MP ਸੀਚੇਵਾਲ ਨੇ ਅਧਿਕਾਰੀਆਂ ਦੀ ਲਾਈ ਕਲਾਸ- ਸੁਲਤਾਨਪੁਰ ਲੋਧੀ ਦੇ ਹਲਾਤਾਂ ‘ਤੇ ਸਖਤ ਨੋਟਿਸ, DC ਨੂੰ ਦਿੱਤੇ ਇਹ ਹੁਕਮ
ਅਧਿਕਾਰੀਆਂ ਦੀ ਲਾਪਰਵਾਹੀ ਦਾ ਖਮਿਆਜ਼ਾ ਪੰਜਾਬ ਸਰਕਾਰ ਨੂੰ ਪੈ ਰਿਹਾ ਭੁਗਤਣਾ
ਡਿਪਟੀ ਕਮਿਸ਼ਨਰ ਨੂੰ ਦਿੱਤੇ ਸਖ਼ਤ ਹੁਕਮ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 29 ਅਕਤੂਬਰ 2025 - ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਪੱਛੜੇ ਪ੍ਰਸ਼ਾਸ਼ਨ ਦੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਚੰਗੀ ਖੁੰਭ ਠੱਪੀ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਬਾਅਦ ਦੁਪਿਹਰ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੂੰ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਨੇੜੇ ਲੈ ਕੇ ਜਿੱਥੇ ਸੜਕ ਵਿੱਚ ਡੂੰਘੇ ਟੋਏ ਪਏ ਹੋਏ ਸਨ ਤੇ ਉਹਨਾਂ ਵਿੱਚ ਪਾਣੀ ਖੜ੍ਹਾ ਹੋਇਆ ਸੀ। ਸੰਤ ਸੀਚੇਵਾਲ ਨੇ ਦੱਸਿਆ ਕਿ ਇੱਥੋਂ 30 ਅਕਤੂਬਰ ਨੂੰ ਨਗਰ ਕੀਰਤਨ ’ਚ ਸ਼ਾਮਿਲ ਸੰਗਤਾਂ ਨੇ ਲੰਘਣਾ ਹੈ।
ਸੰਤ ਸੀਚੇਵਾਲ ਸਮੁੱਚੇ ਪ੍ਰਸ਼ਾਸ਼ਨ ਨੂੰ ਸਵਾਲ ਕੀਤਾ ਕਿ ਇਹ ਪਹਿਲੀ ਵਾਰ ਹੋਇਆ ਕਿ ਜਦੋਂ ਪ੍ਰਕਾਸ਼ ਪੁਰਬ ਵਿੱਚ ਇੱਕ ਹਫਤੇ ਦਾ ਸਮਾਂ ਬਚਿਆ ਹੋਵੇ ਤਾਂ ਇਸ ਬਾਬਤ ਕੋਈ ਵੀ ਉਚ ਮੀਟਿੰਗ ਨਾ ਕੀਤੀ ਗਈ ਹੋਵੇ। ਮੌਕੇ ਤੇ ਹਾਜ਼ਰ ਐਸ.ਡੀ.ਐਮ ਅਲਕਾ ਕਾਲੀਆ, ਨਗਰ ਕੌਸਲ ਦੇ ਕਾਰਜ਼ ਸਾਧਕ ਅਫਸਰ ਬਲਜੀਤ ਤੇ ਪੀ.ਡਬਲਯੂ.ਡੀ ਦੇ ਅਧਿਕਾਰੀ ਹਾਜ਼ਰ ਸਨ। ਸੰਤ ਸੀਚੇਵਾਲ ਵੱਲੋਂ ਖੜ੍ਹੇ ਕੀਤੇ ਇਸ ਸੁਆਲ ਦਾ ਉਹਨਾਂ ਕੋਲ ਕੋਈ ਜੁਆਬ ਨਹੀ ਸੀ।
ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਦਿਖਾਈ ਗਈ ਲਾਪਰਵਾਹੀ ਦੀ ਗੱਲ ਸੰਤ ਸੀਚੇਵਾਲ ਨੇ ਮੁੱਖ ਮੰਤਰੀ ਪੰਜਾਬ ਦੇ ਦਫਤਰ ਤੱਕ ਪਹੁੰਚਾਈ। ਉਹਨਾਂ ਮੌਕੇ ਤੇ ਹੀ ਡਿਪਟੀ ਕਮਿਸ਼ਨਰ ਕਪੂਰਥਲਾ ਦੀ ਗੱਲ ਮੁੱਖ ਮੰਤਰੀ ਦੇ ਓ.ਐਸ.ਡੀ ਰਾਜਬੀਰ ਸਿੰਘ ਨਾਲ ਕਰਵਾਈ। ਮਾਮਲਾ ਉਸ ਵੇਲੇ ਇੰਨ੍ਹਾਂ ਗੰਭੀਰ ਹੋ ਗਿਆ ਜਦੋ ਆਲੇ ਦੁਆਲੇ ਦੇ ਦੁਕਾਨਦਾਰਾਂ ਤੇ ਲੋਕਾਂ ਨੇ ਦੱਸਿਆ ਕਿ ਕਿਵੇ ਉਹ ਦੋ ਸਾਲਾਂ ਤੋਂ ਸ਼ਹਿਰੀ ਦੀਆਂ ਪੁਟੀਆਂ ਹੋਈਆਂ ਸੜਕਾਂ ਤੋਂ ਤੰਗ ਹਨ।
ਲੋਕਾਂ ਨੇ ਦੱਸਿਆ ਕਿ ਗੁਰਦੁਆਰਾ ਸਿਹਰਾ ਸਾਹਿਬ ਕੋਲ ਸੀਵਰੇਜ਼ ਦੇ ਟੁੱਟੇ ਹੋਏ ਢੱਕਣ ਨੂੰ ਵੀ ਸਾਲ ਤੋ ਵੱਧ ਦਾ ਸਮਾਂ ਬੀਤ ਗਿਆ ਹੈ ਜਿੱਥੇ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਬਿਨਾਂ ਦੇਰ ਕੀਤਿਆ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਸਾਰੇ ਅਧਿਕਾਰੀਆਂ ਨੂੰ ਲੈ ਕੇ ਗੁਰਦਆਰਾ ਸਿਹਰਾ ਸਾਹਿਬ ਕੋਲ ਪਹੁੰਚੇ ਜਿੱਥੇ ਸੀਵਰੇਜ਼ ਦਾ ਢੱਕਣ ਟੱੁਟਿਆ ਹੋਇਆ ਸੀ। ਉਹਨਾਂ ਨਗਰ ਕੌਂਸਲ ਦੇ ਕਾਰਜ਼ ਸਾਧਕ ਅਫਸਰ ਬਲਜੀਤ ਸਿੰਘ ਨੂੰ ਪੁੱਛਿਆ ਕਿ ਜੇਕਰ ਕੋਈ ਮੰਦਭਾਗੀ ਘਟਨਾ ਵਾਪਰੀ ਤਾਂ ਇਸਦਾ ਕੌਣ ਜ਼ੁੰਮੇਵਾਰ ਹੋਵੇਗਾ। ਉਥੇ ਖੜ੍ਹੇ ਅਧਿਕਾਰੀਆ ਕੋਲ ਕੋਈ ਜੁਆਬ ਨਹੀ ਸੀ।
ਸੰਤ ਸੀਚੇਵਾਲ ਨੇ ਡਿਪਟੀ ਕਮਿਸ਼ਨਰ ਸਮੇਤ ਸਾਰੇ ਅਫਸਰਾਂ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਦੀ ਹੋ ਰਹੀ ਬਦਨਾਮੀ ਲਈ ਪੂਰੀ ਤਰ੍ਹਾ ਨਾਲ ਜੁੰਮੇਵਾਰ ਹਨ। ਸੰਤ ਸੀਚੇਵਾਲ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਵਰਗੇ ਧਾਰਮਿਕ ਅਸਥਾਨ ਜਿੱਥੇ ਸੰਗਤਾਂ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਆੳੇੁਂਦੀਆਂ ਹਨ ਉੱਥੇ ਇਤਿਹਾਸਕ ਗੁਰਧਾਮਾਂ ਤੋਂ ਸੰਗਤਾਂ ਦੇ ਵਾਹਨ ਮੋਬਾਇਲ ਆਦਿ ਚੋਰੀ ਹੋ ਰਹੇ ਹਨ। ਬਿਜਲੀ ਦਾ ਕੋਈ ਬਲਬ ਨਹੀ ਟਿਕ ਰਿਹਾ ਇੱਥੋ ਤੱਕ ਕਿ ਪਾਣੀ ਵਾਲੀ ਟੁੱਟੀਆ ਵੀ ਸੁਰੱਖਿਅਤ ਨਹੀ ਹਨ। ਇਹਨਾਂ ਅਪਰਾਧਾਂ ਨੂੰ ਰੋਕਣ ਲਈ ਹੀ ਸੀ.ਸੀ.ਟੀ.ਵੀ ਕੈਮਰੇ ਲਾਉਣ ਦਾ 14 ਕਰੋੜ ਦਾ ਪ੍ਰੋਜੈਕਟ ਅਧਿਕਾਰੀਆਂ ਦੀ ਲਾਪਰਵਾਹੀ ਕਾਰਣ ਸਿਰੇ ਨਹੀ ਚੜ੍ਹ ਰਿਹਾ।
ਇਸੇ ਤਰ੍ਹਾਂ ਸ਼ਹਿਰ ਵਿੱਚ ਪਾਰਕਾਂ ਬਣਾਉਣ, ਪਵਿੱਤਰ ਕਾਲੀ ਵੇਂਈ ਦੀ ਸੁੰਦਰਤਾ ਲਈ ਰੱਖੇ 46 ਕਰੋੜ ਦਾ ਪ੍ਰੋਜੈਕਟ ਅਤੇ ਬਾਬੇ ਨਾਨਕ ਦੇ ਪਿੰਡ ਵਰਗਾ ਵਿਰਾਸਤੀ ਉਸਾਰਨ ਵਾਲਾ ਪ੍ਰੋਜੈਕਟ ਵੀ ਪਿਛਲੇ ਪੰਜਾਂ ਸਾਲਾਂ ਤੋਂ ਕਿਸੇ ਤਣ ਪੱਤਣ ਨਹੀ ਲੱਗ ਰਿਹਾ ਹੈ। ਸੰਤ ਸੀਚੇਵਾਲ ਨੇ ਅਫਸਰਾਂ ਨੂੰ ਪੁੱਛਿਆ ਕਿ ਮੌਜੂਦਾ ਸਰਕਾਰ ਤੋਂ ਇਲਾਵਾ ਹੋਰ ਕਿਹੜੀ ਧਿਰ ਉਹਨਾਂ ਨੂੰ ਕੰਮ ਨਾ ਕਰਨ ਤੋਂ ਦਬਾਅ ਪਾ ਰਹੀ ਹੈ। ਇਸ ਦੌਰਾਨ ਮੌਕੇ ਤੇ ਪਹੁੰਚੇ ਹਲਕਾ ਇੰਚਾਰਜ਼ ਸੱਜਣ ਸਿੰਘ ਚੀਮਾ ਨੇ ਵੀ ਅਧਿਕਾਰੀਆਂ ਤੇ ਸਖਤ ਨਰਾਜ਼ਗੀ ਪੇਸ਼ ਕੀਤੀ।
*ਬਾਕਸ ਆਈਟਮ : ਸੰਤ ਸੀਚੇਵਾਲ ਨੇ ਸੇਵਾਦਾਰਾਂ ਨਾਲ ਸੰਭਾਲਿਆ ਮੋਰਚਾ*
30 ਅਕਤੂਬਰ ਨੂੰ ਆਹਲੀ ਕਲਾਂ ਤੋਂ ਆਉਣ ਵਾਲੇ ਨਗਰ ਕੀਰਤਨ ਤੋਂ ਪਹਿਲਾਂ ਸੜਕਾਂ ਨਾ ਤਿਆਰ ਤੋਂ ਨਰਾਜ਼ ਹੋਏ ਸੰਤ ਸੀਚੇਵਾਲ ਨੇ ਇਹਨਾਂ ਸੜਕਾਂ ਨੂੰ ਸੁਧਾਰਣ ਦਾ ਸੇਵਾਦਾਰਾਂ ਨਾਲ ਮਿਲਕੇ ਮੋਰਚਾ ਸੰਭਾਲ ਲਿਆ। ਅੱਜ ਦੌਰੇ ਦੌਰਾਨ ਉਹਨਾਂ ਸੜਕਾਂ ਦੇ ਹਲਾਤ ਦੇਖੇ ਤਾਂ ਪਤਾ ਲੱਗਾ ਕਿ ਇੱਥੇ ਹਲਾਤ ਬਹੁਤ ਹੀ ਜ਼ਿਆਦਾ ਖਸਤਾ ਸੀ। ਉਹਨਾਂ ਸੇਵਾਦਰਾਂ ਨਾਲ ਮਿਲਕੇ ਨਗਰ ਕੀਰਤਨ ਦੌਰਾਨ ਸੰਗਤਾਂ ਦੇ ਗੁਜ਼ਰਨ ਲਈ ਰਸਤੇ ਨੂੰ ਠੀਕ ਕਰਨਾ ਸ਼ੁਰੂ ਕਰ ਦਿੱਤਾ ਹੈ।