AAP ਸਰਪੰਚ ਕਤਲ ਕਾਂਡ! ਪੁਲਿਸ ਐਨਕਾਊਂਟਰ 'ਚ ਬਦਮਾਸ਼ ਦੀ ਮੌਤ (ਵੇਖੋ ਵੀਡੀਓ)
ਬਲਜੀਤ ਸਿੰਘ
ਭਿੱਖੀਵਿੰਡ (ਤਰਨ ਤਾਰਨ), 6 ਜਨਵਰੀ 2025- ਤਰਨ ਤਾਰਨ ਦੇ ਕਸਬਾ ਭਿੱਖੀਵਿੰਡ ਅਧੀਨ ਪੈਂਦੇ ਪਿੰਡ ਪੂਹਲਾ ਦੇ ਨਜ਼ਦੀਕ ਅੱਜ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਹੋਏ ਇੱਕ ਖ਼ੂਨੀ ਮੁਕਾਬਲੇ ਵਿੱਚ ਇੱਕ ਗੈਂਗਸਟਰ ਦੇ ਮਾਰੇ ਜਾਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਹਰਨੂਰ ਸਿੰਘ ਉਰਫ਼ ਨੂਰ ਵਾਸੀ ਕੱਥੂਨੰਗਲ ਵਜੋਂ ਹੋਈ ਹੈ, ਜੋ ਕਿ ਖ਼ਤਰਨਾਕ ਗੈਂਗਸਟਰ ਪ੍ਰਭ ਦਾਸੂਵਾਲ ਅਤੇ ਅਫਰੀਦੀ ਦਾ ਨਜ਼ਦੀਕੀ ਸਾਥੀ ਦੱਸਿਆ ਜਾ ਰਿਹਾ ਹੈ।
ਕਿਵੇਂ ਹੋਈ ਮੁੱਠਭੇੜ?
ਜਾਣਕਾਰੀ ਅਨੁਸਾਰ AGTF (ਐਂਟੀ ਗੈਂਗਸਟਰ ਟਾਸਕ ਫੋਰਸ) ਅਤੇ ਸੀਆਈਏ (CIA) ਸਟਾਫ਼ ਤਰਨ ਤਾਰਨ ਵੱਲੋਂ ਇੱਕ ਸਾਂਝੇ ਆਪਰੇਸ਼ਨ ਤਹਿਤ ਇਲਾਕੇ ਵਿੱਚ ਸਰਚ ਮੁਹਿੰਮ ਚਲਾਈ ਜਾ ਰਹੀ ਸੀ। ਇਸ ਦੌਰਾਨ ਜਦੋਂ ਪੁਲਿਸ ਪਾਰਟੀ ਨੇ ਸੁਰ ਸਿੰਘ ਵਾਲੀ ਸਾਈਡ ਤੋਂ ਪੂਹਲਾ ਵੱਲ ਆ ਰਹੇ ਇੱਕ ਸ਼ੱਕੀ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ, ਤਾਂ ਉਸ ਨੇ ਰੁਕਣ ਦੀ ਬਜਾਏ ਪੁਲਿਸ 'ਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ।
ਇਸ ਗੋਲੀਬਾਰੀ ਦੌਰਾਨ ਇੱਕ ਗੋਲੀ ਪੁਲਿਸ ਮੁਲਾਜ਼ਮ ਦੇ ਲੱਗੀ, ਪਰ ਬੁਲਟ ਪ੍ਰੂਫ ਜੈਕਟ ਪਾਈ ਹੋਣ ਕਾਰਨ ਜਵਾਨ ਦੀ ਜਾਨ ਬਚ ਗਈ। ਪੁਲਿਸ ਵੱਲੋਂ ਜਵਾਬੀ ਕਾਰਵਾਈ ਵਿੱਚ ਕੀਤੀ ਗਈ ਫਾਇਰਿੰਗ ਦੌਰਾਨ ਗੈਂਗਸਟਰ ਹਰਨੂਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਨਜ਼ਦੀਕੀ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਵੱਡੀਆਂ ਵਾਰਦਾਤਾਂ ਵਿੱਚ ਸੀ ਸ਼ਮੂਲੀਅਤ
ਮੌਕੇ 'ਤੇ ਪਹੁੰਚੇ ਡੀਆਈਜੀ ਫਿਰੋਜ਼ਪੁਰ ਰੇਂਜ, ਸਨੇਹਦੀਪ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਲਾਕ ਹੋਇਆ ਗੈਂਗਸਟਰ ਹਰਨੂਰ ਸਿੰਘ ਕਈ ਸੰਗੀਨ ਜ਼ੁਰਮਾਂ ਵਿੱਚ ਲੋੜੀਂਦਾ ਸੀ। ਉਹ ਵਲਟੋਹਾ ਦੇ ਸਰਪੰਚ ਜਰਮਲ ਸਿੰਘ ਦੀ ਰੈਕੀ ਕਰਨ ਅਤੇ ਉਨ੍ਹਾਂ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਗੈਂਗਸਟਰ ਅਫਰੀਦੀ ਅਤੇ ਪ੍ਰਭ ਦਾਸੂਵਾਲ ਦਾ ਮੁੱਖ ਗੁਰਗਾ ਸੀ।
"ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਹ ਇਲਾਕੇ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸੀ। ਪੁਲਿਸ ਨੇ ਆਤਮ-ਰੱਖਿਆ ਵਿੱਚ ਗੋਲੀ ਚਲਾਈ, ਜਿਸ ਵਿੱਚ ਦੋਸ਼ੀ ਮਾਰਿਆ ਗਿਆ।" - ਸਨੇਹਦੀਪ ਸ਼ਰਮਾ (DIG)
ਪੁਲਿਸ ਵੱਲੋਂ ਇਲਾਕੇ ਨੂੰ ਸੀਲ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।