Political Special ਭੁੱਚੋ ਰੈਲੀ ਲਈ ਸੱਦੀ ਮੀਟਿੰਗ ਮੌਕੇ ਕਾਂਗਰਸੀਆਂ ’ਚ ਖੜਕੀ ਦਾ ਖੜਕਾ ਦੜਕਾ ਹੋਣ ਦੀ ਚਰਚਾ
ਅਸ਼ੋਕ ਵਰਮਾ
ਬਠਿੰਡਾ ,7 ਜਨਵਰੀ 2026: ਮਨਰੇਗਾ ਤੋੜਨ ਖਿਲਾਫ ਰੈਲੀ ਲਈ ਸੱਦੀ ਮੀਟਿੰਗ ਦੌਰਾਨ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਅਤੇ ਕਾਂਗਰਸੀ ਆਗੂ ਜਸ਼ਨਦੀਪ ਸਿੰਘ ਚਹਿਲ ਦੇ ਧੜਿਆਂ ਵਿਚਕਾਰ ਖੜਕ ਗਈ ਹੈ ਜਿਸ ਤੋਂ ਵਿਧਾਨ ਸਭਾ ਹਲਕਾ ਰਾਮਪੁਰਾ ਦਾ ਸਿਆਸੀ ਮੈਦਾਨ ਭਖਣ ਦੇ ਆਸਾਰ ਬਣ ਗਏ ਹਨ। ਹਾਲਾਂਕਿ ਕਾਂਗਰਸੀਆਂ ਵਿੱਚ ਰਸਾਕਸ਼ੀ ਕੋਈ ਨਵੀਂ ਨਹੀਂ ਪਰ ਤੂੰ ਤੂੰ ਮੈਂ ਮੈਂ ਤੋਂ ਸ਼ੁਰੂ ਹੋਈ ਤਕਰਾਰ ਤੋਂ ਬਾਅਦ ਗੱਲ ਧੱਕਾ ਮੁੱਕੀ ਤੱਕ ਪੁੱਜਣ ਨੇ ਕਾਂਗਰਸ ਦੀ ਅੰਦਰੂਨੀ ਜੰਗ ਸੜਕਾਂ ਤੇ ਲੈਆਂਦੀ ਹੈ। ਦਰਅਸਲ ਇੰਚਾਰਜ ਰਵਿੰਦਰ ਡਾਲਵੀ ਦੀਆਂ ਹਦਾਇਤਾਂ ਤਹਿਤ ਸ਼ਹਿਰੀ ਅਤੇ ਦਿਹਾਤੀ ਜਿਲ੍ਹਾ ਪ੍ਰਧਾਨਾਂ ਨੇ 11 ਜਨਵਰੀ ਦੀ ਭੁੱਚੋ ਮੰਡੀ ਰੈਲੀ ਨੂੰ ਸਫਲ ਬਨਾਉਣ ਅਤੇ ਵਰਕਰਾਂ ਦੇ ਵੱਡੇ ਇਕੱਠ ਲਈ ਮੀਟਿੰਗ ਸੱਦੀ ਸੀ। ਇਸ ਮੌਕੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਆਪਣੇ ਸਮਰਥਕਾਂ ਨਾਲ ਪੁੱਜੇ ਸਨ। ਇਸ ਤੋਂ ਬਿਨਾਂ ਰਾਮਪੁਰਾ ਹਲਕੇ ’ਚ ਸਰਗਰਮ ਕਾਂਗਰਸੀ ਆਗੂ ਜਸ਼ਨਦੀਪ ਚਹਿਲ ਵੀ ਆਪਣੇ ਹਮਾਇਤੀਆਂ ਨਾਲ ਹਾਜ਼ਰ ਸਨ।
ਜਦੋਂ ਡਾਲਵੀ ਕਾਂਗਰਸੀ ਆਗੂਆਂ ਨੂੰ ਵਰਕਰਾਂ ਜਾਂ ਹਮਾਇਤੀਆਂ ਦੀਆਂ ਬੱਸਾਂ ਭਰ ਕੇ ਲਿਆਉਣ ਲਈ ਕਹਿ ਰਹੇ ਸਨ ਤਾਂ ਇਸ ਦੌਰਾਨ ਦੋਵਾਂ ਆਗੂਆਂ ਦੇ ਹਮਾਇਤੀ ਇੱਕ ਦੂਸਰੇ ਨਾਲ ਤਕਰਾਰ ਸ਼ੁਰੂ ਕਰ ਦਿੱਤੀ। ਸੂਤਰ ਦੱਸਦੇ ਹਨ ਕਿ ਕਮਰੇ ਨੂੰ ਅੰਦਰੋਂ ਕੁੰਡੀ ਲੱਗੀ ਹੋਈ ਸੀ ਜਿਸ ਦੇ ਚੱਲਦਿਆਂ ਦੋਵੇਂ ਧਿਰਾਂ ਆਪਸ ’ਚ ਕਾਫੀ ਧੱਕਾ ਮੁੱਕੀ ਹੋਈ। ਮਹੌਲ ਵਿਗੜਦਾ ਦੇਖ ਜਦੋਂ ਕਮਰੇ ਦੀ ਕੁੰਡੀ ਖੋਹਲੀ ਗਈ ਤਾਂ ਦੋਵਾਂ ਧੜਿਆਂ ਨੇ ਇੱਕ ਦੂਸਰੇ ਖਿਲਾਫ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਕਾਂਗੜ ਅਤੇ ਜਸ਼ਨ ਗਰੁੱਪ ਦੇ ਹਮਾਇਤੀਆਂ ਨੇ ਇੱਕ ਦੂਸਰੇ ਤੇ ਗੰਭੀਰ ਦੋਸ਼ ਲਾਏ। ਇਸ ਸਬੰਧ ’ਚ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਘੁੰਮ ਰਹੀ ਹੈ ਜਿਸ ’ਚ ਦੋਵੇਂ ਧਿਰਾਂ ਤਕਰਾਰਬਾਜੀ ਕਰਦੀਆਂ ਨਜ਼ਰ ਆ ਰਹੀਆਂ ਹਨ। ਕਾਂਗਰਸੀ ਸੂਤਰਾਂ ਅਨੁਸਾਰ ਇਸ ਮੌਕੇ ਕਾਫੀ ਗਾਲੀ ਗਲੋਚ ਵੀ ਹੋਇਆ। ਮਹੱਤਵਪੂਰਨ ਤੱਥ ਹੈ ਕਿ ਜਦੋਂ ਇਹ ਘਟਨਾਂ ਵਾਪਰੀ ਤਾਂ ਰਵਿੰਦਰ ਡਾਲਵੀ ਕਮਰੇ ਦੇ ਅੰਦਰ ਮੌਜੂਦ ਸਨ ।
ਦੱਸਣਯੋਗ ਹੈ ਕਿ ਜਸ਼ਨ ਚਹਿਲ ਨੂੰ ਉਦੋਂ ਰਾਮਪੁਰਾ ਹਲਕੇ ਦੀ ਦੇਖ ਰੇਖ ਲਈ ਭੇਜਿਆ ਗਿਆ ਸੀ ਜਦੋਂ ਕਾਂਗੜ ਭਾਜਪਾ ’ਚ ਸ਼ਾਮਲ ਹੋ ਗਏ ਸਨ। ਚਹਿਲ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਜ਼ਦੀਕੀ ਮੰਨਿਆ ਜਾਂਦਾ ਹੈ ਜੋ ਹਲਕੇ ਵਿੱਚ ਲਗਾਤਾਰ ਸਰਗਰਮ ਹਨ। । ਇਸੇ ਦੌਰਾਨ ਕਾਂਗੜ ਨੇ ਘਰ ਵਾਪਸੀ ਕਰ ਲਈ ਜਿਸ ਕਰਕੇ ਇੱਕ ਮਿਆਨ ’ਚ ਦੋ ਤਲਵਾਰਾਂ ਹੋਣ ਵਰਗੀ ਸਥਿਤ ਬਣਨ ਕਾਰਨ ਦੋਵਾਂ ਵਿਚਕਾਰ ਸਿਆਸੀ ਰੰਜਿਸ਼ ਚੱਲਦੀ ਆ ਰਹੀ ਸੀ ਜੋ ਮੀਟਿੰਗ ਦੌਰਾਨ ਬਾਹਰ ਆ ਗਈ। ਗੁਰਪ੍ਰੀਤ ਕਾਂਗੜ ਦਾ ਕਹਿਣਾ ਸੀ ਕਿ ਹੋਰਨਾਂ ਹਲਕਿਆਂ ਦੇ ਲੋਕ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੇ ਹਨ। ਬਿਨਾਂ ਕਿਸੇ ਦਾ ਨਾਮ ਲਿਆਂ ਕਾਂਗੜ ਨੇ ਕਿਹਾ ਕਿ ਹਾਈਕਮਾਂਡ ਨੂੰ ਇਸ ਤਰਫ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੀਟਿੰਗ ’ਚ ਅਕਾਲੀ ਅਤੇ ਆਪ ਵਰਕਰ ਵੀ ਹਾਜ਼ਰ ਸਨ ਜਿੰਨ੍ਹਾਂ ਨੇ ਬਿਨਾਂ ਕਿਸੇ ਗੱਲੋਂ ਰੌਲਾ ਰੱਪਾ ਪੁਆਇਆ ਹੈ।
ਦਿਹਾਤੀ ਹਲਕੇ ’ਚ ਵੀ ਰੱਫੜ
ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਆਗੂਆਂ ਵਿਚਕਾਰ ਵੀ ਮੀਟਿੰਗ ਦੌਰਾਨ ਰੱਫੜ ਪੈਣ ਦੀ ਗੱਲ ਸਾਹਮਣੇ ਆ ਰਹੀ ਹੈ ਜਿੱਥੇ ਦੋ ਧਿਰਾਂ ’ਚ ਤਿੱਖੀ ਬਹਿਸ ਹੋਈ। ਜਾਣਕਾਰੀ ਅਨੁਸਾਰ ਦਿਹਾਤੀ ਹਲਕੇ ਨਾਲ ਸਬੰਧਤ ਬਲਾਕ ਪ੍ਰਧਾਨ ਮਨਜੀਤ ਸਿੰਘ ਅਤੇ ਕਿਸਾਨ ਕਾਂਗਰਸ ਦੇ ਸੀਨੀਅਰ ਆਗੂ ਮਨਜੀਤ ਸਿੰਘ ਕੋਟਫੱਤਾ ਦੇ ਹਮਾਇਤੀ ਆਪਸ ’ਚ ਉਲਝ ਗਏ ਅਤੇ ਤਕਰਾਰ ਧੱਕਾ ਮੁੱਕੀ ਤੱਕ ਪੁੱਜ ਗਈ। ਇਸ ਮੌਕੇ ਹਾਜ਼ਰ ਕੁੱਝ ਕਾਂਗਰਸੀ ਆਗੂਆਂ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ। ਇਹ ਮਾਮਲਾ ਵੀ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਹਲਕਾ ਜੈਤੋ ਵੀ ਨਹੀਂ ਅਛੂਤਾ
ਵਿਧਾਨ ਸਭਾ ਹਲਕਾ ਜੈਤੋ ਰਾਖਵਾਂ ਵੀ ਇਸ ਮੀਟਿੰਗ ਦੌਰਾਨ ਕਾਂਗਰਸੀਆਂ ਦੇ ਕਾਟੋ ਕਲੇਸ਼ ਤੋਂ ਅਛੂਤਾ ਨਹੀਂ ਰਿਹਾ। ਇਸ ਹਲਕੇ ਦੇ ਇੱਕ ਬਲਾਕ ਪ੍ਰਧਾਨ ਨੂੰ ਜਦੋਂ ਬੱਸ ਭਰ ਕੇ ਲਿਆਉਣ ਲਈ ਕਿਹਾ ਤਾਂ ਉਸ ਦਾ ਕਹਿਣਾ ਸੀ ਕਿ ਟਿਕਟਾਂ ਦੀ ਵੰਡ ਸਹੀ ਨਾਂ ਹੋਣ ਕਾਰਨ ਹਲਕਾ ਜੈਤੋ ਤੋਂ ਕਾਂਗਰਸ ਹਾਰੀ ਹੈ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਨੇ ਟਿਕਟਾਂ ਵੰਡੀਆਂ ਹਨ ਹੁਣ ਉਹੀ ਬੱਸਾਂ ਭਰਕੇ ਲਿਆਉਣ, ਬਲਾਕ ਪ੍ਰਧਾਨ ਦੀ ਕਿਹੜਾ ਬੱਸ ਚੱਲਦੀ ਹੈ। ਇੱਕ ਕਾਂਗਰਸੀ ਆਗੂ ਨੇ ਕਿਹਾ ਕਿ ਜੈਤੋ ਹਲਕੇ ’ਚ ਕਾਂਗਰਸ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਫਿਰ ਵੀ ਆਗੂ ਆਪਸ ’ਚ ਉਲਝ ਰਹੇ ਹਨ।
ਮੇਰੇ ਸਾਹਮਣੇ ਕੁੱਝ ਨਹੀਂ ਹੋਇਆ:ਡਾਲਵੀ
ਆਲ ਇੰਡੀਆ ਕਾਂਗਰਸ ਦੇ ਸਕੱਤਰ ਅਤੇ ਇੰਚਾਰਜ ਰਵਿੰਦਰ ਡਾਲਵੀ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਸਾਹਮਣੇ ਨਾਂ ਕੋਈ ਤਕਰਾਰ ਜਾਂ ਕੋਈ ਝਗੜਾ ਨਹੀਂ ਹੋਇਆ ਹੈ। ਉਨ੍ਹਾਂ ਆਖਿਆ ਕਿ ਇਸ ਮੌਕੇ ਵੱਖ ਵੱਖ ਹਲਕਿਆਂ ਨਾਲ ਸਬੰਧਤ ਕਾਂਗਰਸੀ ਆਗੂਆਂ ਨੂੰ ਭੁੱਚੋ ਰੈਲੀ ’ਚ ਪਾਰਟੀ ਸਮਰਥਕਾਂ ਨੂੰ ਲਿਆਉਣ ਅਤੇ ਪਿੰਡਾਂ ’ਚ ਲਾਮਬੰਦੀ ਮੁਹਿੰਮ ਚਲਾਉਣ ਲਈ ਹਦਾਇਤਾਂ ਕੀਤੀਆਂ ਗਈਆਂ ਹਨ।
ਮਾੜੀ ਮੋਟੀ ਨਰਾਜ਼ਗੀ: ਕੋਟਭਾਈ
ਬਠਿੰਡਾ ਜਿਲ੍ਹਾ ਦਿਹਾਤੀ ਕਾਂਗਰਸ ਕਮੇਟੀ ਦੇ ਪ੍ਰਧਾਨ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦਾ ਕਹਿਣਾ ਸੀ ਕਿ ਪਾਰਟੀ ਵਰਕਰਾਂ ਵਿਚਕਾਰ ਛੋਟੀ ਮੋਟੀ ਨਰਾਜ਼ਗੀ ਹੋ ਜਾਣਾ ਸਧਾਰਨ ਗੱਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਪੂਰੀ ਤਰਾਂ ਇੱਕ ਜੁੱਟ ਹੈ ਅਤੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਭਾਰੀ ਬਹੁਮੱਤ ਨਾਲ ਆਪਣੀ ਸਰਕਾਰ ਬਣਾਏਗੀ।