ਵਿਕਸਤ ਭਾਰਤ ਜੀ ਰਾਮ ਜੀ : ਭਾਜਪਾ ਨੇ ਬਠਿੰਡਾ ’ਚ ਟਕਸਾਲੀਆਂ ਨੂੰ ਹਵਾ ਲੁਆਈ
ਅਸ਼ੋਕ ਵਰਮਾ
ਬਠਿੰਡਾ ,7 ਜਨਵਰੀ 2026: ਕੇਂਦਰ ਸਰਕਾਰ ਵੱਲੋਂ ਮਨਰੇਗਾ ਯੋਜਨਾ ਨੂੰ ਵੱਡੀਆਂ ਤਬਦੀਲੀਆਂ ਨਾਲ ਬਦਲਵੇ ਰੂਪ ਵਿਕਸਤ ਭਾਰਤ ਜੀ ਰਾਮ ਜੀ ਨੂੰ ਲਾਗੂ ਕਰਨ ਅਤੇ ਉਸਾਰੂ ਪੱਖਾਂ ਤੋਂ ਜਾਣੂੰ ਕਰਵਾਉਣ ਲਈ ਭਾਜਪਾ ਨੇ ਬਠਿੰਡਾ ’ਚ ਟਕਸਾਲੀਆਂ ਨੂੰ ਹਵਾ ਲੁਆਈ ਹੈ। ਅੱਜ ਇੱਥੇ ਪ੍ਰੈਸ ਕਾਨਫਰੰਸ ਨੂੰ ਭਾਜਪਾ ਦੇ ਸੀਨੀਅਰ ਆਗੂ ਪਾਰਟੀ ਦੇ ਬੁਲਾਰੇ ਸਾਬਕਾ ਚੇਅਰਮੈਨ ਐਡਵੋਕੇਟ ਅਸ਼ੋਕ ਭਾਰਤੀ ਅਤੇ ਭਾਜਪਾ ਦਿਹਾਤੀ ਦੇ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਨੇ ਸੰਬੋਧਨ ਕੀਤਾ । ਗੁਰਪ੍ਰੀਤ ਮਲੂਕਾ ਸ਼੍ਰੋਮਣੀ ਅਕਾਲੀ ਦਲ ਚੋਂ ਬੀਜੇਪੀ ’ਚ ਸ਼ਾਮਲ ਹੋਏ ਸਨ। ਇਸ ਮੌਕੇ ਭਾਜਪਾ ਆਗੂਆਂ ਨੇ ਕਿਹਾ ਕਿ ਕਿਰਤੀਆਂ ਨੂੰ ਪਹਿਲਾਂ 100 ਦਿਨ ਦਾ ਰੋਜਗਾਰ ਦੇਣ ਦੀ ਗਰੰਟੀ ਸੀ ਜਿਸਨੂੰ ਵਧਾ ਕੇ 125. ਦਿਨ ਕੀਤਾ ਗਿਆ ਹੈ ।
ਉਨ੍ਹਾਂ ਦੱਸਿਆ ਕਿ ਇਸ ਤਹਿਤ ਪਿੰਡਾਂ ਦਾ ਵੱਧ ਤੋਂ ਵੱਧ ਵਿਕਾਸ ਕਰਵਾਉਣ ਨੂੰ ਤਰਜੀਹ ਦਿੱਤੀ ਜਾਵੇਗੀ ਜਿਸ ਸਬੰਧੀ ਫੈਸਲੇ ਲੈਣ ਦੇ ਪੰਚਾਇਤਾਂ ਨੂੰ ਅਧਿਕਾਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਸ ਯੋਜਨਾ ਅਧੀਨ ਕੰਮ ਕਰ ਰਹੇ ਤਕਨੀਕੀ ਮੁਲਾਜ਼ਮਾਂ ਲਈ ਵੀ ਬਜਟ 5 ਤੋਂ ਵਧਾਕੇ 9 ਪ੍ਰਤੀਸ਼ਤ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਾਏ ਕਿ ਸੂਬਾ ਸਰਕਾਰ ਅਤੇ ਕਾਂਗਰਸ ਇਸ ਮੱੁਦੇ ਤੇ ਲੋਕਾਂ ਨੂੰ ਗੰੁਮਰਾਹ ਕਰ ਰਹੀਆਂ ਹਨ ਖਾਸ ਤੌਰ ਤੇ ਪੰਜਾਬ ਸਰਕਾਰ ਆਪਣੀ ਅਸਫਲਤਾ ਤੇ ਪਰਦੇ ਪਾਉਣ ਲਈ ਇਸ ਯੋਜਨਾ ਤੇ ਸਵਾਲ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੀ ਕਿਸੇ ਵੀ ਯੋਜਨਾ ਨੂੰ ਲਾਗੂ ਕਰਨ ਲਈ ਸੁਹਿਰਦ ਨਹੀਂ ਹੈ।
ਭਾਜਪਾ ਆਗੂਆਂ ਨੇ ਕਿਹਾ ਕਿ ਮਨਰੇਗਾ ’ਚ ਊਣਤਾਈਆਂ ,ਪਿੰਡਾਂ ਚ ਫਰਜੀ ਕਾਰਡ ਬਣਨ ਅਤੇ ਸਮੇਂ ਸਿਰ ਭੁਗਤਾਨ ਨਾਂ ਹੋਣ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ ਜੋਕਿ ਚਿੰਤਾਜਨਕ ਪੱਖ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਦੇ ਕਿਸੇ ਵੀ ਘਪਲੇ ਦੀ ਕੋਈ ਜਾਂਚ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਕੰਮ ਕਰਨ ਸਮੇਂ ਬਾਇਓਮੈਟ੍ਰਿਕ ਹਾਜ਼ਰੀ ਦਰਜ ਹੋਵੇਗੀ ਜਿਸ ਕਰਕੇ ਫਰਜ਼ੀ ਕਾਰਡ ਚਲਾਉਣ ਦੀ ਕੋਈ ਸੰਭਾਵਨਾਂ ਹੀ ਨਹੀਂ ਰਹੇਗੀ। ਇਸ ਮੌਕੇ ਭਾਜਪਾ ਆਗੂਆਂ ਨੇ ਵਿਰੋਧੀ ਧਿਰਾਂ ਕੋਲ ਕੋਈ ਠੋਸ ਮੁੱਦਾ ਨਾਂ ਹੋਣ ਕਰਕੇ ਵਿਰੋਧੀਆਂ ਤੇੇ ਰਾਜਨੀਤੀ ਕਰਨ ਦੇ ਦੋਸ਼ ਲਾਏ। ਇਸ ਮੌਕੇ ਕਿਸਾਨ ਮੋਰਚਾ ਦੇ ਪ੍ਰਧਾਨ ਬੂਟਾ ਭਾਈਰੂਪਾ, ਯੁਵਾ ਮੋਰਚਾ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ, ਮੰਡਲ ਪ੍ਰਧਾਨ ਕਰਮਜੀਤ ਸਿੰਘ ਬੰਗੀ ਅਤੇ ਜਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਵੀ ਹਾਜ਼ਰ ਸਨ।