ਘਰਾਂ 'ਚ ਵੜਿਆ ਛੱਪੜ ਦਾ ਗੰਦਾ ਪਾਣੀ, ਪਿੰਡ ਵਾਸੀ ਗਲੀਆ ਵਿੱਚੋਂ ਗੰਦੇ ਪਾਣੀ ਵਿੱਚੋਂ ਲੰਘਣ ਲਈ ਮਜਬੂਰ, ਬੱਚੇ ਨਹੀਂ ਜਾ ਸਕਦੇ ਸਕੂਲ
ਇਸ ਤੋਂ ਵੱਧ ਨਰਕ ਵੀ ਕੀ ਹੋਏਗਾ
ਰੋਹਿਤ ਗੁਪਤਾ, ਗੁਰਦਾਸਪੁਰ -
ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਬੋਹਜਾ ਦੇ ਵਾਸੀਆਂ ਦੀ ਜ਼ਿੰਦਗੀ ਕਿਸੇ ਨਰਕ ਤੋਂ ਘੱਟ ਨਹੀਂ ਹੈ।ਪਿਛਲੇ ਲੰਬੇ ਸਮੇਂ ਤੋਂ ਛੱਪੜ ਦੀ ਸਾਫ਼ ਸਫ਼ਾਈ ਨਾ ਹੋਣ ਕਾਰਨ ਗਲੀਆਂ ਵਿਚ ਖੜ੍ਹੇ ਗੰਦੇ ਪਾਣੀ ਵਿੱਚੋਂ ਲੰਘਣ ਲਈ ਪਿੰਡ ਵਾਸੀ ਮਜਬੂਰ ਹੋ ਰਹੇ ਹਨ । ਹਾਲਾਤ ਇਹ ਹੈ ਕਿ ਘਰਾਂ ਵਿੱਚ ਵੀ ਗੰਦਾ ਪਾਣੀ ਵੜ ਗਿਆ ਹੈ ਤੇ ਚਾਰ ਚੁਫੇਰੇ ਗੰਦ ਦਾ ਪਾਣੀ ਹੀ ਨਜ਼ਰ ਆਉਂਦਾ ਹੈ । ਰੋਜਾਨਾ ਕੰਮ ਕਾਰ ਲਈ ਘਰੋਂ ਨਿਕਲਣ ਵਾਲੇ ਤਾਂ ਕਿਸੇ ਤਰ੍ਹਾਂ ਗੰਦੇ ਪਾਣੀ ਵਿੱਚੋਂ ਨਿਕਲ ਜਾਂਦੇ ਹਨ ਪਰ ਸਕੂਲੀ ਬੱਚੇ ਸਕੂਲ ਤੱਕ ਨਹੀਂ ਜਾ ਸਕਦੇ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੀ ਸਰਪੰਚਣੀ ਜਸਬੀਰ ਕੌਰ , ਅਤੇੇੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਜਿਥੇ ਗਲੀਆਂ ਵਿੱਚ ਖੜ੍ਹੇ ਗੰਦੇ ਪਾਣੀ ਵਿੱਚੋ ਲੰਘਣ ਨਾਲ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ ਉਥੇ ਹੀ ਇਸ ਗੰਦੇ ਪਾਣੀ ਦੀ ਸਮੱਸਿਆ ਨੂੰ ਲੈਕੇ ਕਈ ਵਾਰ ਹਲਕਾ ਵਿਧਾਇਕ ਨੂੰ ਜਾਣੂ ਕਰਵਾ ਚੁੱਕੇ ਹਾਂ। ਪਰ ਇਸ ਗੰਦੇ ਪਾਣੀ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਇਸ ਮੌਕੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਜੇਕਰ ਇੱਕ ਹਫ਼ਤੇ ਤੱਕ ਇਸ ਗੰਦੇ ਪਾਣੀ ਦੀ ਸਮੱਸਿਆ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਅਸੀਂ ਸੜਕ ਤੇ ਜਾਮ ਲਗਾਉਣ ਲਈ ਮਜਬੂਰ ਹੋਵਾਂਗੇ। ਜਿਸ ਦੀ ਜ਼ਿਮੇਵਾਰੀ ਹਲਕਾ ਵਿਧਾਇਕ ਅਤੇ ਬੀਡੀਪੀਓ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਹੋਵੇਗੀ।