ਪਲਸ ਮੰਚ ਦਾ ਸੂਬਾਈ ਸਮਾਗਮ 25 ਜਨਵਰੀ ਨੂੰ ਗੁਰਸ਼ਰਨ ਕਲਾ ਭਵਨ ਵਿਖੇ ਹੋਏਗਾ
ਜਲੰਧਰ, 6 ਜਨਵਰੀ 2025- ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਤੇ 25 ਜਨਵਰੀ ਨੂੰ ਦਹਾਕਿਆਂ ਤੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਅਤੇ ਵੱਖ ਵੱਖ ਥਾਵਾਂ ਤੇ ਹੁੰਦਾ ਆ ਰਿਹਾ ਯਾਦਗਾਰੀ ਸਮਾਗਮ ਇਸ ਵਾਰ 25 ਜਨਵਰੀ ਦਿਨੇ 11 ਵਜੇ ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ ਵਿਖੇ ਬਹੁਤ ਹੀ ਠੁੱਕਦਾਰ ਅਤੇ ਸ਼ਾਨਦਾਰ ਅੰਦਾਜ਼ ਵਿੱਚ ਕੀਤਾ ਜਾਏਗਾ ।
ਅੱਜ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਕਮੇਟੀ ਦੀ ਮੀਟਿੰਗ ਚ ਲਏ ਫੈਸਲਿਆਂ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮੰਚ ਦੇ ਕਾਰਜਕਾਰੀ ਸਕੱਤਰ ਹਰਕੇਸ਼ ਚੌਧਰੀ ਨੇ ਦੱਸਿਆ ਕਿ 25 ਜਨਵਰੀ ਠੀਕ 11 ਵਜੇ ਇਹ ਸਮਾਗਮ 'ਲੋਕਾਂ ਦਾ ਮੀਤ : ਗੀਤ ਸੰਗੀਤ' ਦੇ ਪਹਿਲੇ ਸੈਸ਼ਨ ਨਾਲ ਸ਼ੁਰੂ ਹੋਏਗਾ ।
ਇਸ ਸੈਸ਼ਨ ਚ ਲੋਕ ਸੰਗੀਤ ਮੰਡਲੀ ਭਦੌੜ, ਇਨਕਲਾਬੀ ਕਵੀਸਰੀ ਜੱਥਾ ਰਸੂਲਪੁਰ, ਨਰਗਿਸ ਮਾਨਵਤਾ ਕਲਾ ਮੰਚ ਨਗਰ, ਧਰਮਿੰਦਰ ਮਸਾਣੀ ਲੋਕ ਸੰਗੀਤ ਮੰਡਲੀ ਮਸਾਣੀ, ਜਗਸੀਰ ਜੀਦਾ ਲੋਕ ਸੰਗੀਤ ਮੰਡਲੀ ਜੀਦਾ ਅਤੇ ਅਜਮੇਰ ਅਕਲੀਆ ਆਪਣੇ ਗੀਤਾਂ ਨਾਲ ਸਮਾਗਮ 'ਚ ਸੰਗੀਤਕ ਰੰਗ ਭਰਨਗੇ।
ਦੂਜੇ ਸੈਸ਼ਨ ਚ 'ਲੋਕਾਂ ਦਾ ਸੰਗੀ ਸਾਥੀ: ਸਾਹਿਤ ਅਤੇ ਸਭਿਆਚਾਰ' ਵਿਸ਼ੇ ਤੇ ਵਿਚਾਰ ਚਰਚਾ ਹੋਏਗੀ। ਇਸ ਵਿਚਾਰ ਚਰਚਾ ਚ ਡਾ. ਨਰਸ਼ਰਨ, ਡਾ. ਅਰੀਤ ਅਤੇ ਮਨਜੀਤ ਔਲਖ ਨੂੰ ਉਚੇਚੇ ਤੌਰ ਤੇ ਬੁਲਾਵਾ ਭੇਜਿਆ ਗਿਆ ਹੈ।
ਤੀਜੇ ਸੈਸ਼ਨ ਚ ਗੁਰਸ਼ਰਨ ਸਿੰਘ ਦੁਆਰਾ ਰਚਿਤ ਨਾਟਕ 'ਸਿਉਂਕ' ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਟੀਮ ਹਰਕੇਸ਼ ਚੌਧਰੀ ਦੀ ਅਗਵਾਈ ਵਿੱਚ ਦਰਸ਼ਕਾਂ ਦੇ ਰੂਬਰੂ ਕਰੇਗੀ। ਇਸ ਸਮਾਗਮ ਦਾ ਇੱਕ ਵਿਲੱਖਣ ਰੰਗ ਹੋਏਗਾ ਪ੍ਰੋਫੈਸਰ ਅਜਮੇਰ ਸਿੰਘ ਔਲਖ ਯਾਦਗਾਰੀ ਓਪਨ ਏਅਰ ਥੀਏਟਰ ਦੀ ਆਧਾਰ ਸ਼ਿਲਾ ਦਾ ਗੁਰਸ਼ਰਨ ਕਲਾ ਭਵਨ ਦੇ ਵਿਹੜੇ ਵਿੱਚ ਉਦਘਾਟਨ ਕਰਨਾ।
ਜਿਕਰ ਯੋਗ ਹੈ ਕਿ ਇਸ ਸਮਾਗਮ 'ਚ ਪੰਜਾਬ ਦੇ ਲੇਖਕਾਂ ਸਾਹਿਤਕਾਰਾਂ ਬੁੱਧੀਜੀਵੀਆਂ ਰੰਗਕਰਮੀਆਂ ਤਰਕਸ਼ੀਲਾਂ ਚਿਤਰ/ਫੋਟੋ ਕਲਾਕਾਰਾਂ ਅਤੇ ਮਿਹਨਤਕਸ਼ ਤਬਕਿਆਂ ਦੀਆਂ ਸਮੂਹ ਜਨਤਕ ਜਥੇਬੰਦੀਆਂ ਦੇ ਪ੍ਰਤੀਨਿਧਾਂ ਦੀ ਮਿਲਣੀ ਖਿੱਚ ਅਤੇ ਅਰਥ ਭਰਪੂਰ ਹੋਏਗੀ। ਇਸ ਮਿਲਣੀ ਵਿੱਚ ਕਲਮ, ਕਲਾ ਅਤੇ ਸੰਗਰਾਮ ਦੀ ਪ੍ਰਸਪਰ ਜੋਟੀ ਮਜਬੂਤ ਕਰਨ ਦਾ ਅਹਿਦ ਲਿਆ ਜਾਏਗਾ।