ਪੰਜਾਬ ਅੰਦਰ ਰੋਜਾਨਾ ਹੁੰਦੇ ਸ਼ਰੇਆਮ ਕਤਲ ਸਰਕਾਰ ਦੀ ਪੂਰੀ ਤਰਾਂ ਫੇਲ ਹੋਈ ਕਾਰਗੁਜਾਰੀ ਦਾ ਸਬੂਤ- ਅਸ਼ਵਨੀ ਸ਼ਰਮਾ
ਸਰਪੰਚ ਜਰਮਲ ਸਿੰਘ ਦੇ ਕਤਲ 'ਤੇ ਜਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਸਮੇਤ ਭਾਜਪਾ ਆਗੂਆਂ ਨੇ ਕੀਤਾ ਪਰਿਵਾਰ ਨਾਲ ਦੁੱਖ ਪ੍ਰਗਟ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ, 7 ਜਨਵਰੀ 2026- ਪੰਜਾਬ ਦੀ ਧਰਤੀ ਜੋ ਗੁਰੂਆਂ ਪੀਰਾਂ ਅਤੇ ਯੋਧਿਆਂ, ਸੂਰਬੀਰਾਂ ਦੀ ਧਰਤੀ ਹੈ, ਪਰ ਅੱਜ ਦੇ ਦੌਰ ਵਿੱਚ ਪੰਜਾਬ ਬਹੁਤ ਹੀ ਕਾਲੇ ਦਿਨਾਂ ਵਿੱਚੋਂ ਗੁਜਰ ਰਿਹਾ ਹੈ ਜਿਸ ਦਾ ਸਿੱਟਾ ਪੰਜਾਬ ਅੰਦਰ ਰੋਜਾਨਾ ਕਤਲੋਗਾਰਦ, ਗੈਂਗਸਟਰ, ਫਿਰੌਤੀਆਂ,ਡਾਕੇ ਅਤੇ ਮਨੁੱਖਤਾ ਦਾ ਘਾਣ ਹੋਣ ਕਾਰਨ ਹਰ ਪਾਸੇ ਸਹਿਮ, ਡਰ,ਦਹਿਸ਼ਤ ਬਣੀ ਹੋਈ ਹੈ। ਇਹ ਸ਼ਬਦ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਤਰਨਤਾਰਨ ਜਿਲ੍ਹੇ ਦੇ ਪਿੰਡ ਵਲਟੋਹਾ ਵਿਖੇ ਸਰਪੰਚ ਜਰਮਲ ਸਿੰਘ ਦੇ ਕਤਲ ਤੋਂ ਬਾਅਦ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਮੌਕੇ ਪ੍ਰੈੱਸ ਦੇ ਰੂਬਰੂ ਹੁੰਦਿਆਂ ਪ੍ਰਗਟ ਕੀਤੇ।
ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਾਲ ਜਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਆਪਣੇ ਜਿਲ੍ਹੇ ਦੇ ਪਾਰਟੀ ਆਗੂਆਂ ਨਾਲ ਵਿਸੇਸ਼ ਤੌਰ 'ਤੇ ਨਾਲ ਪਹੁੰਚੇ ਅਤੇ ਪੀੜਤ ਪਰਿਵਾਰ ਨਾਲ ਹਰ ਦੁੱਖ ਸੁੱਖ ਦੀ ਘੜੀ ਵਿੱਚ ਸਾਥ ਦੇਣ ਦੀ ਗੱਲ ਕਹੀ।ਇਸ ਮੌਕੇ 'ਤੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਭੰਗ ਹੋਈ ਅਮਨ ਸ਼ਾਂਤੀ,ਲਾਅ ਐਂਡ ਆਰਡਰ ਦੀ ਵਿਗੜੀ ਸਥਿਤੀ 'ਤੇ ਕਿਸੇ ਵੀ ਤਰਾਂ ਦੀ ਰਾਜਨੀਤਿਕ ਗੱਲ ਨਾ ਕਰਦੇ ਹੋਏ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪ੍ਰਸ਼ਾਸ਼ਨ ਜਾਗਣ ਦੀ ਨਸੀਹਤ ਦਿੰਦੇ ਹੋਏ ਪੰਜਾਬੀਆਂ ਦੇ ਲਗਾਤਾਰ ਹੋ ਰਹੇ ਕਤਲਾਂ 'ਤੇ ਚਿੰਤਾ ਜਾਹਰ ਕਰਦੇ ਹਨ ਕਿ ਆਖਰ ਕਿੰਨੀ ਦੇਰ ਹੋਰ ਪੰਜਾਬ ਅੰਦਰ ਇਵੇਂ ਸ਼ਰੇਆਮ ਗੁੰਡਾ ਲੋਕ ਆਪਣੀਆਂ ਮਨਮਾਨੀਆਂ ਕਰਦੇ ਰਹਿਣਗੇ ਅਤੇ ਕਿੰਨੀ ਦੇਰ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਵੇਂ ਹੀ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਦੀ ਰਹੇਗੀ।
