SGPC ਨੇ ਇੱਕ ਪਰਿਵਾਰ ਦਾ ਪੱਖ ਪੂਰ ਕੇ ਆਪਣੀ ਸ਼ਾਨ ਨੂੰ ਲਗਾਈ ਢਾਹ-ਸਪੀਕਰ ਸੰਧਵਾਂ
ਚੰਡੀਗੜ੍ਹ 7 ਜਨਵਰੀ 2026- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਅਹੁਦਾ ਬਹੁਤ ਉੱਚਾ ਅਤੇ ਸਤਿਕਾਰਯੋਗ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੀ ਦੁਰਵਰਤੋਂ ਇੱਕ ਅਜਿਹੇ ਪਰਿਵਾਰ ਵੱਲੋਂ ਆਪਣੇ ਸਿਆਸੀ ਹਿੱਤਾਂ ਲਈ ਕੀਤੀ ਜਾ ਰਹੀ ਹੈ ਜਿਸਦਾ ਇਸ ਉੱਤੇ ਪੂਰਾ ਕੰਟਰੋਲ ਹੈ। ਇਸ ਦੇ ਨਤੀਜੇ ਵਜੋਂ ਐਸ.ਜੀ.ਪੀ.ਸੀ. ਦੀ ਸ਼ਾਨ ਨੂੰ ਢਾਹ ਲੱਗ ਰਹੀ ਹੈ।
ਉਨ੍ਹਾਂ ਜਥੇਦਾਰ ਗੜਗੱਜ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਆਪਣੇ ਗੁਨਾਹਾਂ ਕਬੂਲਣ ਵਾਲੇ ਪਰਿਵਾਰ ਦੀ ਰੱਖਿਆ ਨਾ ਕਰਨ। ਉਨ੍ਹਾਂ ਕਿਹਾ ਕਿ ਗੜਗੱਜ ਸਾਹਿਬ ਨੂੰ ਸਮੁੱਚੇ ਪੰਥ ਲਈ ਜਥੇਦਾਰ ਵਜੋਂ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 328 ਸਰੂਪਾਂ ਵਿੱਚ ਸ਼ਾਮਲ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੇ ਨਾਲ ਨਾਲ ਪੰਥਕ ਰਵਾਇਤਾਂ ਅਨੁਸਾਰ ਵੀ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੀ ਨਿਡਰ ਭੂਮਿਕਾ ਨੂੰ ਯਾਦ ਰੱਖਣਾ ਸਮੇਂ ਦੀ ਲੋੜ ਹੈ।