅਨੁਸਾਰ ਹੀ ਟੈਂਡਰ ਲਗਾਇਆ ਗਿਆ ਹੈ ਅਤੇ ਇਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਵੀ 50 ਲੱਖ ਰੁਪਏ ਤੋਂ ਵੱਧ ਦਾ ਫਾਇਦਾ ਹੋਵੇਗਾ।
ਅੱਜ ਇਸ ਕੰਮ ਬਾਬਤ ਗਲਤ ਸੂਚਨਾ ਦਿੰਦੀ ਇੱਕ ਵਾਇਰਲ ਵੀਡੀਓ ਨੂੰ ਗੁੰਮਰਾਹ ਕਰਨ ਵਾਲੀ ਤੇ ਬਿਲਕੁਲ ਬੇਬੁਨਿਆਦ ਦੱਸਦਿਆਂ ਜਲ ਨਿਕਾਸ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨੇ ਤਾੜਨਾ ਕੀਤੀ ਹੈ ਕਿ ਹੜ੍ਹਾਂ ਤੋਂ ਬਚਾਅ ਲਈ ਕਾਰਜਾਂ ਬਾਰੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਿਆਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਹੋਰ ਕਿਹਾ ਕਿ ਸਰਾਲਾ ਨੇੜੇ ਘੱਗਰ ਨਦੀ ਵਿੱਚੋਂ ਡੀਸਿਲਟਿੰਗ ਦੇ ਕੰਮ ਦੀ ਨਿਗਰਾਨੀ ਲਈ ਜਿੱਥੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਉੱਥੇ ਹੀ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਵੀ ਨਿਗਰਾਨੀ ਰੱਖ ਰਹੇ ਹਨ ਜਦਕਿ ਇਹ ਮਿੱਟੀ ਦੇ ਢੇਰਾਂ ਨੂੰ ਚੁੱਕਣ ਲਈ ਸਵੇਰੇ ਸੱਤ ਵਜੇ ਤੋਂ ਸ਼ਾਮ ਛੇ ਵਜੇ ਤੱਕ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਇੰਜ. ਪ੍ਰਥਮ ਗੰਭੀਰ ਨੇ ਅੱਗੇ ਦੱਸਿਆ ਕਿ ਵਿਭਾਗ ਵੱਲੋਂ ਗ਼ੈਰਕਾਨੂੰਨੀ ਮਾਈਨਿੰਗ ਰੋਕਣ ਲਈ ਜ਼ਿਲ੍ਹੇ ‘ਚ ਚਾਰ ਇੰਟਰਸਟੇਟ ਨਾਕੇ ਲਗਾਏ ਗਏ ਹਨ ਅਤੇ ਲੋਕ ਵੀ ਗ਼ੈਰਕਾਨੂੰਨੀ ਮਾਈਨਿੰਗ ਬਾਰੇ ਮਾਈਨਿੰਗ ਤੇ ਜੀਉਲੋਜੀ ਵਿਭਾਗ ਦੇ ਟੋਲ ਫਰੀ ਨੰਬਰ 18001802422 ‘ਤੇ ਜਾਣਕਾਰੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਗ਼ੈਰਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਪਹਿਲਾਂ ਹੀ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।