ਅਸ਼ਵਨੀ ਸ਼ਰਮਾ ਨੇ ਸਰਪੰਚ ਜਰਮਲ ਸਿੰਘ ਦੇ ਪਰਿਵਾਰ ਨਾਲ ਡੂੰਘਾ ਦੁੱਖ ਜਾਹਿਰ ਕਰਨ ਤੋਂ ਬਾਅਦ ਇਹ ਵੀ ਕਿਹਾ ਕਿ ਪੰਜਾਬ ਪਹਿਲਾਂ ਹੀ ਬੁਰੀਆਂ ਮਾਰਾਂ ਝੱਲ ਚੁੱਕਾ ਹੈ ਇਸ ਲਈ ਅਗਰ ਪੰਜਾਬ ਦੀ ਵਾਗਡੋਰ ਸੰਭਾਲਣ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨਾਂ ਦੀ ਕੈਬਨਿਟ ਤੇ ਪ੍ਰਸਾਸ਼ਨ ਬੇਵੱਸ ਹੈ ਤਾਂ ਉਨਾਂ ਨੂੰ ਆਪਣੀ ਫੇਲ ਸਾਬਤ ਹੋ ਚੁੱਕੀ ਕਾਰਗੁਜਾਰੀ ਨੂੰ ਵੇਖ ਕੇ ਤੁਰੰਤ ਸੱਤਾ ਛੱਡ ਦੇਣੀ ਚਾਹੀਦੀ ਹੈ ਤਾਂ ਜੋ ਰੋਜਾਨਾ ਇਵੇਂ ਹੀ ਹੱਸਦੇ ਵੱਸਦੇ ਘਰ ਨਾ ਉਜੜਣ ਕਿਉਂਕਿ ਗੈਂਗਸਟਰ,ਫਿਰੌਤੀਆਂ ਅਤੇ ਕਤਲੋਗਾਰਦ ਨੂੰ ਅੰਜਾਮ ਦੇਣ ਵਾਲੇ ਲੋਕ ਪਤਾ ਨਹੀਂ ਪੰਜਾਬ ਪੁਲਸ ਕੋਲੋਂ ਕਿਵੇਂ ਬਚ ਰਹੇ ਹਨ ਅਤੇ ਜਾਣਬੁੱਝ ਕੇ ਉਨਾਂ ਤੱਕ ਆਪਣੀ ਪਹੁੰਚ ਬਨਾਉਣ ਵਿੱਚ ਆਪ ਹੀ ਦੇਰੀ ਕੀਤੀ ਜਾ ਰਹੀ ਹੈ।
ਇਸ ਮੌਕੇ 'ਤੇ ਜਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਇਸ ਵਾਪਰੇ ਦੁਖਾਂਤ ਤੇ ਕਿਹਾ ਕਿ ਜਿਲਾ ਤਰਨਤਾਰਨ ਵਿੱਚ ਕੋਈ ਵੀ ਦਿਨ ਐਸਾ ਨਹੀਂ ਜਿਸ ਦਾ ਕਿਸੇ ਗੋਲੀ ਕਾਂਡ, ਕਤਲ ਅਤੇ ਫਿਰੌਤੀ ਦੀ ਗੱਲ ਨਾ ਸੁਣੀ ਹੋਵੇ,ਇਸ ਕਰਕੇ ਇਹ ਸਰਹੱਦੀ ਜਿਲ੍ਹਾ ਹੋਣ ਕਰਕੇ ਇੱਥੇ ਆਪ ਸਰਕਾਰ ਦੀ ਕਮਾਂਡ ਬਿਲਕੁਲ ਫੇਲ ਸਾਬਤ ਹੋ ਚੁੱਕੀ ਹੈ ਪੰਜਾਬ ਨੂੰ ਇੱਕ ਲੋਕਾਂ ਦੀ ਸੁਰੱਖਿਆ ਅਤੇ ਇਮਾਨਦਾਰ ਅਕਸ਼ ਵਾਲੀ ਸਰਕਾਰ ਅਤੇ ਮੁੱਖ ਮੰਤਰੀ ਦੀ ਸਖਤ ਜਰੂਰਤ ਹੈ, ਕਿਉਂਕਿ ਆਪ ਸਰਕਾਰ ਵਿੱਚ ਐਸਾ ਕੋਈ ਵੀ ਕਾਬਲ ਵਜੀਰ ਜਾਂ ਆਗੂ ਨਹੀਂ ਹੈ ਜੋ ਜਨਤਾ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰ ਸਕੇ।
ਇਸ ਮੌਕੇ 'ਤੇ ਪ੍ਰਦੇਸ਼ ਸਕੱਤਰ ਸੂਰਜ ਭਾਰਦਵਾਜ,ਜਿਲਾ ਸਹਿ ਪ੍ਰਭਾਰੀ ਨਰੇਸ਼ ਸ਼ਰਮਾ, ਸੀਨੀਅਰ ਆਗੂ ਦਲਬੀਰ ਸਿੰਘ ਅਲਗੋਂ ਕੋਠੀ,ਸੀਨੀਅਰ ਆਗੂ ਸ਼ਿਵ ਬੀਰ ਸਿੰਘ ਰਾਜਨ ਗੁਰਦਾਸਪੁਰ, ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ,ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ,ਉੱਪ ਪ੍ਰਧਾਨ ਐਡੋਵਕੇਟ ਜਸਕਰਨ ਸਿੰਘ ਗਿੱਲ, ਉੱਪ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਭੁੱਲਰ,ਉੱਪ ਪ੍ਰਧਾਨ ਰਿਤੇਸ਼ ਚੋਪੜਾ,ਕਿਸਾਨ ਮੋਰਚਾ ਪ੍ਰਧਾਨ ਡਾ.ਅਵਤਾਰ ਸਿੰਘ ਵੇਈਂਪੂਈ,ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ, ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ,ਮਾਸਟਰ ਬਲਦੇਵ ਸਿੰਘ ਮੰਡ,ਰਾਜ ਕੁਮਾਰ ਚੋਪੜਾ, ਕੌਂਸਲਰ ਕ੍ਰਿਤੀ ਅਰੋੜਾ ਅੰਮ੍ਰਿਤਸਰ ਤੋਂ ਇਲਾਵਾ ਹੋਰ ਵੀ ਪਾਰਟੀ ਆਗੂ ਸਾਹਿਬਾਨ ਮੌਜੂਦ ਸਨ।