ਮੁਕਤਸਰ ਪੁਲਿਸ ਵੱਲੋਂ ਧੀਅ ਦੇ ਕਤਲ ਮਾਮਲੇ ਵਿੱਚ ਮੁਲਜ਼ਮ ਪਿਤਾ ਗ੍ਰਿਫਤਾਰ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 6 ਜਨਵਰੀ 2026:
ਸੀਨੀਅਰ ਕਪਤਾਨ ਪੁਲਿਸ ਸ੍ਰੀ ਮੁਕਤਸਰ ਸਾਹਿਬ ਸ਼੍ਰੀ ਅਭਿਮੰਨਿਊ ਰਾਣਾ, ਦੀਆਂ ਹਦਾਇਤਾਂ ਤਹਿਤ ਅਤੇ ਸ਼੍ਰੀਮਤੀ ਹਰਕਮਲ ਕੌਰ ਐਸ.ਪੀ. (ਹੈੱਡਕੁਆਰਟਰ) ਅਤੇ ਸ੍ਰੀ ਹਰਬੰਸ ਸਿੰਘ ਡੀਐਸਪੀ ਲੰਬੀ ਦੀ ਦੇਖ-ਰੇਖ ਹੇਠ, ਐੱਸ.ਆਈ. ਹਰਪ੍ਰੀਤ ਕੌਰ ਮੁੱਖ ਅਫ਼ਸਰ ਥਾਣਾ ਕਬਰਵਾਲਾ ਨੇ ਆਪਣੀ ਹੀ ਧੀ ਦਾ ਕਤਲ ਕਰਨ ਦੇ ਮਾਮਲੇ ਵਿੱਚ ਮੁਲਜਮ ਪਿਤਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕਰ ਲਈ ਹੈ। ਲੰਘੀ 4 ਜਨਵਰੀ ਨੂੰ ਪਿੰਡ ਮਿੱਡਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਦੁਖਦਾਈ ਘਟਨਾ ਵਾਪਰੀ, ਜਿਸ ਦੌਰਾਨ ਲੜਕੀ ਚਮਨਦੀਪ ਕੌਰ ਪੁੱਤਰੀ ਹਰਪਾਲ ਸਿੰਘ ਵਾਸੀ ਪਿੰਡ ਮਿੱਡਾ ਦਾ ਉਸਦੇ ਘਰ ਅੰਦਰ ਹੀ ਕਹੀ ਦੇ ਵਾਰ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਲੜਕੀ ਦੀ ਮਾਤਾ ਜਸਵਿੰਦਰ ਕੌਰ ਪਤਨੀ ਹਰਪਾਲ ਸਿੰਘ ਉਰਫ਼ ਪਾਲਾ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਮਿੱਡਾ ਦੇ ਬਿਆਨਾਂ ਦੇ ਅਧਾਰ ਤੇ ਮੁਕਦਮਾ ਦਰਜ ਕੀਤਾ ਗਿਆ ਸੀ।
ਜਸਵਿੰਦਰ ਕੌਰ ਨੇ ਪੁਲਿਸ ਨੂੰ ਦੱਸਿਆ ਸੀ ਕਿ ਲੜਕੀ ਦਾ ਪਿਤਾ, ਜੋ ਕਿ ਉਸਦਾ ਪਤੀ ਹੈ, ਆਪਣੀ ਧੀ ਦੀ ਪੜਾਈ ਅਤੇ ਉਸਦੀ ਅਗਾਹਵਧੂ ਸੋਚ ਨੂੰ ਬਰਦਾਸ਼ਤ ਨਹੀਂ ਕਰਦਾ ਸੀ। ਇਸੇ ਕਾਰਨ ਉਸਨੇ ਕਹੀ ਨਾਲ ਵਾਰ ਕਰਕੇ ਆਪਣੀ ਹੀ ਧੀ ਦਾ ਕਤਲ ਕਰ ਦਿੱਤਾ ਅਤੇ ਵਾਰਦਾਤ ਤੋਂ ਬਾਅਦ ਕਹੀ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ।ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਨੀਅਰ ਕਪਤਾਨ ਪੁਲਿਸ ਸ੍ਰੀ ਮੁਕਤਸਰ ਸਾਹਿਬ ਵੱਲੋਂ ਦੋਸ਼ੀ ਦੀ ਤੁਰੰਤ ਗ੍ਰਿਫ਼ਤਾਰੀ ਲਈ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕਰਕੇ ਉਨ੍ਹਾਂ ਨੂੰ ਦੋਸ਼ੀ ਦੀ ਭਾਲ ਲਈ ਰਵਾਨਾ ਕੀਤਾ ਗਿਆ। ਇਸ ਦੌਰਾਨ ਪੁਲਿਸ ਨੇ ਹਰਪਾਲ ਸਿੰਘ ਉਰਫ਼ ਪਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਵਾਰਦਾਤ ਵਿੱਚ ਵਰਤੀ ਕਹੀ ਵੀ ਬਰਾਮਦ ਕਰ ਲਈ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਮੁਕਤਸਰ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ।